Saturday, May 23Punjabi People

ਮਾਨ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਅਹਿਮ ਪਹਲ, ਸਿਹਤ ਤੋਂ ਸੁਰੱਖਿਆ ਤੱਕ ਸੰਪੂਰਨ ਸਹਾਇਤਾ: ਡਾ. ਬਲਜੀਤ ਕੌਰ

ਚੰਡੀਗੜ੍ਹ, 24 ਫਰਵਰੀ 2026: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਬਜ਼ੁਰਗ ਨਾਗਰਿਕਾਂ ਨੂੰ ਸਮਾਜ ਦੀ ਅਮੂਲ ਧਰੋਹਰ ਮੰਨਦਿਆਂ ਉਨ੍ਹਾਂ ਦੀ ਸੁਰੱਖਿਆ, ਸਿਹਤ ਅਤੇ ਸਮਾਜਿਕ ਭਲਾਈ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਪ੍ਰਭਾਵਸ਼ਾਲੀ ਕਦਮ ਚੁੱਕ ਰਹੀ ਹੈ। ਇਸੇ ਤਹਿਤ ਸੂਬਾ ਪੱਧਰੀ ਮੁਹਿੰਮ “ਸਾਡੇ ਬਜ਼ੁਰਗ ਸਾਡਾ ਮਾਣ” ਅਧੀਨ ਲਗਾਏ ਗਏ ਸਿਹਤ ਜਾਂਚ ਕੈਂਪਾਂ ਦੌਰਾਨ 16 ਹਜ਼ਾਰ ਤੋਂ ਵੱਧ ਬਜ਼ੁਰਗਾਂ ਦੀ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ ਨਾਲ ਜੋੜਿਆ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੀਨੀਅਰ ਸਿਟੀਜ਼ਨ ਐਕਸ਼ਨ ਪਲਾਨ ਤਹਿਤ ਵਿੱਤੀ ਸਾਲ 2025–26 ਲਈ ਬਜ਼ੁਰਗਾਂ ਦੇ ਸਿਹਤ ਚੈਕਅੱਪ ਕੈਂਪਾਂ ਅਤੇ ਹੋਰ ਸੰਬੰਧਤ ਗਤੀਵਿਧੀਆਂ ਵਾਸਤੇ 7.86 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ 4543 ਬਜ਼ੁਰਗਾਂ ਦਾ ਆਮ ਸਿਹਤ ਮੁਆਇਨਾ ਕੀਤਾ ਗਿਆ, 2071 ਦਾ ਹੱਡੀਆਂ-ਜੋੜਾਂ ਨਾਲ ਸੰਬੰਧਿਤ ਜਾਂਚ ਹੋਈ ਅਤੇ 3705 ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ 1129 ਬਜ਼ੁਰਗਾਂ ਨੇ ਯੋਗਾ ਸੈਸ਼ਨਾਂ ਵਿੱਚ ਭਾਗ ਲਿਆ, 1489 ਨੇ ਹੋਮਿਓਪੈਥਿਕ ਇਲਾਜ ਲਿਆ ਅਤੇ 2054 ਨੇ ਆਯੁਰਵੇਦਿਕ ਸੇਵਾਵਾਂ, ਸਹਾਇਕ ਉਪਕਰਣ ਅਤੇ ਹੋਰ ਸੁਵਿਧਾਵਾਂ ਦਾ ਲਾਭ ਪ੍ਰਾਪਤ ਕੀਤਾ।

ਉਨ੍ਹਾਂ ਕਿਹਾ ਕਿ ਅਲੀਮਕੋ ਸਕੀਮ ਅਧੀਨ 243 ਬਜ਼ੁਰਗ ਰਜਿਸਟਰ ਹੋਏ, ਜਿਨ੍ਹਾਂ ਵਿੱਚੋਂ 89 ਨੂੰ ਵੀਲਚੇਅਰ, ਐਨਕਾਂ ਅਤੇ ਸੁਣਨ ਯੰਤਰ ਵੰਡੇ ਗਏ। ਇਸ ਦੇ ਨਾਲ 355 ਬਜ਼ੁਰਗਾਂ ਦੇ ਬੁਢਾਪਾ ਪੈਨਸ਼ਨ ਫਾਰਮ ਤਿਆਰ ਕਰਵਾਏ ਗਏ ਅਤੇ 393 ਨੂੰ ਸੀਨੀਅਰ ਸਿਟੀਜ਼ਨ ਕਾਰਡ ਜਾਰੀ ਕੀਤੇ ਗਏ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਸਮੇਤ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਇਹ ਕੈਂਪ ਲਗਾਏ ਜਾ ਚੁੱਕੇ ਹਨ, ਜਦਕਿ ਫਰੀਦਕੋਟ ਅਤੇ ਸੰਗਰੂਰ ਵਿੱਚ ਜਲਦੀ ਹੀ ਇਹ ਕੈਂਪ ਆਯੋਜਿਤ ਕੀਤੇ ਜਾਣਗੇ।

ਰਾਜ ਐਕਸ਼ਨ ਪਲਾਨ ਤਹਿਤ ਬਜਟ ਅਲਾਟਮੈਂਟ ਦੇ ਅਧੀਨ ਜ਼ਿਲ੍ਹਾ ਪੱਧਰ ‘ਤੇ ਇਹ ਸਿਹਤ ਕੈਂਪ ਅਤੇ ਸੰਬੰਧਿਤ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਕੈਂਪਾਂ ਵਿੱਚ ਮੋਤੀਆਬਿੰਦ ਸਰਜਰੀ, ਮੁਫ਼ਤ ਸਹਾਇਕ ਉਪਕਰਣਾਂ ਦੀ ਵੰਡ, ਬੁਢਾਪਾ ਪੈਨਸ਼ਨ ਅਤੇ ਸੀਨੀਅਰ ਸਿਟੀਜ਼ਨ ਕਾਰਡ ਦੀ ਸਹੂਲਤ ਦੇ ਨਾਲ ਯੋਗਾ ਕੈਂਪ, ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਅਤੇ ਹੋਰ ਜਾਣਕਾਰੀਮੂਲਕ ਗਤੀਵਿਧੀਆਂ ਇਕੋ ਥਾਂ ਉਪਲਬਧ ਕਰਵਾਈਆਂ ਗਈਆਂ। ਇਸ ਦੌਰਾਨ 2187 ਬਜ਼ੁਰਗਾਂ ਨੂੰ “ਮੈਂਟੀਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ-2007” ਬਾਰੇ ਵੀ ਜਾਣਕਾਰੀ ਦਿੱਤੀ ਗਈ।

ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਸਰਗਰਮ ਅਤੇ ਜੁੜਿਆ ਰੱਖਣ ਲਈ ਪ੍ਰੋਡਕਟਿਵ ਅਤੇ ਅੰਤਰ-ਪੀੜ੍ਹੀ ਗਤੀਵਿਧੀਆਂ ਵੀ ਕਰਵਾਈਆਂ ਗਈਆਂ। 379 ਬਜ਼ੁਰਗਾਂ ਨੇ ਐਕਟਿਵ ਏਜਿੰਗ ਕੈਂਪਾਂ ਵਿੱਚ ਹਿੱਸਾ ਲਿਆ, ਜਦਕਿ 140 ਨੇ ਗਿੱਧਾ, ਭੰਗੜਾ, ਕਵਿਤਾ ਪਾਠ ਅਤੇ ਨਾਟਕ ਵਰਗੀਆਂ ਸਾਂਝੀਆਂ ਗਤੀਵਿਧੀਆਂ ਵਿੱਚ ਭਾਗ ਲਿਆ। ਇਸ ਦੇ ਨਾਲ 1841 ਬਜ਼ੁਰਗਾਂ ਨੇ ਯੋਗਾ ਕੈਂਪਾਂ ਰਾਹੀਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵੱਲ ਕਦਮ ਵਧਾਇਆ।

ਡਾ. ਬਲਜੀਤ ਕੌਰ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਅਨਮੋਲ ਖਜ਼ਾਨਾ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ਮਾਨ ਸਰਕਾਰ ਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਆਹਵਾਨ ਕੀਤਾ ਕਿ ਪਰਿਵਾਰ ਅਤੇ ਸਮਾਜ ਇਕੱਠੇ ਹੋ ਕੇ ਬਜ਼ੁਰਗਾਂ ਨੂੰ ਇਨ੍ਹਾਂ ਸਿਹਤ ਕੈਂਪਾਂ ਤੱਕ ਲਿਆਉਣ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਦਿਵਾਉਣ ਵਿੱਚ ਆਪਣਾ ਯੋਗਦਾਨ ਪਾਉਣ।

Leave a Reply

Your email address will not be published. Required fields are marked *