Wednesday, July 29Punjabi People

ਦਿੱਲੀ ‘ਚ ਕਾਂਗਰਸ ਹਾਈਕਮਾਨ ਨਾਲ ਚੰਨੀ ਧੜੇ ਦੀ ਅਹਿਮ ਬੈਠਕ, ਪੰਜਾਬ ਕਾਂਗਰਸ ਦੇ ਹਾਲਾਤਾਂ ‘ਤੇ ਹੋਈ ਲੰਬੀ ਚਰਚਾ

ਨਵੀਂ ਦਿੱਲੀ, 16 ਜੁਲਾਈ 2026: ਪੰਜਾਬ ਕਾਂਗਰਸ ਨਾਲ ਜੁੜੇ ਸਿਆਸੀ ਘਟਨਾਕ੍ਰਮ ਦਰਮਿਆਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਧੜੇ ਅਤੇ ਕਾਂਗਰਸ ਹਾਈਕਮਾਨ ਵਿਚਾਲੇ ਨਵੀਂ ਦਿੱਲੀ ਵਿੱਚ ਇੱਕ ਅਹਿਮ ਬੈਠਕ ਹੋਈ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨਾਲ ਹੋਈ ਇਹ ਮੀਟਿੰਗ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ, ਜਿਸ ਦੌਰਾਨ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ, ਸੰਗਠਨ ਨਾਲ ਜੁੜੇ ਮੁੱਦਿਆਂ ਅਤੇ ਪਾਰਟੀ ਅੰਦਰ ਨਾਰਾਜ਼ਗੀ ਦੀਆਂ ਰਿਪੋਰਟਾਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਬੈਠਕ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ, ਸੁਖਜਿੰਦਰ ਸਿੰਘ ਰੰਧਾਵਾ ਅਤੇ ਪਰਗਟ ਸਿੰਘ ਵੀ ਮੌਜੂਦ ਰਹੇ। ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ, ਆਗੂਆਂ ਵਿਚਾਲੇ ਤਾਲਮੇਲ ਵਧਾਉਣ ਅਤੇ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸੰਗਠਨਕ ਮਸਲਿਆਂ ‘ਤੇ ਵਿਚਾਰ ਕੀਤਾ ਗਿਆ।

ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੇ ਟਕਰਾਅ ਜਾਂ ਵੱਡੇ ਮਤਭੇਦਾਂ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ “ਕਾਂਗਰਸ ਵਿੱਚ ਸਭ ਕੁਝ ਠੀਕ ਹੈ ਅਤੇ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ।”

ਚੰਨੀ ਨੇ ਕਿਹਾ ਕਿ ਰਾਹੁਲ ਗਾਂਧੀ ਹੀ ਕਾਂਗਰਸ ਦੇ ਸਰਵੋੱਚ ਆਗੂ ਹਨ ਅਤੇ ਪਾਰਟੀ ਹਾਈਕਮਾਨ ਜੋ ਵੀ ਫ਼ੈਸਲਾ ਲਵੇਗਾ, ਉਹ ਸਭ ਨੂੰ ਮਨਜ਼ੂਰ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਹਮੇਸ਼ਾ ਪਾਰਟੀ ਦੇ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਦੇ ਆਏ ਹਨ ਅਤੇ ਕਦੇ ਵੀ ਕਾਂਗਰਸ ਦੇ ਹਿੱਤਾਂ ਦੇ ਖ਼ਿਲਾਫ਼ ਕੋਈ ਕਦਮ ਨਹੀਂ ਚੁੱਕਿਆ।

ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਨੂੰ ਹੋਰ ਮਜ਼ਬੂਤ ਬਣਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਸਾਰੇ ਆਗੂ ਪਾਰਟੀ ਦੀ ਏਕਤਾ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਨ। ਚੰਨੀ ਨੇ ਦੁਹਰਾਇਆ ਕਿ ਕਾਂਗਰਸ ਹਾਈਕਮਾਨ ਦੇ ਹਰ ਫ਼ੈਸਲੇ ਦਾ ਸਨਮਾਨ ਕੀਤਾ ਜਾਵੇਗਾ ਅਤੇ ਪਾਰਟੀ ਦੀ ਲੀਡਰਸ਼ਿਪ ਹੇਠ ਹੀ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ।

Leave a Reply

Your email address will not be published. Required fields are marked *