
New Delhi, 6 ਅਪ੍ਰੈਲ 2026: ਦਿੱਲੀ ਵਿਧਾਨ ਸਭਾ ਵਿੱਚ ਹੋਈ ਸੁਰੱਖਿਆ ਉਲੰਘਣਾ ਦੇ ਮਾਮਲੇ ਵਿੱਚ ਪੁਲਿਸ ਨੇ ਕੁਝ ਹੀ ਘੰਟਿਆਂ ਅੰਦਰ ਡਰਾਈਵਰ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਵਿੱਚ ਵਰਤੀ ਗਈ ਟਾਟਾ ਸੀਅਰਾ ਕਾਰ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗੱਡੀ ਸਰਬਜੀਤ ਸਿੰਘ ਚਲਾ ਰਿਹਾ ਸੀ ਅਤੇ ਇਹ ਵਾਹਨ ਰੂਪ ਨਗਰ ਇਲਾਕੇ ਤੋਂ ਬਰਾਮਦ ਕੀਤਾ ਗਿਆ। ਹੋਰ ਦੋ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਜਾਰੀ ਹੈ।
ਮਿਲੀ ਜਾਣਕਾਰੀ ਅਨੁਸਾਰ, ਸੋਮਵਾਰ ਨੂੰ ਯੂਪੀ ਨੰਬਰ ਵਾਲੀ ਇੱਕ ਕਾਰ ਸੁਰੱਖਿਆ ਬੈਰੀਅਰ ਤੋੜ ਕੇ ਗੇਟ ਨੰਬਰ 2 ਰਾਹੀਂ ਵਿਧਾਨ ਸਭਾ ਕੰਪਲੈਕਸ ਵਿੱਚ ਦਾਖਲ ਹੋ ਗਈ ਸੀ। ਉਸ ਸਮੇਂ ਵੀਆਈਪੀ ਗੇਟ ’ਤੇ ਸੀਆਰਪੀਐਫ ਦੇ ਜਵਾਨ ਤਾਇਨਾਤ ਸਨ।
ਘਟਨਾ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ ਤੁਰੰਤ ਕਾਰਵਾਈ ਵਿੱਚ ਆ ਗਈ ਅਤੇ ਫੋਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਜਾਂਚ ਵਿੱਚ ਇਹ ਪੁਸ਼ਟੀ ਹੋਈ ਕਿ ਕਾਰ ਨੇ ਨਾ ਸਿਰਫ਼ ਸੁਰੱਖਿਆ ਬੈਰੀਅਰ ਤੋੜਿਆ, ਸਗੋਂ ਲੋਹੇ ਦਾ ਗੇਟ ਵੀ ਨੁਕਸਾਨ ਕੀਤਾ।
ਰਿਪੋਰਟਾਂ ਮੁਤਾਬਕ, ਡਰਾਈਵਰ ਗੱਡੀ ਲੈ ਕੇ ਵਿਧਾਨ ਸਭਾ ਦੇ ਸਪੀਕਰ Vijender Gupta ਦੇ ਦਫ਼ਤਰ ਵੱਲ ਵਧਿਆ ਅਤੇ ਵਰਾਂਡੇ ਨੇੜੇ ਫੁੱਲਾਂ ਦਾ ਗੁਲਦਸਤਾ ਰੱਖਿਆ।
ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਅਤੇ ਅਧਿਕਾਰੀ ਇਸਨੂੰ ਇੱਕ ਵੱਡੀ ਸੁਰੱਖਿਆ ਉਲੰਘਣਾ ਵਜੋਂ ਦੇਖ ਰਹੇ ਹਨ।
