
ਚੰਡੀਗੜ੍ਹ, 1 ਸਤੰਬਰ 2026: ਮਹਿੰਦਰਾ ਚੌਧਰੀ ਜ਼ੂਆਲੋਜੀਕਲ ਪਾਰਕ, ਜਿਸ ਨੂੰ ਆਮ ਤੌਰ ’ਤੇ ਛੱਤਬੀੜ ਚਿੜੀਆਘਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਵਿੱਚ ਬੱਚਿਆਂ ਦਾ ਜੰਗਲੀ ਜੀਵਾਂ ਅਤੇ ਕੁਦਰਤ ਬਾਰੇ ਜਾਣਨ ਪ੍ਰਤੀ ਰੁਝਾਨ ਲਗਾਤਾਰ ਵਧ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜੰਗਲੀ ਜੀਵਾਂ ਦੀ ਸੰਭਾਲ ਅਤੇ ਲੋਕਾਂ, ਖਾਸ ਕਰਕੇ ਨੌਜਵਾਨ ਪੀੜ੍ਹੀ ਵਿੱਚ ਵਾਤਾਵਰਣ ਤੇ ਜੈਵ ਵਿਭਿੰਨਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਇਸ ਦਾ ਸਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ।
ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਜੰਗਲੀ ਜੀਵਾਂ ਦੀ ਸੰਭਾਲ ਸਬੰਧੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪੱਧਰਾਂ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਛੱਤਬੀੜ ਚਿੜੀਆਘਰ ਬੱਚਿਆਂ ਲਈ ਜੰਗਲੀ ਜੀਵਾਂ ਦੀਆਂ ਵੱਖ-ਵੱਖ ਪ੍ਰਜਾਤੀਆਂ, ਉਨ੍ਹਾਂ ਦੇ ਕੁਦਰਤੀ ਵਾਤਾਵਰਣ ਅਤੇ ਕੁਦਰਤ ਦੀ ਸੰਭਾਲ ਬਾਰੇ ਜਾਣਕਾਰੀ ਹਾਸਲ ਕਰਨ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਰਿਹਾ ਹੈ।
ਚਿੜੀਆਘਰ ਵਿੱਚ ਪਹੁੰਚਣ ਵਾਲੇ ਬੱਚਿਆਂ ਨੂੰ ਵੱਖ-ਵੱਖ ਜਾਨਵਰਾਂ ਅਤੇ ਪੰਛੀਆਂ ਨੂੰ ਨੇੜਿਓਂ ਦੇਖਣ ਦੇ ਨਾਲ-ਨਾਲ ਉਨ੍ਹਾਂ ਦੀ ਜੀਵਨ-ਸ਼ੈਲੀ, ਰਹਿਣ-ਸਹਿਣ ਅਤੇ ਕੁਦਰਤੀ ਵਾਤਾਵਰਣ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ। ਇਸ ਤਰ੍ਹਾਂ ਚਿੜੀਆਘਰ ਸਿਰਫ਼ ਮਨੋਰੰਜਨ ਦਾ ਸਥਾਨ ਹੀ ਨਹੀਂ, ਸਗੋਂ ਬੱਚਿਆਂ ਵਿੱਚ ਜੰਗਲੀ ਜੀਵਾਂ ਪ੍ਰਤੀ ਪਿਆਰ ਅਤੇ ਸੰਭਾਲ ਦੀ ਭਾਵਨਾ ਪੈਦਾ ਕਰਨ ਵਾਲੇ ਇੱਕ ਸਿੱਖਿਆਤਮਕ ਕੇਂਦਰ ਵਜੋਂ ਵੀ ਆਪਣੀ ਭੂਮਿਕਾ ਨਿਭਾ ਰਿਹਾ ਹੈ।
ਜਨਵਰੀ 2026 ਤੋਂ 20 ਅਗਸਤ 2026 ਤੱਕ ਦੇ ਅੰਕੜਿਆਂ ਅਨੁਸਾਰ, ਕੁੱਲ 85,225 ਬੱਚਿਆਂ ਨੇ ਛੱਤਬੀੜ ਚਿੜੀਆਘਰ ਦਾ ਦੌਰਾ ਕੀਤਾ। ਇਨ੍ਹਾਂ ਬੱਚਿਆਂ ਨੇ ਚਿੜੀਆਘਰ ਵਿੱਚ ਮੌਜੂਦ ਵੱਖ-ਵੱਖ ਜੰਗਲੀ ਜੀਵਾਂ ਅਤੇ ਉਨ੍ਹਾਂ ਦੀਆਂ ਪ੍ਰਜਾਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਹ ਗਿਣਤੀ ਦਰਸਾਉਂਦੀ ਹੈ ਕਿ ਬੱਚਿਆਂ ਵਿੱਚ ਜੰਗਲੀ ਜੀਵਾਂ ਅਤੇ ਵਾਤਾਵਰਣ ਸਬੰਧੀ ਸਿੱਖਣ ਲਈ ਦਿਲਚਸਪੀ ਤੇਜ਼ੀ ਨਾਲ ਵਧ ਰਹੀ ਹੈ।
ਇਸ ਦੌਰਾਨ ਜੂਨ ਮਹੀਨੇ ਵਿੱਚ ਸਭ ਤੋਂ ਵੱਧ 19,346 ਬੱਚਿਆਂ ਨੇ ਛੱਤਬੀੜ ਚਿੜੀਆਘਰ ਦਾ ਦੌਰਾ ਕੀਤਾ। ਵੱਡੀ ਗਿਣਤੀ ਵਿੱਚ ਬੱਚਿਆਂ ਦੀ ਆਮਦ ਨੂੰ ਜੰਗਲੀ ਜੀਵਾਂ ਬਾਰੇ ਸਿੱਖਣ ਅਤੇ ਕੁਦਰਤ ਨਾਲ ਜੁੜਨ ਵੱਲ ਵਧ ਰਹੇ ਰੁਝਾਨ ਵਜੋਂ ਦੇਖਿਆ ਜਾ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਅਜਿਹੇ ਉਪਰਾਲਿਆਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਜੰਗਲੀ ਜੀਵਾਂ ਦੀ ਮਹੱਤਤਾ, ਜੈਵ ਵਿਭਿੰਨਤਾ ਦੀ ਰੱਖਿਆ ਅਤੇ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਛੱਤਬੀੜ ਚਿੜੀਆਘਰ ਵਿੱਚ ਬੱਚਿਆਂ ਦੀ ਵਧ ਰਹੀ ਗਿਣਤੀ ਇਸ ਗੱਲ ਦਾ ਸੰਕੇਤ ਹੈ ਕਿ ਜੰਗਲੀ ਜੀਵਾਂ ਬਾਰੇ ਸਿੱਖਣ ਦੀ ਦਿਲਚਸਪੀ ਨਵੀਂ ਪੀੜ੍ਹੀ ਵਿੱਚ ਮਜ਼ਬੂਤ ਹੋ ਰਹੀ ਹੈ।
