
ਚੰਡੀਗੜ੍ਹ, 10 ਮਾਰਚ 2026: ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਚੋਣ ਪ੍ਰਕਿਰਿਆ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਮਹਿਲਾ ਬੂਥ ਲੈਵਲ ਅਫਸਰਾਂ (ਬੀਐਲਓਜ਼) ਦੇ ਸਮਰਪਣ ਨੂੰ ਮਾਨਤਾ ਦੇਣ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਗਏ।
ਜ਼ਿਲ੍ਹਾ ਪੱਧਰ ‘ਤੇ ਹਰ ਵਿਧਾਨ ਸਭਾ ਹਲਕੇ ਵਿੱਚੋਂ ਉੱਤਮ ਪ੍ਰਦਰਸ਼ਨ ਕਰਨ ਵਾਲੀਆਂ ਤਿੰਨ ਮਹਿਲਾ ਬੀਐਲਓਜ਼ ਨੂੰ ਸਬੰਧਤ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਸ਼ਾਨਦਾਰ ਸੇਵਾ ਅਤੇ ਵੋਟਰ ਸੂਚੀ ਦੀ ਸੋਧ ਵਿੱਚ ਦਿੱਤੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਮਹਿਲਾ ਬੀਐਲਓਜ਼ ਦੇ ਉਹ ਲਗਾਤਾਰ ਯਤਨ ਵੀ ਰੌਸ਼ਨੀ ਵਿੱਚ ਲਿਆਂਦੇ ਗਏ ਜੋ ਉਹ ਨਾਗਰਿਕਾਂ ਨਾਲ ਸਿੱਧੀ ਭਾਗੀਦਾਰੀ ਰਾਹੀਂ ਕਰਦੀਆਂ ਹਨ ਅਤੇ ਚੋਣ ਕਮਿਸ਼ਨ ਤੇ ਵੋਟਰਾਂ ਵਿਚਕਾਰ ਇੱਕ ਅਹਿਮ ਕੜੀ ਵਜੋਂ ਕੰਮ ਕਰਦੀਆਂ ਹਨ।
ਦੇਸ਼ ਦੀ ਚੋਣ ਪ੍ਰਣਾਲੀ ਵਿੱਚ ਮਹਿਲਾਵਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕਰਦਿਆਂ ਪੰਜਾਬ ਦੀ ਮੁੱਖ ਚੋਣ ਅਧਿਕਾਰੀ (ਸੀਈਓ) ਅਨਿੰਦਿਤਾ ਮਿਤਰਾ ਨੇ ਕਿਹਾ, “ਮਹਿਲਾ ਬੂਥ ਲੈਵਲ ਅਫਸਰ ਸਾਡੀ ਚੋਣ ਮਸ਼ੀਨਰੀ ਦੀ ਮਜ਼ਬੂਤ ਅਤੇ ਭਰੋਸੇਯੋਗ ਤਾਕਤ ਹਨ। ਉਨ੍ਹਾਂ ਦੀ ਇਮਾਨਦਾਰੀ, ਸਮਰਪਣ ਅਤੇ ਭਾਈਚਾਰਿਆਂ ਨਾਲ ਮਜ਼ਬੂਤ ਸਬੰਧ ਲੋਕਤੰਤਰ ਦੀ ਨੀਂਹ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ।
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਇਨ੍ਹਾਂ ਮਹਿਲਾਵਾਂ ਦੇ ਕੀਮਤੀ ਯੋਗਦਾਨ ਨੂੰ ਮਾਨਤਾ ਦੇਣਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਆਜ਼ਾਦ, ਨਿਰਪੱਖ ਅਤੇ ਸੁਚਾਰੂ ਚੋਣਾਂ ਯਕੀਨੀ ਬਣਾਉਣ ਲਈ ਨਿਰੰਤਰ ਮਿਹਨਤ ਕਰਦੀਆਂ ਹਨ।”ਉਨ੍ਹਾਂ ਹੋਰ ਕਿਹਾ ਕਿ ਮਹਿਲਾ ਬੀਐਲਓਜ਼ ਪੇਸ਼ੇਵਰਤਾ, ਸੰਵੇਦਨਸ਼ੀਲਤਾ ਅਤੇ ਵਚਨਬੱਧਤਾ ਨਾਲ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਸੰਪਰਕ ਬਣਾਉਂਦੀਆਂ ਹਨ, ਜਿਸ ਨਾਲ ਚੋਣ ਪ੍ਰਣਾਲੀ ‘ਤੇ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ।
ਪੰਜਾਬ ਦੀ ਸੀਈਓ ਨੇ ਵੋਟਰ ਸੇਵਾਵਾਂ ਨੂੰ ਹੋਰ ਸੁਧਾਰਨ ਅਤੇ ਉਨ੍ਹਾਂ ਦੀ ਪਹੁੰਚ ਵਧਾਉਣ ਲਈ ਸ਼ੁਰੂ ਕੀਤੀਆਂ ਕਈ ਤਕਨਾਲੋਜੀ-ਅਧਾਰਿਤ ਪਹਿਲਕਦਮੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ “ਬੁੱਕ ਏ ਕਾਲ” ਸਹੂਲਤ ਰਾਹੀਂ ਨਾਗਰਿਕ ਚੋਣ ਸੇਵਾਵਾਂ ਸਬੰਧੀ ਸਿੱਧੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਵੱਖ-ਵੱਖ ਚੋਣੀ ਮੋਬਾਈਲ ਐਪਲੀਕੇਸ਼ਨਾਂ ਨੂੰ ਇੱਕ ਹੀ ਇੰਟਰਫੇਸ ਨਾਲ ਜੋੜਨ ਵਾਲੇ ਯੂਨੀਫਾਈਡ ਡਿਜੀਟਲ ਪਲੇਟਫਾਰਮ ਈਸੀਆਈਨੈੱਟ ਨਾਲ ਚੋਣ ਸੇਵਾਵਾਂ ਹੋਰ ਵੱਧ ਪਹੁੰਚਯੋਗ ਅਤੇ ਉਪਭੋਗਤਾ-ਮਿਤਰ ਬਣ ਗਈਆਂ ਹਨ।
ਇਸ ਸਨਮਾਨ ਸਮਾਰੋਹ ਦੌਰਾਨ ਸੂਬੇ ਭਰ ਦੀਆਂ ਮਹਿਲਾ ਬੀਐਲਓਜ਼ ਦੇ ਸਮਰਪਣ ਅਤੇ ਪੇਸ਼ੇਵਰਤਾ ਨੂੰ ਨਮਨ ਕਰਦਿਆਂ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਅਤੇ ਇੱਕ ਪ੍ਰਭਾਵਸ਼ਾਲੀ ਤੇ ਜਵਾਬਦੇਹ ਚੋਣ ਪ੍ਰਣਾਲੀ ਨੂੰ ਯਕੀਨੀ ਬਣਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੱਤੀ ਗਈ।
