Saturday, May 23Punjabi People

ਗੈਂਗਸਟਰਾਂ ਵਿਰੁੱਧ ਸਖ਼ਤ ਐਕਸ਼ਨ: ਹਰਜੋਤ ਬੈਂਸ ਵੱਲੋਂ ‘ਆਪ੍ਰੇਸ਼ਨ ਪ੍ਰਹਾਰ’ ਦੀ ਤਾਰੀਫ਼

ਚੰਡੀਗੜ੍ਹ, 20 ਜਨਵਰੀ 2026: ਸੂਬੇ ਵਿੱਚੋਂ ਗੈਂਗਸਟਰਵਾਦ ਅਤੇ ਅਪਰਾਧਿਕ ਤੱਤਾਂ ਦਾ ਪੂਰੀ ਤਰ੍ਹਾਂ ਖਾਤਮਾ ਕਰਨ ਲਈ ਸਖ਼ਤ ਅਤੇ ਅਟੱਲ ਰਵੱਈਆ ਅਪਣਾਉਂਦਿਆਂ, ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ‘ਆਪ੍ਰੇਸ਼ਨ ਪ੍ਰਹਾਰ’ ਤਹਿਤ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੁਣ ਤੱਕ ਦੀ ਸਭ ਤੋਂ ਵੱਡੀ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ। ਇਹ ਆਪ੍ਰੇਸ਼ਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਅੱਤਵਾਦ, ਗੈਂਗਸਟਰਵਾਦ ਅਤੇ ਸੰਗਠਿਤ ਅਪਰਾਧ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਨੂੰ ਸਪਸ਼ਟ ਤੌਰ ‘ਤੇ ਦਰਸਾਉਂਦਾ ਹੈ।

ਸ. ਬੈਂਸ ਨੇ ਕਿਹਾ, “ਮੁੱਖ ਮੰਤਰੀ ਮਾਨ ਦੀ ਨੇਤ੍ਰਿਤਵ ਹੇਠ ਪੰਜਾਬ ਦੀ ਸੁਰੱਖਿਆ ਅਤੇ ਇਜ਼ਤ ਦੀ ਰੱਖਿਆ ਲਈ ਨਿਰਣਾਇਕ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ”| ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਖ਼ਿਲਾਫ਼ ਇਸ ਵੱਡੇ ਐਕਸ਼ਨ ਲਈ ਪੰਜਾਬ ਪੁਲਿਸ ਦੀਆਂ 2,000 ਟੀਮਾਂ, ਜਿਨ੍ਹਾਂ ਵਿੱਚ 12,000 ਤੋਂ ਵੱਧ ਪੁਲਿਸ ਕਰਮਚਾਰੀ ਸ਼ਾਮਲ ਹਨ, ਮੈਦਾਨ ਵਿੱਚ ਉਤਾਰੀ ਗਈਆਂ ਹਨ। ਸਾਰੀ ਫੋਰਸ ਪੂਰੀ ਤਾਕਤ ਨਾਲ ਗੈਂਗਸਟਰਵਾਦ ਦੇ ਖਾਤਮੇ ਲਈ ਜੁਟੀ ਹੋਈ ਹੈ।

ਪੰਜਾਬ ਪੁਲਿਸ ਦੇ ਹੌਸਲੇ ਅਤੇ ਸਮਰਪਣ ਦੀ ਸਲਾਹਨਾ ਕਰਦਿਆਂ, ਸਿੱਖਿਆ ਮੰਤਰੀ ਨੇ ਕਿਹਾ ਕਿ ਬੀਤੀ ਦੇਰ ਰਾਤ ਸ਼ੁਰੂ ਹੋਇਆ ਇਹ ਆਪ੍ਰੇਸ਼ਨ 72 ਘੰਟੇ ਤੱਕ ਲਗਾਤਾਰ ਚੱਲੇਗਾ, ਜਿਸ ਦੌਰਾਨ ਪੂਰੇ ਤਾਲਮੇਲ ਨਾਲ ਅਪਰਾਧਿਕ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖੁਦ ਇਸ ਪੂਰੇ ਆਪ੍ਰੇਸ਼ਨ ਦੀ ਨਿਗਰਾਨੀ ਕਰ ਰਹੇ ਹਨ। ਇਹ ਕੋਈ ਆਮ ਪੁਲਿਸੀ ਕਾਰਵਾਈ ਨਹੀਂ, ਸਗੋਂ ਅਮਨ-ਕਾਨੂੰਨ ਦੇ ਦੁਸ਼ਮਣਾਂ ਵਿਰੁੱਧ ਖੁੱਲ੍ਹਾ ਐਲਾਨੀ ਜੰਗ ਹੈ।

ਸ. ਬੈਂਸ ਨੇ ਅੰਮ੍ਰਿਤਸਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਹੋਏ ਪੁਲਿਸ ਮੁਕਾਬਲਿਆਂ ਸੰਬੰਧੀ ਸ਼ੁਰੂਆਤੀ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਆਪ੍ਰੇਸ਼ਨ ਸਰਕਾਰ ਦੇ ਦ੍ਰਿੜ ਇਰਾਦੇ ਅਤੇ ਤੁਰੰਤ ਐਕਸ਼ਨ ਦਾ ਜੀਤਾ-ਜਾਗਦਾ ਸਬੂਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਮੁਹਿੰਮ ਨਾਲ ਪੰਜਾਬ ਅਤੇ ਦੇਸ਼ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਜਾਵੇਗਾ।

ਉਨ੍ਹਾਂ ਕਿਹਾ, “ਅਸੀਂ ਆਪਣੀ ਪੰਜਾਬ ਪੁਲਿਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਮੈਂ ਸੂਬੇ ਦੇ ਹਰ ਨਾਗਰਿਕ ਅਤੇ ਸਮਾਜ ਦੇ ਹਰ ਵਰਗ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਮਹੱਤਵਪੂਰਨ ਮਿਸ਼ਨ ‘ਆਪ੍ਰੇਸ਼ਨ ਪ੍ਰਹਾਰ’ ਵਿੱਚ ਪੰਜਾਬ ਪੁਲਿਸ ਦਾ ਸਾਥ ਦੇਣ। ਇਕਜੁੱਟਤਾ ਨਾਲ ਹੀ ਅਸੀਂ ਪੰਜਾਬ ਨੂੰ ਗੈਂਗਸਟਰ-ਮੁਕਤ ਬਣਾ ਸਕਦੇ ਹਾਂ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਭਵਿੱਖ ਯਕੀਨੀ ਬਣਾ ਸਕਦੇ ਹਾਂ। ਪੰਜਾਬ ਸਰਕਾਰ ਤਦ ਤੱਕ ਚੈਨ ਨਾਲ ਨਹੀਂ ਬੈਠੇਗੀ ਜਦ ਤੱਕ ਸੂਬੇ ਵਿੱਚੋਂ ਸਮਾਜ ਵਿਰੋਧੀ ਤੱਤਾਂ ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਹੋ ਜਾਂਦਾ।”

Leave a Reply

Your email address will not be published. Required fields are marked *