
ਐਸ.ਏ.ਐਸ. ਨਗਰ/ਚੰਡੀਗੜ੍ਹ, 13 ਮਾਰਚ 2026: ਦੁਨੀਆ ਭਰ ਦੇ ਪ੍ਰਮੁੱਖ ਉਦਯੋਗਪਤੀਆਂ ਨੇ ਅੱਜ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ–2026 ਦੌਰਾਨ ਪੰਜਾਬ ਨੂੰ ਨਿਵੇਸ਼ ਲਈ ਆਕਰਸ਼ਕ ਕੇਂਦਰ ਬਣਾਉਣ ਦੇ ਯਤਨਾਂ ਲਈ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਭਰਪੂਰ ਸ਼ਲਾਘਾ ਕੀਤੀ। ਉਦਯੋਗਿਕ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਉਦਯੋਗ-ਪੱਖੀ ਨੀਤੀਆਂ ਦੀ ਪ੍ਰਸੰਸਾ ਕਰਦੇ ਹੋਏ ਰਾਜ ਵਿੱਚ ਨਵੇਂ ਨਿਵੇਸ਼ ਅਤੇ ਵਿਸਥਾਰ ਯੋਜਨਾਵਾਂ ਦਾ ਐਲਾਨ ਵੀ ਕੀਤਾ।
ਦੁਨੀਆ ਦੀ ਮੋਹਰੀ ਸਟੀਲ ਕੰਪਨੀ ਆਰਸੇਲਰ ਮਿੱਤਲ ਦੇ ਕਾਰਜਕਾਰੀ ਚੇਅਰਮੈਨ ਲਕਸ਼ਮੀ ਐਨ. ਮਿੱਤਲ ਨੇ ਕਿਹਾ ਕਿ ਪੰਜਾਬ ਵਿੱਚ ਆਉਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿਉਂਕਿ ਇਹ ਧਰਤੀ ਮਿਹਨਤ, ਹਿੰਮਤ ਅਤੇ ਦਰਿਆਦਿਲੀ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿਰਫ ਇੱਕ ਸੂਬਾ ਨਹੀਂ, ਸਗੋਂ ਊਰਜਾ, ਹੌਸਲੇ ਅਤੇ ਅੱਗੇ ਵਧਣ ਦੇ ਜਜ਼ਬੇ ਦੀ ਪਛਾਣ ਹੈ। ਪੰਜਾਬੀ ਆਪਣੀ ਮਿਹਨਤ ਅਤੇ ਲਗਨ ਨਾਲ ਦੁਨੀਆ ਦੇ ਹਰ ਕੋਨੇ ਵਿੱਚ ਵਿਲੱਖਣ ਪਛਾਣ ਬਣਾਉਂਦੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬੀਆਂ ਨੇ ਖੇਤੀਬਾੜੀ ਤੋਂ ਲੈ ਕੇ ਵਪਾਰ ਤੱਕ ਹਰ ਖੇਤਰ ਵਿੱਚ ਆਪਣੀ ਦ੍ਰਿੜਤਾ ਨਾਲ ਆਪਣਾ ਨਾਂ ਬਣਾਇਆ ਹੈ। ਬਠਿੰਡਾ ਰਿਫਾਇਨਰੀ ਨਵੀਂ ਤਕਨਾਲੋਜੀ ਨਾਲ ਲੈਸ ਹੋਣ ਕਰਕੇ ਪੰਜਾਬ ਵਿੱਚ ਉਦਯੋਗ ਲਈ ਮਜ਼ਬੂਤ ਆਧਾਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਪੰਜਾਬ ਵਿੱਚ 60,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ ਜੋ ਸੂਬੇ ਦਾ ਸਭ ਤੋਂ ਵੱਡਾ ਨਿਵੇਸ਼ ਹੈ। ਘਰੇਲੂ ਗੈਸ ਦੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਰਿਫਾਇਨਰੀ ਵਿੱਚ ਉਤਪਾਦਨ 1000 ਟਨ ਤੋਂ ਵਧਾ ਕੇ 3000 ਟਨ ਪ੍ਰਤੀ ਦਿਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ 26,000 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ਵ ਪੱਧਰੀ ਪੈਟਰੋਕੈਮੀਕਲ ਕੰਪਲੈਕਸ ਵੀ ਸਥਾਪਿਤ ਕੀਤਾ ਗਿਆ ਹੈ ਜੋ ਲਘੂ, ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਦਿਆਂ ਸੂਬੇ ਦੇ ਸਮਾਜਿਕ ਤੇ ਆਰਥਿਕ ਵਿਕਾਸ ਨੂੰ ਤੀਜ਼ੀ ਦੇ ਰਿਹਾ ਹੈ।
ਲਕਸ਼ਮੀ ਐਨ. ਮਿੱਤਲ ਨੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਦਿਆਂ ਕਿਹਾ ਕਿ ਕੰਪਨੀ ਨਵਿਆਉਣਯੋਗ ਅਤੇ ਟਿਕਾਊ ਊਰਜਾ ਖੇਤਰ ਵਿੱਚ ਆਪਣੀ ਭਾਗੀਦਾਰੀ ਹੋਰ ਵਧਾਏਗੀ। ਉਨ੍ਹਾਂ ਦੱਸਿਆ ਕਿ ਆਧੁਨਿਕ ਤਕਨਾਲੋਜੀ ਅਤੇ ਕ੍ਰਿਤ੍ਰਿਮ ਬੁੱਧੀਮਾਨਤਾ ਦੀ ਮਦਦ ਨਾਲ ਦੇਸ਼ ਭਰ ਵਿੱਚ 500 ਫਿਊਲ ਸਟੇਸ਼ਨ ਸਥਾਪਤ ਕਰਨ ਦੀ ਯੋਜਨਾ ਹੈ ਅਤੇ ਪੰਜਾਬ ਵਿੱਚ ਪਹਿਲਾ ਪੈਟਰੋਲ ਪੰਪ ਜਲਦੀ ਹੀ ਬਠਿੰਡਾ ਵਿੱਚ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਦਯੋਗਿਕ ਵਿਕਾਸ ਲਈ ਦਿਖਾਈ ਗਈ ਨਿੱਜੀ ਦਿਲਚਸਪੀ ਅਤੇ ਸਰਕਾਰ ਦੇ ਸਹਿਯੋਗ ਦੀ ਵੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।
ਹੀਰੋ ਐਂਟਰਪ੍ਰਾਈਜ਼ ਦੇ ਚੇਅਰਮੈਨ ਸੁਨੀਲ ਕਾਂਤ ਮੁੰਜਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਮੁੜ ਉਦਯੋਗਿਕ ਤਰੱਕੀ ਦੇ ਰਾਹ ‘ਤੇ ਲਿਆਉਣ ਲਈ ਗੰਭੀਰ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਸਮੇਂ ਪੰਜਾਬ ਦੇਸ਼ ਦਾ ਆਰਥਿਕ ਤੌਰ ‘ਤੇ ਅੱਗੇ ਵਾਲਾ ਸੂਬਾ ਸੀ ਅਤੇ ਹੁਣ ਉਦਯੋਗਿਕ ਵਿਕਾਸ, ਆਧੁਨਿਕ ਖੇਤੀਬਾੜੀ, ਤਕਨਾਲੋਜੀ, ਸਿੱਖਿਆ, ਸਿਹਤ ਸੇਵਾਵਾਂ ਅਤੇ ਰੀਅਲ ਅਸਟੇਟ ਉੱਤੇ ਧਿਆਨ ਕੇਂਦਰਿਤ ਕਰਕੇ ਇਸਨੂੰ ਦੁਬਾਰਾ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਪੰਜਾਬ ਵਿੱਚ ਉਦਯੋਗਿਕ ਕ੍ਰਾਂਤੀ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਭਾਰਤ ਅਤੇ ਭਾਰਤੀਆਂ ਦੀ ਵਿਸ਼ਵ ਪੱਧਰ ‘ਤੇ ਮਜ਼ਬੂਤ ਪਛਾਣ ਬਣੀ ਹੈ ਅਤੇ ਇਸ ਮੌਕੇ ਦਾ ਲਾਭ ਲੈ ਕੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀਆਂ ਆਰਥਿਕ ਵਿਕਾਸ ਨੂੰ ਗਤੀ ਦੇਣ ਵਾਲੀਆਂ ਪਹਿਲਕਦਮੀਆਂ ਦੀ ਵੀ ਸ਼ਲਾਘਾ ਕੀਤੀ।
ਟਾਟਾ ਸਟੀਲ ਲਿਮਿਟਡ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਟੀ.ਵੀ. ਨਰਿੰਦਰਨ ਨੇ ਕਿਹਾ ਕਿ ਲੁਧਿਆਣਾ ਵਿੱਚ ਟਾਟਾ ਦਾ ਪ੍ਰੋਜੈਕਟ ਹੁਣ ਹਕੀਕਤ ਬਣ ਗਿਆ ਹੈ ਅਤੇ ਜਲਦ ਹੀ ਇਸ ਦਾ ਉਦਘਾਟਨ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੰਮ ਕਰਨ ਦਾ ਅਨੁਭਵ ਬਹੁਤ ਹੀ ਸਕਾਰਾਤਮਕ ਰਿਹਾ ਹੈ ਅਤੇ ਦੋ ਸਾਲ ਪਹਿਲਾਂ ਮਨਜ਼ੂਰ ਹੋਇਆ ਇਹ ਪ੍ਰੋਜੈਕਟ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੁਚਾਰੂ ਤਰੀਕੇ ਨਾਲ ਅੱਗੇ ਵਧਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਪਲਾਂਟ ਊਰਜਾ-ਕੁਸ਼ਲ ਤਕਨੀਕਾਂ ਦੀ ਵਰਤੋਂ ਕਰਦਿਆਂ ਵਾਤਾਵਰਣ-ਅਨੁਕੂਲ ਅਤੇ ਸਾਫ਼ ਸਟੀਲ ਤਿਆਰ ਕਰਨ ਵਾਲੀਆਂ ਆਧੁਨਿਕ ਸਹੂਲਤਾਂ ਵਿੱਚੋਂ ਇੱਕ ਹੋਵੇਗਾ। 3200 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਇਹ ਪਲਾਂਟ ਟਾਟਾ ਦੇ ਨਿਵੇਸ਼ ਦੀ ਸਿਰਫ਼ ਸ਼ੁਰੂਆਤ ਹੈ ਅਤੇ ਭਵਿੱਖ ਵਿੱਚ ਹੋਰ ਵੀ ਨਿਵੇਸ਼ ਦੀ ਸੰਭਾਵਨਾ ਹੈ।
ਇਸ ਮੌਕੇ ਰਾਜ ਸਭਾ ਮੈਂਬਰ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀਆਂ ਨਵੀਆਂ ਨੀਤੀਆਂ ਉਦਯੋਗ ਲਈ ਇੱਕ ਨਵੀਂ ਸ਼ੁਰੂਆਤ ਸਾਬਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਨੀਤੀਆਂ ਉਦਯੋਗਿਕ ਭਾਈਵਾਲਾਂ, ਨੌਜਵਾਨਾਂ, ਵਾਤਾਵਰਣ ਅਤੇ ਉੱਚ-ਤਕਨੀਕੀ ਖੇਤਰਾਂ ਨਾਲ ਜੁੜੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀਆਂ ਗਈਆਂ ਹਨ।
ਉਨ੍ਹਾਂ ਐਲਾਨ ਕੀਤਾ ਕਿ ਟ੍ਰਾਈਡੈਂਟ ਗਰੁੱਪ ਅਗਲੇ ਦੋ ਸਾਲਾਂ ਵਿੱਚ ਪੰਜਾਬ ਵਿੱਚ 5000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ, ਜਿਸ ਨਾਲ ਟੈਕਸਟਾਈਲ ਖੇਤਰ ਵਿੱਚ 10,000 ਤੋਂ ਵੱਧ ਨੌਕਰੀਆਂ ਪੈਦਾ ਹੋਣਗੀਆਂ, ਜਿਨ੍ਹਾਂ ਵਿੱਚੋਂ ਲਗਭਗ 5000 ਮਹਿਲਾਵਾਂ ਲਈ ਹੋਣਗੀਆਂ।
ਜੇਐਸਡਬਲਿਊ ਗਰੁੱਪ ਦੇ ਚੇਅਰਮੈਨ ਸੱਜਣ ਜਿੰਦਲ ਨੇ ਵੀ ਰਾਜਪੁਰਾ ਸਥਿਤ ਆਪਣੇ ਪਲਾਂਟ ਦੇ ਵਿਸਥਾਰ ਦੀ ਘੋਸ਼ਣਾ ਕਰਦਿਆਂ ਕਿਹਾ ਕਿ ਕੰਪਨੀ ਸਟੀਲ ਖੇਤਰ ਵਿੱਚ ਸਮਰੱਥਾ ਵਧਾਉਣ ਲਈ 3000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਦੀ ਪਛਾਣ ਖੇਤੀਬਾੜੀ ਨਾਲ ਜੁੜੀ ਰਹੀ ਹੈ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਾਗੂ ਕੀਤੀਆਂ ਨਿਵੇਸ਼-ਪੱਖੀ ਅਤੇ ਪ੍ਰਗਤੀਸ਼ੀਲ ਨੀਤੀਆਂ ਕਰਕੇ ਹੁਣ ਇਹ ਸੂਬਾ ਤੇਜ਼ੀ ਨਾਲ ਇੱਕ ਮਜ਼ਬੂਤ ਉਦਯੋਗਿਕ ਕੇਂਦਰ ਵਜੋਂ ਉਭਰ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉੱਦਮਤਾ ਪੰਜਾਬੀਆਂ ਦੀ ਫਿਤਰਤ ਦਾ ਹਿੱਸਾ ਹੈ ਅਤੇ ਉਹ ਦੁਨੀਆ ਭਰ ਵਿੱਚ ਆਪਣੀ ਮਿਹਨਤ ਨਾਲ ਪੰਜਾਬ ਦਾ ਨਾਂ ਰੌਸ਼ਨ ਕਰਦੇ ਹਨ। ਉਨ੍ਹਾਂ ਇਨਵੈਸਟ ਪੰਜਾਬ ਸੰਮੇਲਨ ਦੇ ਆਯੋਜਨ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਸੂਬੇ ਨੂੰ ਉਦਯੋਗ ਅਤੇ ਵਿਕਾਸ ਦੇ ਮੋਹਰੀ ਕੇਂਦਰਾਂ ਵਿੱਚ ਸ਼ਾਮਲ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।
