
ਲੁਧਿਆਣਾ, 27 ਜਨਵਰੀ 2026: ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੇਂਡੂ ਓਲੰਪਿਕ ਵਜੋਂ ਦੁਨੀਆ ਭਰ ਵਿੱਚ ਮਸ਼ਹੂਰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੂੰ ਪੂਰੀ ਪਾਰਦਰਸ਼ਤਾ ਅਤੇ ਸੁਚੱਜੇ ਪ੍ਰਬੰਧਾਂ ਨਾਲ ਕਰਵਾਉਣ ਲਈ 11 ਮੈਂਬਰੀ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਸਮੂਹ ਖਰਚਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਉਠਾਇਆ ਜਾ ਰਿਹਾ ਹੈ ਅਤੇ ਇਸ ਸਾਲ ਵੀ ਇਹ ਸਾਰਾ ਖਰਚਾ ਸਰਕਾਰ ਵੱਲੋਂ ਹੀ ਕੀਤਾ ਜਾਵੇਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਬੈਲ ਗੱਡੀਆਂ ਦੀਆਂ ਦੌੜਾਂ ਲਈ ਰਜਿਸਟ੍ਰੇਸ਼ਨ ਸਿਰਫ਼ ਨਿਰਧਾਰਤ ਕਮੇਟੀ ਮੈਂਬਰਾਂ ਰਾਹੀਂ ਹੀ ਕੀਤੀ ਜਾਵੇਗੀ। ਇਸ ਸਬੰਧੀ ਡਾ. ਹਰਜਿੰਦਰ ਸਿੰਘ (ਸਹਾਇਕ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਲੁਧਿਆਣਾ), ਗੁਰਿੰਦਰ ਸਿੰਘ (ਵੇਟ ਲਿਫਟਿੰਗ ਕੋਚ), ਕੰਵਲਜੀਤ ਸਿੰਘ (ਵੇਟ ਲਿਫਟਿੰਗ ਕੋਚ), ਦਿਲਜੋਤ ਸਿੰਘ, ਗੁਰਦੀਪ ਸਿੰਘ, ਹਰਜੀਤ ਸਿੰਘ, ਗੁਰਵਿੰਦਰ ਸਿੰਘ, ਰਜਿੰਦਰ ਸਿੰਘ, ਜਗਦੀਪ ਸਿੰਘ, ਮਨਜਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਨਾਲ ਹੀ ਸੰਪਰਕ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਸੈਰ-ਸਪਾਟਾ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 30 ਜਨਵਰੀ ਤੋਂ 1 ਫਰਵਰੀ ਤੱਕ ਕਿਲ੍ਹਾ ਰਾਏਪੁਰ ਵਿਖੇ ਪੇਂਡੂ ਓਲੰਪਿਕ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਤਿੰਨੇ ਦਿਨ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਖਾਸ ਤੌਰ ’ਤੇ ਦੱਸਿਆ ਕਿ ਬੈਲ ਗੱਡੀ ਦੌੜਾਂ ਲਈ ਕਿਸੇ ਵੀ ਕਿਸਮ ਦੀ ਰਜਿਸਟ੍ਰੇਸ਼ਨ ਫੀਸ ਨਹੀਂ ਹੈ। ਜੇਕਰ ਕੋਈ ਵਿਅਕਤੀ ਕਿਸੇ ਵੀ ਤਰੀਕੇ ਨਾਲ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਕਮੇਟੀ ਜਾਂ ਪ੍ਰਸ਼ਾਸਨ ਨੂੰ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਬੈਲ ਗੱਡੀ ਦੌੜਾਂ ਦੇ ਆਯੋਜਨ ਲਈ ਬਣਾਈ ਗਈ ਕਮੇਟੀ ਭਾਰਤੀ ਪਸ਼ੂ ਭਲਾਈ ਬੋਰਡ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਏਗੀ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਜਨਵਰੀ, ਖੇਡਾਂ ਦੇ ਪਹਿਲੇ ਦਿਨ ਹਾਕੀ (ਲੜਕੇ ਅਤੇ ਲੜਕੀਆਂ ਓਪਨ ਕੈਟਾਗਰੀ), 1500 ਮੀਟਰ, 400 ਮੀਟਰ, 60 ਮੀਟਰ ਪ੍ਰਾਇਮਰੀ ਦੌੜਾਂ ਅਤੇ ਦੁਪਹਿਰ 12:15 ਵਜੇ ਤੋਂ ਬੈਲ ਗੱਡੀਆਂ ਦੀਆਂ ਦੌੜਾਂ ਹੋਣਗੀਆਂ। ਇਸ ਮੌਕੇ ਉਦਘਾਟਨੀ ਸਮਾਰੋਹ ਦੌਰਾਨ ਗਿੱਧਾ, ਭੰਗੜਾ ਅਤੇ ਨਿਹੰਗ ਸਿੰਘਾਂ ਦੇ ਰਵਾਇਤੀ ਕਰਤੱਬ ਵੀ ਪੇਸ਼ ਕੀਤੇ ਜਾਣਗੇ।
31 ਜਨਵਰੀ 2026 ਨੂੰ ਹਾਕੀ ਸੈਮੀਫਾਈਨਲ, ਕਬੱਡੀ ਸਰਕਲ ਸਟਾਈਲ, ਸ਼ਾਟਪੁੱਟ, 100 ਮੀਟਰ ਦੌੜਾਂ, ਲੌਂਗ ਜੰਪ, ਰੱਸਾ-ਕੱਸੀ ਅਤੇ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ।
1 ਫਰਵਰੀ 2026 ਨੂੰ ਕਬੱਡੀ ਨੈਸ਼ਨਲ ਅਤੇ ਸਰਕਲ ਸਟਾਈਲ, ਐਥਲੈਟਿਕਸ ਦੇ ਫਾਈਨਲ ਮੁਕਾਬਲੇ, ਸਾਈਕਲ ਦੌੜਾਂ, ਸੀਨੀਅਰ ਨਾਗਰਿਕਾਂ ਦੀਆਂ ਦੌੜਾਂ, ਟਰਾਲੀ ਲੋਡਿੰਗ-ਅਨਲੋਡਿੰਗ, ਟਰਾਈ ਸਾਈਕਲ ਦੌੜ ਅਤੇ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ।
ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨ ਦਿਨਾਂ ਖੇਡ ਮੇਲੇ ਦੌਰਾਨ ਇੱਕ ਪ੍ਰਸਿੱਧ ਪੰਜਾਬੀ ਗਾਇਕਾ ਵੱਲੋਂ ਦਰਸ਼ਕਾਂ ਦੇ ਮਨੋਰੰਜਨ ਲਈ ਗਾਇਕੀ ਵੀ ਪੇਸ਼ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ, ਸਗੋਂ ਲੋੜ ਹੈ ਉਸ ਪ੍ਰਤਿਭਾ ਨੂੰ ਪਛਾਣ ਕੇ ਸਹੀ ਮੌਕੇ ਪ੍ਰਦਾਨ ਕਰਨ ਦੀ। ਕਿਲ੍ਹਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਖੇਡਾਂ ਭਵਿੱਖ ਦੇ ਚੈਂਪੀਅਨ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।
