
ਚੰਡੀਗੜ੍ਹ, 1 ਨਵੰਬਰ 2026: ਪੰਜਾਬ ਸਰਕਾਰ ਦੇ ਟੈਕਸ ਮਾਲੀਏ ਵਿੱਚ ਅਕਤੂਬਰ ਮਹੀਨੇ ਦੌਰਾਨ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ਦੀ SGST ਨਕਦ ਪ੍ਰਾਪਤੀ ਅਕਤੂਬਰ 2026 ਵਿੱਚ 28.29 ਫ਼ੀਸਦੀ ਵਧ ਕੇ 1,030.29 ਕਰੋੜ ਰੁਪਏ ਹੋ ਗਈ, ਜਦਕਿ ਪਿਛਲੇ ਸਾਲ ਇਸੇ ਮਹੀਨੇ ਇਹ 803.07 ਕਰੋੜ ਰੁਪਏ ਸੀ। ਇਸ ਤਰ੍ਹਾਂ ਸਰਕਾਰ ਨੂੰ 227.22 ਕਰੋੜ ਰੁਪਏ ਦਾ ਵਾਧੂ ਮਾਲੀਆ ਪ੍ਰਾਪਤ ਹੋਇਆ ਹੈ।
ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੌਮੀ ਪੱਧਰ ’ਤੇ SGST ਨਕਦ ਪ੍ਰਾਪਤੀ ਵਿੱਚ ਕਰੀਬ 14 ਫ਼ੀਸਦੀ ਵਾਧਾ ਹੋਇਆ ਹੈ, ਜਦਕਿ ਪੰਜਾਬ ਨੇ 28.29 ਫ਼ੀਸਦੀ ਵਾਧਾ ਦਰਜ ਕਰਕੇ ਇਸ ਤੋਂ ਵੱਧ ਵਿਕਾਸ ਦਰ ਹਾਸਲ ਕੀਤੀ ਹੈ।
ਅਕਤੂਬਰ ’ਚ ਪਹਿਲੀ ਵਾਰ SGST ਪ੍ਰਾਪਤੀ 1,000 ਕਰੋੜ ਤੋਂ ਪਾਰ
ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਨੇ ਸਾਲ 2026 ਦੌਰਾਨ ਦੂਜੀ ਵਾਰ SGST ਨਕਦ ਪ੍ਰਾਪਤੀ ਵਿੱਚ 1,000 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਸੂਬੇ ਨੂੰ ਲਗਭਗ 1,182 ਕਰੋੜ ਰੁਪਏ ਦੀ ਪ੍ਰਾਪਤੀ ਹੋਈ ਸੀ। ਉਨ੍ਹਾਂ ਕਿਹਾ ਕਿ GST ਲਾਗੂ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਅਕਤੂਬਰ ਮਹੀਨੇ ਵਿੱਚ ਪੰਜਾਬ ਦੀ SGST ਨਕਦ ਪ੍ਰਾਪਤੀ 1,000 ਕਰੋੜ ਰੁਪਏ ਤੋਂ ਵੱਧ ਰਹੀ ਹੈ।
ਕੁੱਲ GST ਮਾਲੀਏ ਵਿੱਚ 323 ਕਰੋੜ ਰੁਪਏ ਦਾ ਵਾਧਾ
ਅਕਤੂਬਰ 2026 ਦੌਰਾਨ ਪੰਜਾਬ ਦੀ ਕੁੱਲ GST ਪ੍ਰਾਪਤੀ 2,716.60 ਕਰੋੜ ਰੁਪਏ ਰਹੀ, ਜਦਕਿ ਅਕਤੂਬਰ 2025 ਵਿੱਚ ਇਹ 2,393.22 ਕਰੋੜ ਰੁਪਏ ਸੀ। ਇਸ ਤਰ੍ਹਾਂ ਸਾਲਾਨਾ ਆਧਾਰ ’ਤੇ 323.38 ਕਰੋੜ ਰੁਪਏ ਦਾ ਵਾਧੂ ਮਾਲੀਆ ਇਕੱਠਾ ਹੋਇਆ।
ਹਰਪਾਲ ਸਿੰਘ ਚੀਮਾ ਅਨੁਸਾਰ ਅਪ੍ਰੈਲ ਤੋਂ ਅਕਤੂਬਰ 2026 ਤੱਕ ਸੂਬੇ ਦੀ ਕੁੱਲ GST ਪ੍ਰਾਪਤੀ 18,047.68 ਕਰੋੜ ਰੁਪਏ ਰਹੀ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ 15,505.66 ਕਰੋੜ ਰੁਪਏ ਦੇ ਮੁਕਾਬਲੇ 2,542.02 ਕਰੋੜ ਰੁਪਏ ਵੱਧ ਹੈ। ਇਸ ਤਰ੍ਹਾਂ ਪੰਜਾਬ ਦੇ ਸੰਚਤ GST ਮਾਲੀਏ ਵਿੱਚ 16.39 ਫ਼ੀਸਦੀ ਵਾਧਾ ਦਰਜ ਕੀਤਾ ਗਿਆ, ਜਦਕਿ ਕੌਮੀ ਵਾਧਾ ਦਰ ਲਗਭਗ 15 ਫ਼ੀਸਦੀ ਰਹੀ।
VAT ਅਤੇ CST ਤੋਂ ਵੀ ਵਧੀ ਕਮਾਈ
ਅਕਤੂਬਰ ਮਹੀਨੇ ਦੌਰਾਨ ਪੰਜਾਬ ਨੂੰ VAT ਅਤੇ CST ਤੋਂ 763.49 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ, ਜਦਕਿ ਪਿਛਲੇ ਸਾਲ ਇਸੇ ਮਹੀਨੇ ਇਹ ਰਕਮ 616.93 ਕਰੋੜ ਰੁਪਏ ਸੀ। ਇਸ ਤਰ੍ਹਾਂ ਦੋਵਾਂ ਟੈਕਸਾਂ ਦੀ ਪ੍ਰਾਪਤੀ ਵਿੱਚ 23.76 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਸਰਕਾਰ ਨੂੰ 146.56 ਕਰੋੜ ਰੁਪਏ ਦਾ ਵਾਧੂ ਮਾਲੀਆ ਮਿਲਿਆ।
ਕਰ ਚੋਰੀ ਵਿਰੁੱਧ ਕਾਰਵਾਈ, 111.12 ਕਰੋੜ ਦੇ ਜੁਰਮਾਨੇ ਲਗਾਏ
ਵਿੱਤ ਮੰਤਰੀ ਨੇ ਦੱਸਿਆ ਕਿ ਆਬਕਾਰੀ ਅਤੇ ਕਰ ਵਿਭਾਗ ਨੇ ਅਕਤੂਬਰ ਦੌਰਾਨ ਕਰ ਚੋਰੀ, ਜਾਅਲੀ ਬਿਲਿੰਗ, ਗੈਰ-ਕਾਨੂੰਨੀ ਢੰਗ ਨਾਲ ਮਾਲ ਦੀ ਢੋਆ-ਢੁਆਈ ਅਤੇ GST ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ 111.12 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਹਨ।
ਉਨ੍ਹਾਂ ਕਿਹਾ ਕਿ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟਾਂ (SIPU), ਮੋਬਾਈਲ ਵਿੰਗਾਂ ਅਤੇ ਵਿਭਾਗੀ ਟੀਮਾਂ ਵੱਲੋਂ ਜਾਂਚ ਅਤੇ ਚੈਕਿੰਗ ਤੇਜ਼ ਕੀਤੀ ਗਈ ਹੈ। ਖ਼ਾਸ ਤੌਰ ’ਤੇ ਜਾਅਲੀ ਇਨਪੁਟ ਟੈਕਸ ਕ੍ਰੈਡਿਟ (ITC), ਈ-ਵੇਅ ਬਿੱਲਾਂ ਦੀ ਦੁਰਵਰਤੋਂ ਅਤੇ ਬਿਨਾਂ ਅਸਲ ਵਪਾਰਕ ਲੈਣ-ਦੇਣ ਤੋਂ ਮਾਲ ਦੀ ਢੋਆ-ਢੁਆਈ ਕਰਨ ਵਾਲਿਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਬਾਲਾਜੀ ਟਰਾਂਸਪੋਰਟ GST ਫਰਾਡ ਮਾਮਲੇ ’ਚ 20 ਕਰੋੜ ਰੁਪਏ ਦੀ ਵਸੂਲੀ
ਲੁਧਿਆਣਾ ਦੀ ਬਾਲਾਜੀ ਟਰਾਂਸਪੋਰਟ ਕੰਪਨੀ ਨਾਲ ਸਬੰਧਤ GST ਧੋਖਾਧੜੀ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਕੇਸ ਵਿੱਚ 20 ਕਰੋੜ ਰੁਪਏ ਦਾ ਟੈਕਸ ਵਸੂਲ ਕੀਤਾ ਗਿਆ ਹੈ।
ਉਨ੍ਹਾਂ ਅਨੁਸਾਰ ਜਾਂਚ ਦੌਰਾਨ ਲਗਭਗ 62 ਆਪਸ ਵਿੱਚ ਜੁੜੀਆਂ ਫਰਮਾਂ ਦੇ ਕਥਿਤ ਬਹੁ-ਰਾਜੀ GST ਫਰਾਡ ਨੈੱਟਵਰਕ ਦਾ ਪਤਾ ਲੱਗਿਆ ਸੀ, ਜਿਸ ਵਿੱਚ 400 ਕਰੋੜ ਰੁਪਏ ਤੋਂ ਵੱਧ ਦੀ ਸੰਭਾਵਿਤ ਕਰ ਚੋਰੀ ਦਾ ਸ਼ੱਕ ਜਤਾਇਆ ਗਿਆ ਸੀ। ਜਾਂਚ ਵਿੱਚ ਜਾਅਲੀ ਚਲਾਨਾਂ ਅਤੇ ਈ-ਵੇਅ ਬਿੱਲਾਂ ਦੀ ਵਰਤੋਂ ਕਰਕੇ ਬਿਨਾਂ ਅਸਲ ਵਪਾਰਕ ਲੈਣ-ਦੇਣ ਦੇ ਮਾਲ ਦੀ ਢੋਆ-ਢੁਆਈ ਕਰਨ ਦੇ ਦੋਸ਼ ਸਾਹਮਣੇ ਆਏ ਸਨ।
ਮੰਤਰੀ ਨੇ ਦੱਸਿਆ ਕਿ ਅਗਲੀ ਜਾਂਚ ਦੌਰਾਨ ਇਸ ਨੈੱਟਵਰਕ ਨਾਲ ਜੁੜੇ ਚਾਰ ਹੋਰ ਟਰਾਂਸਪੋਰਟਰਾਂ ਦੀ ਸ਼ੱਕੀ ਭੂਮਿਕਾ ਵੀ ਸਾਹਮਣੇ ਆਈ ਹੈ, ਜਿਨ੍ਹਾਂ ਵਿਰੁੱਧ ਵਿਭਾਗ ਵੱਲੋਂ ਮਾਮਲੇ ਦਰਜ ਕੀਤੇ ਗਏ ਹਨ।
ਪਾਰਦਰਸ਼ੀ ਟੈਕਸ ਪ੍ਰਣਾਲੀ ਬਣਾਉਣ ’ਤੇ ਜ਼ੋਰ
ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਟੈਕਸ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕਰਨ, ਤਕਨਾਲੋਜੀ ਆਧਾਰਿਤ ਨਿਗਰਾਨੀ ਵਧਾਉਣ ਅਤੇ ਕਰ ਚੋਰੀ ਨੂੰ ਰੋਕਣ ਲਈ ਕਦਮ ਚੁੱਕ ਰਹੀ ਹੈ।
ਉਨ੍ਹਾਂ ਕਿਹਾ ਕਿ ਜਾਅਲੀ ਬਿਲਿੰਗ, ਗਲਤ ITC ਦਾਅਵਿਆਂ ਅਤੇ ਸੰਗਠਿਤ ਕਰ ਚੋਰੀ ਵਿਰੁੱਧ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਹੈ। ਇਸ ਦੇ ਨਾਲ ਹੀ ਇਮਾਨਦਾਰ ਕਰਦਾਤਾਵਾਂ ਨੂੰ ਪਾਰਦਰਸ਼ੀ ਅਤੇ ਵਪਾਰ ਪੱਖੀ ਮਾਹੌਲ ਮੁਹੱਈਆ ਕਰਵਾਉਣਾ ਵੀ ਸਰਕਾਰ ਦੀ ਤਰਜੀਹ ਹੈ।
