Wednesday, October 21Punjabi People

ਪੰਜਾਬ ਪਹਿਲੀ ਵਾਰ ਕਰੇਗਾ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟ੍ਰਾਫੀ ਦੀ ਮੇਜ਼ਬਾਨੀ, ਮੋਹਾਲੀ ’ਚ ਹੋਣਗੇ ਸੈਮੀਫਾਈਨਲ ਤੇ ਫਾਈਨਲ: ਮੇਅਰ ਸਰਬਜੀਤ ਸਿੰਘ

ਮੋਹਾਲੀ, 21 ਅਕਤੂਬਰ 2026: ਪੰਜਾਬ ਵਿੱਚ ਪਹਿਲੀ ਵਾਰ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟ੍ਰਾਫੀ ਦੇ ਮੁਕਾਬਲੇ ਕਰਵਾਏ ਜਾਣਾ ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੈ। ਇਹ ਪ੍ਰਾਪਤੀ ਪੰਜਾਬ ਵਿੱਚ ਹਾਕੀ ਸਮੇਤ ਹੋਰ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਇਹ ਗੱਲ ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ।

ਮੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਪੰਜਾਬ ਨੂੰ ਇਸ ਵੱਕਾਰੀ ਕੌਮਾਂਤਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦਾ ਇਤਿਹਾਸਕ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਦੇ ਪੰਜਾਬ ਵਿੱਚ ਹੋਣ ਨਾਲ ਸੂਬੇ ਨੂੰ ਕੌਮਾਂਤਰੀ ਖੇਡ ਮੰਚ ’ਤੇ ਆਪਣੀ ਪਛਾਣ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਸਥਾਨਕ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਵੀ ਵਿਸ਼ਵ ਪੱਧਰੀ ਖੇਡ ਮੁਕਾਬਲਿਆਂ ਨੂੰ ਨੇੜਿਓਂ ਦੇਖਣ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈਣ ਦਾ ਮੌਕਾ ਮਿਲੇਗਾ।

27 ਅਕਤੂਬਰ ਤੋਂ ਸ਼ੁਰੂ ਹੋਣਗੇ ਲੀਗ ਮੁਕਾਬਲੇ

ਟੂਰਨਾਮੈਂਟ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਨੇ ਦੱਸਿਆ ਕਿ ਲੀਗ ਪੜਾਅ ਦੇ ਮੈਚ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਵਿੱਚ ਕਰਵਾਏ ਜਾਣਗੇ। ਇਸ ਤੋਂ ਬਾਅਦ 4 ਅਤੇ 5 ਨਵੰਬਰ ਨੂੰ ਮੋਹਾਲੀ ਵਿੱਚ ਸੈਮੀਫਾਈਨਲ, ਫਾਈਨਲ ਅਤੇ ਤੀਜੇ ਸਥਾਨ ਲਈ ਮੁਕਾਬਲੇ ਹੋਣਗੇ।

ਉਨ੍ਹਾਂ ਦੱਸਿਆ ਕਿ ਇਸ ਵੱਕਾਰੀ ਟੂਰਨਾਮੈਂਟ ਵਿੱਚ ਏਸ਼ੀਆ ਦੀਆਂ ਛੇ ਪ੍ਰਮੁੱਖ ਹਾਕੀ ਟੀਮਾਂ—ਭਾਰਤ, ਬੰਗਲਾਦੇਸ਼, ਜਪਾਨ, ਚੀਨ, ਮਲੇਸ਼ੀਆ ਅਤੇ ਦੱਖਣੀ ਕੋਰੀਆ—ਹਿੱਸਾ ਲੈਣਗੀਆਂ। ਇਨ੍ਹਾਂ ਟੀਮਾਂ ਦੀ ਸ਼ਮੂਲੀਅਤ ਨਾਲ ਦਰਸ਼ਕਾਂ ਨੂੰ ਉੱਚ ਪੱਧਰੀ ਹਾਕੀ ਮੁਕਾਬਲੇ ਦੇਖਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਕੌਮਾਂਤਰੀ ਮੁਕਾਬਲਿਆਂ ਦਾ ਆਯੋਜਨ ਸੂਬੇ ਦੀ ਖੇਡ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਖੇਡ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕਰ ਸਕਦਾ ਹੈ।

ਸਟੇਡੀਅਮਾਂ ਦੇ ਨਵੀਨੀਕਰਨ ਲਈ ਲਗਭਗ 25 ਕਰੋੜ ਰੁਪਏ ਦਾ ਬਜਟ

ਮੇਅਰ ਸਰਬਜੀਤ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਨੂੰ ਸਫ਼ਲਤਾਪੂਰਵਕ ਕਰਵਾਉਣ ਅਤੇ ਖੇਡ ਸਹੂਲਤਾਂ ਨੂੰ ਕੌਮਾਂਤਰੀ ਮਿਆਰਾਂ ਦੇ ਅਨੁਕੂਲ ਬਣਾਉਣ ਲਈ ਸਰਕਾਰ ਵੱਲੋਂ ਲਗਭਗ 25 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਵਿੱਚੋਂ ਜਲੰਧਰ ਦੇ ਸਟੇਡੀਅਮਾਂ ਦੇ ਨਵੀਨੀਕਰਨ ਅਤੇ ਅਪਗ੍ਰੇਡੇਸ਼ਨ ਲਈ 16 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਦਕਿ ਮੋਹਾਲੀ ਦੇ ਸਟੇਡੀਅਮਾਂ ਲਈ ਲਗਭਗ 8.90 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਖੇਡ ਬੁਨਿਆਦੀ ਢਾਂਚੇ ’ਤੇ ਕੀਤਾ ਜਾ ਰਿਹਾ ਇਹ ਨਿਵੇਸ਼ ਪੰਜਾਬ ਵਿੱਚ ਖੇਡਾਂ ਦੇ ਵਿਕਾਸ ਲਈ ਮਹੱਤਵਪੂਰਨ ਸਾਬਤ ਹੋਵੇਗਾ। ਆਧੁਨਿਕ ਸਹੂਲਤਾਂ ਨਾਲ ਲੈਸ ਸਟੇਡੀਅਮ ਨਾ ਸਿਰਫ਼ ਕੌਮਾਂਤਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਲਈ ਸਹਾਇਕ ਹੋਣਗੇ, ਸਗੋਂ ਸੂਬੇ ਦੇ ਖਿਡਾਰੀਆਂ ਨੂੰ ਅਭਿਆਸ ਅਤੇ ਮੁਕਾਬਲਿਆਂ ਲਈ ਬਿਹਤਰ ਮਾਹੌਲ ਵੀ ਪ੍ਰਦਾਨ ਕਰਨਗੇ।

‘ਖੇਡ ਕ੍ਰਾਂਤੀ’ ਤਹਿਤ ਖਿਡਾਰੀਆਂ ਨੂੰ ਮਿਲ ਰਿਹਾ ਉਤਸ਼ਾਹ

ਸਰਬਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ‘ਖੇਡ ਕ੍ਰਾਂਤੀ’ ਦੇ ਤਹਿਤ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਅਨੁਸਾਰ, ਸਰਕਾਰ ਵੱਲੋਂ ਹੁਣ ਤੱਕ ਲਗਭਗ 40 ਹਜ਼ਾਰ ਖਿਡਾਰੀਆਂ ਨੂੰ ਕਰੀਬ 135 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪੰਜਾਬ ਭਰ ਵਿੱਚ ਨਵੇਂ ਸਟੇਡੀਅਮਾਂ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ। ਇਕੱਲੇ ਮੋਹਾਲੀ ਵਿੱਚ ਹੀ ਲਗਭਗ 32 ਸਟੇਡੀਅਮਾਂ ਦਾ ਨਿਰਮਾਣ ਚੱਲ ਰਿਹਾ ਹੈ। ਇਨ੍ਹਾਂ ਸਹੂਲਤਾਂ ਨਾਲ ਸਥਾਨਕ ਖਿਡਾਰੀਆਂ ਨੂੰ ਅਭਿਆਸ ਕਰਨ, ਆਪਣੀ ਖੇਡ ਪ੍ਰਤਿਭਾ ਨੂੰ ਨਿਖਾਰਨ ਅਤੇ ਉੱਚ ਪੱਧਰ ਦੇ ਮੁਕਾਬਲਿਆਂ ਲਈ ਤਿਆਰੀ ਕਰਨ ਦੇ ਵਧੇਰੇ ਮੌਕੇ ਮਿਲਣਗੇ।

ਮੇਅਰ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦੀ ਸਰੀਰਕ ਤੰਦਰੁਸਤੀ ਅਤੇ ਅਨੁਸ਼ਾਸਨ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਟੀਮ ਭਾਵਨਾ, ਮਿਹਨਤ ਅਤੇ ਮੁਕਾਬਲੇ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਇਸ ਲਈ ਖੇਡਾਂ ਨੂੰ ਉਤਸ਼ਾਹਿਤ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।

ਦਰਸ਼ਕਾਂ ਲਈ ਸਟੇਡੀਅਮਾਂ ਵਿੱਚ ਦਾਖ਼ਲਾ ਮੁਫ਼ਤ

ਸਰਬਜੀਤ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਸਟੇਡੀਅਮਾਂ ਵਿੱਚ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ ਅਤੇ ਇਸ ਕੌਮਾਂਤਰੀ ਖੇਡ ਸਮਾਗਮ ਦਾ ਹਿੱਸਾ ਬਣਨ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਦਰਸ਼ਕਾਂ ਲਈ ਸਟੇਡੀਅਮਾਂ ਵਿੱਚ ਦਾਖ਼ਲਾ ਬਿਲਕੁਲ ਮੁਫ਼ਤ ਹੋਵੇਗਾ, ਤਾਂ ਜੋ ਵੱਧ ਤੋਂ ਵੱਧ ਲੋਕ ਮੈਚਾਂ ਦਾ ਆਨੰਦ ਮਾਣ ਸਕਣ।

ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਨਾਲ ਉਨ੍ਹਾਂ ਦੀ ਪ੍ਰਤਿਭਾ ਨੂੰ ਉਭਰਨ ਦਾ ਮੌਕਾ ਮਿਲੇਗਾ ਅਤੇ ਉਹ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਵੱਲ ਵੀ ਪ੍ਰੇਰਿਤ ਹੋਣਗੇ।

ਮੇਅਰ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਸਕਾਰਾਤਮਕ ਦਿਸ਼ਾ ਵੱਲ ਪ੍ਰੇਰਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟ੍ਰਾਫੀ ਪੰਜਾਬ ਵਿੱਚ ਹਾਕੀ ਪ੍ਰਤੀ ਨਵਾਂ ਉਤਸ਼ਾਹ ਪੈਦਾ ਕਰੇਗੀ ਅਤੇ ਸੂਬੇ ਦੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ’ਤੇ ਅੱਗੇ ਵਧਣ ਲਈ ਪ੍ਰੇਰਣਾ ਦੇਵੇਗੀ।

Leave a Reply

Your email address will not be published. Required fields are marked *