Tuesday, October 20Punjabi People

ਤਿਉਹਾਰਾਂ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫ਼ਾ, ਗਰੁੱਪ-ਡੀ ਲਈ 10 ਹਜ਼ਾਰ ਰੁਪਏ ਦਾ ਬਿਨਾਂ ਵਿਆਜ ਐਡਵਾਂਸ

ਚੰਡੀਗੜ੍ਹ, 11 ਅਕਤੂਬਰ, 2026: ਪੰਜਾਬ ਸਰਕਾਰ ਨੇ ਦੀਵਾਲੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਦਰਜਾ-ਚਾਰ (ਗਰੁੱਪ-ਡੀ) ਮੁਲਾਜ਼ਮਾਂ ਲਈ ਵੱਡਾ ਐਲਾਨ ਕੀਤਾ ਹੈ। ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਯੋਗ ਮੁਲਾਜ਼ਮਾਂ ਨੂੰ 10,000 ਰੁਪਏ ਦਾ ਵਿਆਜ-ਮੁਕਤ ਤਿਉਹਾਰੀ ਐਡਵਾਂਸ ਦਿੱਤਾ ਜਾਵੇਗਾ, ਤਾਂ ਜੋ ਉਹ ਆਪਣੇ ਪਰਿਵਾਰਾਂ ਨਾਲ ਦੀਵਾਲੀ ਦਾ ਤਿਉਹਾਰ ਖੁਸ਼ੀ ਨਾਲ ਮਨਾ ਸਕਣ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਵਿੱਤੀ ਸਾਲ 2026-27 ਦੌਰਾਨ ਇਸ ਯੋਜਨਾ ਲਈ 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸੂਬੇ ਵਿੱਚ ਲਗਭਗ 34,604 ਗਰੁੱਪ-ਡੀ ਮੁਲਾਜ਼ਮ ਹਨ, ਜੋ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।

6 ਨਵੰਬਰ ਤੱਕ ਖ਼ਜ਼ਾਨੇ ਵਿੱਚੋਂ ਕਢਵਾਈ ਜਾ ਸਕੇਗੀ ਰਕਮ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਐਡਵਾਂਸ ਦੀ ਰਕਮ ਮੁਹੱਈਆ ਕਰਵਾਉਣ ਲਈ 6 ਨਵੰਬਰ, 2026 ਤੱਕ ਸਰਕਾਰੀ ਖ਼ਜ਼ਾਨੇ ਵਿੱਚੋਂ ਇਹ ਰਕਮ ਕਢਵਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਜੇਕਰ ਸਾਰੇ ਯੋਗ ਮੁਲਾਜ਼ਮ 10,000 ਰੁਪਏ ਦਾ ਐਡਵਾਂਸ ਲੈਂਦੇ ਹਨ, ਤਾਂ ਸਰਕਾਰ ’ਤੇ ਕੁੱਲ 34.60 ਕਰੋੜ ਰੁਪਏ ਦਾ ਖਰਚਾ ਆ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਇਹ ਰਕਮ ਮੁਲਾਜ਼ਮਾਂ ਤੋਂ ਪੰਜ ਬਰਾਬਰ ਮਹੀਨਾਵਾਰ ਕਿਸ਼ਤਾਂ ਵਿੱਚ ਵਾਪਸ ਲਈ ਜਾਵੇਗੀ। ਕਿਸ਼ਤਾਂ ਦੀ ਕਟੌਤੀ ਦਸੰਬਰ 2026 ਦੀ ਤਨਖਾਹ ਤੋਂ ਸ਼ੁਰੂ ਹੋਵੇਗੀ। ਇਸ ਤਰ੍ਹਾਂ ਮੁਲਾਜ਼ਮ ਬਿਨਾਂ ਕਿਸੇ ਵਿਆਜ ਦੇ ਤਿਉਹਾਰ ਲਈ ਮਿਲੀ ਰਕਮ ਵਾਪਸ ਕਰ ਸਕਣਗੇ।

ਮੁਲਾਜ਼ਮਾਂ ਦੀ ਭਲਾਈ ਲਈ ਸਰਕਾਰ ਵਚਨਬੱਧ: ਚੀਮਾ

ਵਿੱਤ ਮੰਤਰੀ ਨੇ ਕਿਹਾ ਕਿ ਗਰੁੱਪ-ਡੀ ਮੁਲਾਜ਼ਮਾਂ ਲਈ ਤਿਉਹਾਰੀ ਐਡਵਾਂਸ ਦਾ ਫ਼ੈਸਲਾ ਸੂਬਾ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦੀਆਂ ਲੋੜਾਂ ਅਤੇ ਭਲਾਈ ਨੂੰ ਪਹਿਲ ਦਿੰਦੀ ਹੈ ਅਤੇ 10,000 ਰੁਪਏ ਦਾ ਵਿਆਜ-ਮੁਕਤ ਤਿਉਹਾਰੀ ਐਡਵਾਂਸ ਇਸੇ ਵਚਨਬੱਧਤਾ ਨੂੰ ਦਰਸਾਉਂਦਾ ਹੈ।

Leave a Reply

Your email address will not be published. Required fields are marked *