Saturday, May 23Punjabi People

ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਦੀ ਸਮੱਸਿਆ ਦਾ ਮੁਕਾਬਲਾ ਕਰਨ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 200 ਕਾਲਜਾਂ ਦੇ ਫੈਕਲਟੀ ਮੈਂਬਰਾਂ ਨੂੰ ਦਿੱਤੀ ਸਿਖਲਾਈ

ਚੰਡੀਗੜ੍ਹ, 31 ਜਨਵਰੀ 2026: ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਦੇ ਤਹਿਤ ਸੂਬੇ ਭਰ ਦੇ 200 ਸਰਕਾਰੀ ਅਤੇ ਸਹਾਇਤਾ ਪ੍ਰਾਪਤ ਕਾਲਜਾਂ ਦੇ ਫੈਕਲਟੀ ਮੈਂਬਰਾਂ ਲਈ ਸਮਰੱਥਾ ਨਿਰਮਾਣ ਅਤੇ ਜਾਗਰੂਕਤਾ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਾਗੂ ਕੀਤੇ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਦੌਰਾਨ, ਪੰਜਾਬ ਭਰ ਦੇ ਲਗਭਗ 200 ਕਾਲਜਾਂ ਦੇ ਨੋਡਲ ਪ੍ਰੋਫੈਸਰਾਂ ਨੇ 20 ਤੋਂ 30 ਜਨਵਰੀ ਤੱਕ ਚਾਰ ਜ਼ਿਲ੍ਹਿਆਂ ਵਿੱਚ ਇੱਕ-ਦਿਨ ਵਾਲੀਆਂ ਵਰਕਸ਼ਾਪਾਂ ਵਿੱਚ ਹਿੱਸਾ ਲਿਆ। ਇਹ ਵਰਕਸ਼ਾਪਾਂ ਉਚੇਰੀ ਸਿੱਖਿਆ ਵਿਭਾਗ, ਪੰਜਾਬ ਅਤੇ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਮੋਹਾਲੀ ਦੇ ਡੇਟਾ ਇੰਟੈਲੀਜੈਂਸ ਅਤੇ ਟੈਕਨੀਕਲ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਆਯੋਜਿਤ ਕੀਤੀਆਂ ਗਈਆਂ।

ਇਹ ਵਰਕਸ਼ਾਪਾਂ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ; ਮਹਿੰਦਰਾ ਕਾਲਜ, ਪਟਿਆਲਾ; ਰਾਜਿੰਦਰਾ ਕਾਲਜ, ਬਠਿੰਡਾ; ਅਤੇ ਜਲੰਧਰ ਕਾਲਜ ਆਫ਼ ਐਜੂਕੇਸ਼ਨ ਵਿੱਚ ਕਰਵਾਈਆਂ ਗਈਆਂ।

ਮਹਿੰਦਰਾ ਕਾਲਜ, ਪਟਿਆਲਾ ਵਿੱਚ ਵਰਕਸ਼ਾਪ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਅਤੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਸਮੱਸਿਆ ਹੱਲ ਕਰਨ ਅਤੇ ਮਾਨਸਿਕ ਸਿਹਤ ਸਹਾਇਤਾ ਪ੍ਰਣਾਲੀਆਂ ਮਜ਼ਬੂਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਦੁਹਰਾਈ।

ਸੈਸ਼ਨਾਂ ਦੌਰਾਨ ਮਨੋਰੋਗੀ ਮਾਹਿਰਾਂ ਅਤੇ ਮਾਨਸਿਕ ਸਿਹਤ ਪੇਸ਼ੇਵਰਾਂ ਨੇ ਨੋਡਲ ਪ੍ਰੋਫੈਸਰਾਂ ਨਾਲ ਵਿਦਿਆਰਥੀਆਂ ਵਿੱਚ ਨਸ਼ਿਆਂ ਦੇ ਸੇਵਨ ਬਾਰੇ ਚਰਚਾ ਕੀਤੀ ਅਤੇ ਕੈਂਪਸ ਵਿੱਚ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਰਣਨੀਤੀਆਂ ‘ਤੇ ਸਲਾਹ-ਮਸ਼ਵਰਾ ਕੀਤਾ। ਇਸ ਦੌਰਾਨ ਅਧਿਆਪਕਾਂ ਅਤੇ ਪ੍ਰਸ਼ਾਸਕਾਂ ਨੂੰ ਨੌਜਵਾਨਾਂ ਵਿੱਚ ਸਵੈ-ਨੁਕਸਾਨ ਅਤੇ ਨਸ਼ਿਆਂ ਦੇ ਸਬੰਧਤ ਸਮੱਸਿਆਵਾਂ ਦੀ ਪਹਚਾਣ ਕਰਨ, ਹਮਦਰਦੀ ਨਾਲ ਮਦਦ ਕਰਨ ਅਤੇ ਢੁਕਵੀਂ ਸਹਾਇਤਾ ਪ੍ਰਣਾਲੀਆਂ ਬਾਰੇ ਜਾਗਰੂਕ ਕੀਤਾ ਗਿਆ।

ਇਸ ਸਿਖਲਾਈ ਦੌਰਾਨ ਮਾਨਸਿਕ ਸਿਹਤ ਮਾਹਿਰਾਂ ਅਤੇ ਪ੍ਰੋਫੈਸਰਾਂ ਨੇ ਵਿਦਿਆਰਥੀਆਂ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਲਈ ਆਪਣਾ ਗਿਆਨ, ਤਜਰਬਾ ਅਤੇ ਵਿਹਾਰਕ ਸਲਾਹ ਸਾਂਝੀ ਕੀਤੀ। ਇਸਦੇ ਨਾਲ ਹੀ ਪਿਛਲੇ ਸਾਲ ਦਸੰਬਰ ਵਿੱਚ ਐਸ.ਐਮ.ਐਚ.ਐਸ. ਸਰਕਾਰੀ ਕਾਲਜ, ਮੋਹਾਲੀ ਵਿੱਚ ਹੋਏ ਰਾਜ-ਪੱਧਰੀ ਸੈਸ਼ਨ ਦੌਰਾਨ ਪੇਸ਼ ਕੀਤੇ ਨੁਕਤਿਆਂ ‘ਤੇ ਵੀ ਮੁੜ ਵਿਚਾਰ ਕੀਤਾ ਗਿਆ।

ਪੰਜਾਬ ਸਰਕਾਰ ਪਿਛਲੇ ਹਫ਼ਤੇ ਤੋਂ ਕਮਿਊਨਿਟੀ ਵਲੰਟੀਅਰਾਂ ਦੀ ਅਗਵਾਈ ਹੇਠ ਸੂਬੇ ਦੇ ਵੱਖ-ਵੱਖ ਹਲਕਿਆਂ ਅਤੇ ਪਿੰਡਾਂ ਵਿੱਚ ਜਾਗਰੂਕਤਾ ਪੈਦਲ ਮਾਰਚ ਕਰਵਾ ਰਹੀ ਹੈ, ਜੋ ਲੋਕਾਂ ਵੱਲੋਂ ਵੱਡੇ ਉਤਸ਼ਾਹ ਨਾਲ ਸਵੀਕਾਰ ਕੀਤੇ ਜਾ ਰਹੇ ਹਨ।ਯੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਦੌਰਾਨ, ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵੱਖ-ਵੱਖ ਪ੍ਰਯਾਸ ਕਰ ਰਹੀ ਹੈ। ਇਨ੍ਹਾਂ ਸਮਰੱਥਾ ਨਿਰਮਾਣ ਸੈਸ਼ਨਾਂ ਅਤੇ ਵਰਕਸ਼ਾਪਾਂ ਦਾ ਮੁੱਖ ਉਦੇਸ਼ ਨਸ਼ਿਆਂ ਦੀ ਮੰਗ ਘਟਾਉਣਾ, ਨੌਜਵਾਨਾਂ ਨੂੰ ਸਸ਼ਕਤ ਕਰਨਾ ਅਤੇ ਰੋਕਥਾਮ ਯਤਨਾਂ ਨੂੰ ਮਜ਼ਬੂਤ ਕਰਨਾ ਹੈ।

Leave a Reply

Your email address will not be published. Required fields are marked *