Tuesday, October 20Punjabi People

ਪੰਜਾਬ ਦੇ ਸਰਕਾਰੀ ਸਕੂਲਾਂ ਦੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ JEE ਤੇ NEET ਦੀ ਤਿਆਰੀ ਕਰਵਾਏਗਾ ਸਿੱਖਿਆ ਵਿਭਾਗ

ਚੰਡੀਗੜ੍ਹ, 3 ਅਕਤੂਬਰ 2026: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਕੌਮੀ ਪੱਧਰ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਵਾਸਤੇ ਸਿੱਖਿਆ ਵਿਭਾਗ ਨੇ ਇੱਕ ਅਹਿਮ ਪਹਿਲਕਦਮੀ ਕੀਤੀ ਹੈ। ਇਸ ਤਹਿਤ ਵਿਭਾਗ ਵੱਲੋਂ ਸੂਬੇ ਦੇ ਗੈਰ-SOE (ਸਕੂਲ ਆਫ਼ ਐਮੀਨੈਂਸ) ਅਤੇ PM ਸ਼੍ਰੀ ਸਕੂਲਾਂ ਵਿੱਚ ਪੜ੍ਹ ਰਹੇ 11ਵੀਂ ਅਤੇ 12ਵੀਂ ਜਮਾਤ ਦੇ ਵਿਗਿਆਨ ਵਿਸ਼ੇ ਦੇ ਵਿਦਿਆਰਥੀਆਂ ਨੂੰ ਇੰਜੀਨੀਅਰਿੰਗ ਅਤੇ ਮੈਡੀਕਲ ਖੇਤਰ ਦੀਆਂ ਦਾਖ਼ਲਾ ਪ੍ਰੀਖਿਆਵਾਂ JEE ਮੇਨਜ਼ ਅਤੇ NEET ਲਈ ਤਿਆਰ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਪਹਿਲ ਦਾ ਉਦੇਸ਼ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਬਿਹਤਰ ਮੌਕੇ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਕੌਮੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਹਿੱਸਾ ਲੈਣ ਦੇ ਯੋਗ ਬਣਾਉਣਾ ਹੈ।

ਇਸ ਸਬੰਧੀ ਸਕੂਲ ਸਿੱਖਿਆ ਡਾਇਰੈਕਟਰ (ਸੈਕੰਡਰੀ ਸਿੱਖਿਆ), ਪੰਜਾਬ ਦੇ ਦਫ਼ਤਰ ਵੱਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ), ਸਕੂਲ ਮੁਖੀਆਂ ਅਤੇ ਇੰਚਾਰਜਾਂ ਤੋਂ ਇਲਾਵਾ ਸਾਰੇ PDM (ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ) ਅਤੇ DNL ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਵਿਭਾਗ ਨੇ ਇਸ ਯੋਜਨਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਵਿਦਿਆਰਥੀਆਂ ਦੀ ਗਿਣਤੀ ਅਤੇ ਉਨ੍ਹਾਂ ਨਾਲ ਸਬੰਧਤ ਮੁੱਢਲੀ ਜਾਣਕਾਰੀ ਇਕੱਠੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

5 ਅਕਤੂਬਰ ਤੱਕ ਗੂਗਲ ਸ਼ੀਟ ਰਾਹੀਂ ਇਕੱਠਾ ਕੀਤਾ ਜਾਵੇਗਾ ਡੇਟਾ

ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਸੂਬੇ ਦੇ ਸਾਰੇ ਸਬੰਧਤ ਸਕੂਲਾਂ ਤੋਂ 11ਵੀਂ ਅਤੇ 12ਵੀਂ ਜਮਾਤ ਦੇ ਵਿਗਿਆਨ ਵਿਸ਼ੇ ਦੇ ਵਿਦਿਆਰਥੀਆਂ ਦੀ ਸਕੂਲ-ਵਾਰ ਅਤੇ ਵਿਦਿਆਰਥੀ-ਵਾਰ ਜਾਣਕਾਰੀ ਇੱਕ ਨਮੂਨਾ ਗੂਗਲ ਸ਼ੀਟ ਰਾਹੀਂ ਮੰਗੀ ਗਈ ਹੈ। ਇਸ ਡੇਟਾ ਨੂੰ ਇਕੱਠਾ ਕਰਨ ਅਤੇ ਨਿਰਧਾਰਤ ਸਮੇਂ ਅੰਦਰ ਪੂਰਾ ਕਰਨ ਲਈ 5 ਅਕਤੂਬਰ ਦੀ ਆਖ਼ਰੀ ਮਿਤੀ ਤੈਅ ਕੀਤੀ ਗਈ ਹੈ।

ਸਕੂਲਾਂ ਵਿੱਚ ਤਾਇਨਾਤ ਕੰਪਿਊਟਰ ਫੈਕਲਟੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਆਪਣੇ ਸਕੂਲ ਦੇ ਸਬੰਧਤ ਵਿਦਿਆਰਥੀਆਂ ਦੀ ਜਾਣਕਾਰੀ ਨਿਰਧਾਰਤ ਗੂਗਲ ਸ਼ੀਟ ਵਿੱਚ ਸਮੇਂ ਸਿਰ ਦਰਜ ਕਰਨਾ ਯਕੀਨੀ ਬਣਾਉਣ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਸਬੰਧਤ ਸਕੂਲਾਂ ਵੱਲੋਂ ਨਿਰਧਾਰਤ ਸਮੇਂ ਤੱਕ ਡੇਟਾ ਭਰਿਆ ਜਾਣਾ ਲਾਜ਼ਮੀ ਹੋਵੇਗਾ, ਤਾਂ ਜੋ ਅਗਲੇਰੀ ਯੋਜਨਾਬੰਦੀ ਅਤੇ ਤਿਆਰੀ ਦੇ ਪ੍ਰਬੰਧਾਂ ਨੂੰ ਸਮੇਂ ਸਿਰ ਅਮਲ ਵਿੱਚ ਲਿਆਂਦਾ ਜਾ ਸਕੇ।

ਜ਼ਿਲ੍ਹਾ ਪੱਧਰ ‘ਤੇ ਡੇਟਾ ਇਕੱਠਾ ਕਰਨ ਲਈ ਦੋ ਕੰਪਿਊਟਰ ਫੈਕਲਟੀ ਮੈਂਬਰ ਤਾਇਨਾਤ

ਸੂਬਾ ਪੱਧਰ ‘ਤੇ ਵਿਦਿਆਰਥੀਆਂ ਦਾ ਇਕਜੁੱਟ ਅਤੇ ਸਹੀ ਡੇਟਾ ਤਿਆਰ ਕਰਨ ਲਈ ਜ਼ਿਲ੍ਹਾ ਪੱਧਰ ‘ਤੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਤਹਿਤ ਹਰੇਕ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਦੋ ਕੰਪਿਊਟਰ ਫੈਕਲਟੀ ਮੈਂਬਰਾਂ ਨੂੰ ਡੇਟਾ ਇਕੱਠਾ ਕਰਨ ਅਤੇ ਇਸ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਨ੍ਹਾਂ ਮੈਂਬਰਾਂ ਨੂੰ ਆਪਣੇ ਪੂਰੇ ਵੇਰਵੇ, ਜਿਨ੍ਹਾਂ ਵਿੱਚ ਸੰਪਰਕ ਨੰਬਰ ਵੀ ਸ਼ਾਮਲ ਹੈ, ਵਟਸਐਪ ਗਰੁੱਪ ਰਾਹੀਂ ਵਿਭਾਗ ਦੇ ਹੈੱਡਕੁਆਰਟਰ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਸ ਤੋਂ ਇਲਾਵਾ, ਜ਼ਿਲ੍ਹਾ ਪੱਧਰ ‘ਤੇ ਤਾਇਨਾਤ ਕੰਪਿਊਟਰ ਫੈਕਲਟੀ ਨੂੰ ਵਿਗਿਆਨ ਗਰੁੱਪ ਨਾਲ ਸਬੰਧਤ ਸਕੂਲਾਂ ਦੇ ਨਾਂ ਅਤੇ ਵਿਦਿਆਰਥੀਆਂ ਦੀ ਜਾਣਕਾਰੀ ਦਰਜ ਕਰਨ ਲਈ ਗੂਗਲ ਸ਼ੀਟ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਸ਼ੀਟ ਵਿੱਚ ਸਕੂਲਾਂ ਦੇ ਨਾਂ ਅਤੇ ਵਿਦਿਆਰਥੀਆਂ ਲਈ ਵੱਖ-ਵੱਖ ਕਾਲਮ ਪਹਿਲਾਂ ਤੋਂ ਨਿਰਧਾਰਤ ਕੀਤੇ ਜਾਣਗੇ, ਤਾਂ ਜੋ ਡੇਟਾ ਦਰਜ ਕਰਨ ਸਮੇਂ ਕਿਸੇ ਵੀ ਤਰ੍ਹਾਂ ਦੀ ਉਲਝਣ, ਦੁਹਰਾਅ ਜਾਂ ਓਵਰਲੈਪ ਦੀ ਸੰਭਾਵਨਾ ਨਾ ਰਹੇ।

ਕੰਮ ਵਿੱਚ ਲਾਪਰਵਾਹੀ ਵਰਤਣ ਵਾਲਿਆਂ ਦੀ ਤੈਅ ਹੋਵੇਗੀ ਜ਼ਿੰਮੇਵਾਰੀ

ਸਿੱਖਿਆ ਵਿਭਾਗ ਨੇ ਇਸ ਸਮੁੱਚੀ ਪ੍ਰਕਿਰਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਰੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ। ਵਿਭਾਗ ਅਨੁਸਾਰ, ਵਿਦਿਆਰਥੀਆਂ ਦਾ ਸਹੀ ਅਤੇ ਮੁਕੰਮਲ ਡੇਟਾ ਤਿਆਰ ਕਰਨਾ ਇਸ ਯੋਜਨਾ ਦਾ ਅਹਿਮ ਹਿੱਸਾ ਹੈ, ਜਿਸ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਲਈ ਡੇਟਾ ਇਕੱਠਾ ਕਰਨ, ਉਸ ਨੂੰ ਗੂਗਲ ਸ਼ੀਟ ਵਿੱਚ ਦਰਜ ਕਰਨ ਅਤੇ ਨਿਰਧਾਰਤ ਸਮੇਂ ਅੰਦਰ ਹੈੱਡਕੁਆਰਟਰ ਤੱਕ ਪਹੁੰਚਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਇਸ ਕੰਮ ਵਿੱਚ ਕੋਈ ਅਣਗਹਿਲੀ ਜਾਂ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਇਸ ਲਈ ਸਬੰਧਤ ਵਿਅਕਤੀ ਨਿੱਜੀ ਤੌਰ ‘ਤੇ ਜ਼ਿੰਮੇਵਾਰ ਹੋਵੇਗਾ। ਇਸ ਪਹਿਲਕਦਮੀ ਰਾਹੀਂ ਸਰਕਾਰੀ ਸਕੂਲਾਂ ਦੇ ਵਿਗਿਆਨ ਦੇ ਵਿਦਿਆਰਥੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ JEE ਮੇਨਜ਼ ਅਤੇ NEET ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਯੋਜਨਾਬੱਧ ਢੰਗ ਨਾਲ ਸਹਾਇਤਾ ਪ੍ਰਦਾਨ ਕਰਨ ਵਾਸਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *