
ਚੰਡੀਗੜ੍ਹ, 2 ਅਕਤੂਬਰ 2026: ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ‘ਦੈਨਿਕ ਭਾਸਕਰ’ ਅਖ਼ਬਾਰ ਦੇ ਸਟੇਟ ਐਡੀਟਰ (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ) ਸ੍ਰੀ ਬਲਦੇਵ ਕ੍ਰਿਸ਼ਨ ਸ਼ਰਮਾ ਦੀ ਮਾਤਾ ਸ਼੍ਰੀਮਤੀ ਮੂਰਤੀ ਦੇਵੀ ਦੇ ਦੇਹਾਂਤ ’ਤੇ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਸ਼੍ਰੀਮਤੀ ਮੂਰਤੀ ਦੇਵੀ 80 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਤਿੰਨ ਪੁੱਤਰ ਅਤੇ ਦੋ ਧੀਆਂ ਹਨ। ਉਨ੍ਹਾਂ ਦੇ ਦੇਹਾਂਤ ਨਾਲ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਵਿੱਚ ਸੋਗ ਦੀ ਲਹਿਰ ਹੈ।
ਆਪਣੇ ਸ਼ੋਕ ਸੰਦੇਸ਼ ਵਿੱਚ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮਾਂ ਦਾ ਵਿਛੋੜਾ ਜ਼ਿੰਦਗੀ ਦਾ ਅਜਿਹਾ ਦੁੱਖ ਹੈ, ਜਿਸ ਦੀ ਭਰਪਾਈ ਕਦੇ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਮਾਂ ਪਰਿਵਾਰ ਲਈ ਪਿਆਰ, ਮਮਤਾ ਅਤੇ ਸਹਾਰੇ ਦਾ ਸਭ ਤੋਂ ਵੱਡਾ ਸਰੋਤ ਹੁੰਦੀ ਹੈ ਅਤੇ ਉਸ ਦਾ ਵਿਛੋੜਾ ਹਮੇਸ਼ਾ ਇੱਕ ਨਾ ਪੂਰਿਆ ਜਾਣ ਵਾਲਾ ਘਾਟਾ ਰਹਿੰਦਾ ਹੈ।
ਉਨ੍ਹਾਂ ਸ੍ਰੀ ਬਲਦੇਵ ਕ੍ਰਿਸ਼ਨ ਸ਼ਰਮਾ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਔਖੇ ਸਮੇਂ ਵਿੱਚ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹਨ।
ਸ. ਬੈਂਸ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀਂ ਨਿਵਾਸ ਬਖ਼ਸ਼ਣ ਅਤੇ ਦੁਖੀ ਪਰਿਵਾਰ ਨੂੰ ਇਹ ਅਸਹਿ ਭਾਣਾ ਮੰਨਣ ਦਾ ਬਲ ਅਤੇ ਹੌਸਲਾ ਪ੍ਰਦਾਨ ਕਰਨ।
