
ਚੰਡੀਗੜ੍ਹ, 29 ਜਨਵਰੀ 2026: ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਸ਼ੁਰੂ ਕੀਤੀ ਗਈ ਫਲੈਗਸ਼ਿਪ ਮੁਹਿੰਮ “ਸਾਡੇ ਬਜ਼ੁਰਗ ਸਾਡਾ ਮਾਣ” ਦੇ ਤਹਿਤ ਪੂਰੇ ਸੂਬੇ ਲਈ ਵਿਸਤ੍ਰਿਤ ਕਾਰਜਕ੍ਰਮ ਜਾਰੀ ਕਰ ਦਿੱਤਾ ਗਿਆ ਹੈ। ਇਸ ਅਭਿਆਨ ਅਧੀਨ 18 ਫਰਵਰੀ 2026 ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਬਜ਼ੁਰਗਾਂ ਲਈ ਵਿਸ਼ੇਸ਼ ਸਿਹਤ ਜਾਂਚ ਕੈਂਪ ਆਯੋਜਿਤ ਕੀਤੇ ਜਾਣਗੇ। ਇਸ ਮੁਹਿੰਮ ਦੀ ਸਰਕਾਰੀ ਸ਼ੁਰੂਆਤ 16 ਜਨਵਰੀ ਨੂੰ ਮੋਹਾਲੀ ਵਿੱਚ ਕੀਤੀ ਗਈ ਸੀ, ਜਿਸ ਦਾ ਮੁੱਖ ਉਦੇਸ਼ ਬਜ਼ੁਰਗਾਂ ਨੂੰ ਸੁਲਭ ਸਿਹਤ ਸਹੂਲਤਾਂ, ਸਮਾਜਿਕ ਸੁਰੱਖਿਆ ਅਤੇ ਸਨਮਾਨ ਪ੍ਰਦਾਨ ਕਰਨਾ ਹੈ।
ਇਹ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਟੇਟ ਐਕਸ਼ਨ ਪਲਾਨ ਫਾਰ ਸੀਨੀਅਰ ਸਿਟੀਜ਼ਨ ਅਧੀਨ ਵਿੱਤੀ ਵਰ੍ਹਾ 2025–26 ਦੌਰਾਨ ਕਰੀਬ 7.86 ਕਰੋੜ ਰੁਪਏ ਦੀ ਰਕਮ ਖਰਚ ਕਰਕੇ ਬਜ਼ੁਰਗਾਂ ਲਈ ਵਿਸਤ੍ਰਿਤ ਸਿਹਤ ਸੇਵਾਵਾਂ, ਜਾਗਰੂਕਤਾ ਪ੍ਰੋਗਰਾਮ ਅਤੇ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਮੁਹਿੰਮ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਦੀ ਲੋਕ-ਹਿਤੈਸ਼ੀ ਅਤੇ ਸੰਵੇਦਨਸ਼ੀਲ ਨੀਤੀ ਦਾ ਪ੍ਰਤੀਬਿੰਬ ਹੈ, ਜਿਸ ਤਹਿਤ ਬਜ਼ੁਰਗਾਂ ਨੂੰ ਸੁਰੱਖਿਅਤ, ਸਿਹਤਮੰਦ ਅਤੇ ਸਨਮਾਨਪੂਰਕ ਜੀਵਨ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਰ ਸਿਹਤ ਕੈਂਪਾਂ ਦੀ ਸ਼ੁਰੂਆਤ 2 ਫਰਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਤੋਂ ਹੋਵੇਗੀ। ਇਸ ਤੋਂ ਬਾਅਦ 3 ਫਰਵਰੀ ਨੂੰ ਬਠਿੰਡਾ ਅਤੇ ਮਾਨਸਾ, 4 ਫਰਵਰੀ ਨੂੰ ਲੁਧਿਆਣਾ, 5 ਫਰਵਰੀ ਨੂੰ ਮੋਗਾ ਅਤੇ ਫਿਰੋਜ਼ਪੁਰ, 6 ਫਰਵਰੀ ਨੂੰ ਅੰਮ੍ਰਿਤਸਰ ਅਤੇ ਤਰਨਤਾਰਨ ਅਤੇ 9 ਫਰਵਰੀ ਨੂੰ ਫਰੀਦਕੋਟ ਵਿੱਚ ਕੈਂਪ ਲਗਾਏ ਜਾਣਗੇ।
ਇਸੇ ਤਰ੍ਹਾਂ 10 ਫਰਵਰੀ ਨੂੰ ਪਟਿਆਲਾ, 11 ਫਰਵਰੀ ਨੂੰ ਰੂਪਨਗਰ ਅਤੇ ਫਤਿਹਗੜ੍ਹ ਸਾਹਿਬ, 12 ਫਰਵਰੀ ਨੂੰ ਐਸ.ਬੀ.ਐਸ. ਨਗਰ ਅਤੇ ਹੁਸ਼ਿਆਰਪੁਰ, 13 ਫਰਵਰੀ ਨੂੰ ਬਰਨਾਲਾ ਅਤੇ ਮਲੇਰਕੋਟਲਾ, 16 ਫਰਵਰੀ ਨੂੰ ਜਲੰਧਰ ਅਤੇ ਕਪੂਰਥਲਾ, 17 ਫਰਵਰੀ ਨੂੰ ਗੁਰਦਾਸਪੁਰ ਅਤੇ ਪਠਾਨਕੋਟ ਅਤੇ 18 ਫਰਵਰੀ 2026 ਨੂੰ ਸੰਗਰੂਰ ਵਿੱਚ ਬਜ਼ੁਰਗਾਂ ਲਈ ਵਿਸ਼ੇਸ਼ ਸਿਹਤ ਕੈਂਪ ਆਯੋਜਿਤ ਕੀਤੇ ਜਾਣਗੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਬਜ਼ੁਰਗਾਂ ਦੀ ਮੁਫ਼ਤ ਪੂਰੀ ਜਰੀਏਟ੍ਰਿਕ ਜਾਂਚ, ਈ.ਐਨ.ਟੀ. ਜਾਂਚ, ਅੱਖਾਂ ਦੀ ਜਾਂਚ ਅਤੇ ਮੋਤੀਆਬਿੰਦ ਦੀ ਸਰਜਰੀ ਮਾਹਰ ਡਾਕਟਰਾਂ ਵੱਲੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੀਨੀਅਰ ਸਿਟੀਜ਼ਨ ਕਾਰਡ, ਬੁਢਾਪਾ ਪੈਨਸ਼ਨ ਅਤੇ ਹੋਰ ਸਮਾਜਿਕ ਸੁਰੱਖਿਆ ਯੋਜਨਾਵਾਂ ਸਬੰਧੀ ਸਹੂਲਤਾਂ ਵੀ ਇਕੋ ਥਾਂ ਉਪਲਬਧ ਕਰਵਾਈਆਂ ਜਾਣਗੀਆਂ।
ਉਨ੍ਹਾਂ ਹੋਰ ਦੱਸਿਆ ਕਿ ALIMCO ਵੱਲੋਂ ਬਜ਼ੁਰਗਾਂ ਨੂੰ ਵ੍ਹੀਲਚੇਅਰ, ਸੁਣਨ ਸਹਾਇਕ ਯੰਤਰ ਅਤੇ ਨਜ਼ਦੀਕੀ ਐਨਕਾਂ ਵਰਗੇ ਸਹਾਇਕ ਉਪਕਰਣ ਮੁਫ਼ਤ ਵੰਡੇ ਜਾਣਗੇ, ਜਦਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਾਤਾ-ਪਿਤਾ ਅਤੇ ਸੀਨੀਅਰ ਸਿਟੀਜ਼ਨ ਮੈਨਟੀਨੈਂਸ ਐਕਟ ਬਾਰੇ ਕਾਨੂੰਨੀ ਜਾਗਰੂਕਤਾ ਵੀ ਦਿੱਤੀ ਜਾਵੇਗੀ।
ਡਾ. ਬਲਜੀਤ ਕੌਰ ਨੇ ਦੁਹਰਾਇਆ ਕਿ ਮਾਨ ਸਰਕਾਰ ਬਜ਼ੁਰਗਾਂ ਨੂੰ ਸਿਰਫ਼ ਭਲਾਈ ਸਕੀਮਾਂ ਹੀ ਨਹੀਂ, ਸਗੋਂ ਸਨਮਾਨ, ਸੁਰੱਖਿਆ ਅਤੇ ਸਮਾਜਿਕ ਸਹਾਰਾ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਅੰਤ ਵਿੱਚ ਕੈਬਨਿਟ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਸ-ਪਾਸ ਰਹਿੰਦੇ ਬਜ਼ੁਰਗਾਂ ਨੂੰ ਇਸ ਮੁਹਿੰਮ ਤਹਿਤ ਲਗਾਏ ਜਾਣ ਵਾਲੇ ਸਿਹਤ ਅਤੇ ਜਾਗਰੂਕਤਾ ਕੈਂਪਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਲੈ ਕੇ ਆਉਣ, ਤਾਂ ਜੋ ਉਹ ਇਨ੍ਹਾਂ ਸਹੂਲਤਾਂ ਦਾ ਪੂਰਾ ਲਾਭ ਉਠਾ ਸਕਣ ਅਤੇ ਸਿਹਤਮੰਦ, ਸੁਰੱਖਿਅਤ ਜੀਵਨ ਬਿਤਾ ਸਕਣ।
