Saturday, May 23Punjabi People

ਊਰਜਾ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਪੇਡਾ ਵੱਲੋਂ ਅਕਾਦਮਿਕ ਸੰਸਥਾਵਾਂ ਨਾਲ ਖੋਜ ਪ੍ਰੋਜੈਕਟਾਂ ਦੇ ਸਮਝੌਤੇ

ਚੰਡੀਗੜ੍ਹ, 28 ਜਨਵਰੀ 2026: ਸੂਬੇ ਵਿੱਚ ਟਿਕਾਊ, ਪਰਿਆਵਰਣ-ਅਨੁਕੂਲ ਅਤੇ ਊਰਜਾ-ਕੁਸ਼ਲ ਭਵਿੱਖ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਊਰਜਾ ਸੰਭਾਲ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ (ਆਰ ਐਂਡ ਡੀ) ਗਤੀਵਿਧੀਆਂ ਨੂੰ ਮਜ਼ਬੂਤ ਕਰਨ ਲਈ ਪ੍ਰਸਿੱਧ ਅਕਾਦਮਿਕ ਸੰਸਥਾਵਾਂ ਨਾਲ ਦੋ ਸਮਝੌਤੇ ਸਹੀਬੱਧ ਕੀਤੇ ਹਨ।

ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਮਾਰਤਾਂ, ਉਦਯੋਗਿਕ ਇਕਾਈਆਂ ਅਤੇ ਜਨਤਕ ਬੁਨਿਆਦੀ ਢਾਂਚੇ ਵਿੱਚ ਊਰਜਾ ਕੁਸ਼ਲਤਾ ਨੂੰ ਉੱਚ ਪੱਧਰ ‘ਤੇ ਲਿਜਾਣ ਲਈ ਖੋਜ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੇਡਾ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਅਤੇ ਭਾਈ ਗੁਰਦਾਸ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਸੰਗਰੂਰ ਨਾਲ ਇਹ ਸਮਝੌਤੇ ਕੀਤੇ ਗਏ ਹਨ।

ਇਨ੍ਹਾਂ ਸਮਝੌਤਿਆਂ ਲਈ ਪੇਡਾ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਮੁੱਖ ਮਕਸਦ ਸੂਬੇ ਵਿੱਚ ਊਰਜਾ ਦੀ ਖਪਤ ਘਟਾਉਣ ਅਤੇ ਕੁਸ਼ਲਤਾ ਵਿੱਚ ਵਾਧਾ ਕਰਨ ਲਈ ਨਵੀਨਤਾ, ਖੋਜ ਅਤੇ ਵਿਹਾਰਕ ਹੱਲਾਂ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ, ਅਕਾਦਮਿਕ ਸੰਸਥਾਵਾਂ ਅਤੇ ਵਿਦਿਆਰਥੀਆਂ ਦਰਮਿਆਨ ਮਜ਼ਬੂਤ ਸਹਿਯੋਗ ਰਾਹੀਂ ਊਰਜਾ ਸੰਭਾਲ ਸੰਬੰਧੀ ਨਵੇਂ ਅਧਿਐਨ ਅਤੇ ਤਕਨੀਕੀ ਵਿਕਾਸ ਨੂੰ ਹੋਰ ਗਤੀ ਮਿਲੇਗੀ।

ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਇੰਜੀਨੀਅਰਿੰਗ ਕਾਲਜਾਂ, ਯੂਨੀਵਰਸਿਟੀਆਂ ਅਤੇ ਤਕਨੀਕੀ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਊਰਜਾ ਨਾਲ ਸੰਬੰਧਿਤ ਖੋਜ ਕਾਰਜਾਂ, ਖੇਤਰੀ ਅਧਿਐਨਾਂ, ਤਕਨਾਲੋਜੀ ਵਿਕਾਸ ਅਤੇ ਪਾਇਲਟ ਪ੍ਰੋਜੈਕਟਾਂ ਵਿੱਚ ਸਰਗਰਮ ਭਾਗੀਦਾਰੀ ਦਾ ਮੌਕਾ ਮਿਲੇਗਾ, ਜਿਸ ਨਾਲ ਨੌਜਵਾਨ ਪ੍ਰਤਿਭਾ ਨੂੰ ਨਿਖਾਰਣ ਅਤੇ ਤਕਨੀਕੀ ਹੁਨਰਾਂ ਵਿੱਚ ਵਾਧਾ ਹੋਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਇਹ ਸਮਝੌਤੇ ਪੇਡਾ ਦੀ ਸੀਈਓ ਸ਼੍ਰੀਮਤੀ ਨੀਲਿਮਾ ਵੱਲੋਂ ਸਹੀਬੱਧ ਕੀਤੇ ਗਏ ਹਨ ਅਤੇ ਇਨ੍ਹਾਂ ਦੇ ਅਧੀਨ ਸ਼ੁਰੂ ਕੀਤੇ ਜਾਣ ਵਾਲੇ ਖੋਜ ਅਤੇ ਵਿਕਾਸ ਪ੍ਰੋਜੈਕਟ ਸੂਬੇ ਭਰ ਵਿੱਚ ਇਮਾਰਤਾਂ, ਉਦਯੋਗਾਂ ਅਤੇ ਜਨਤਕ ਥਾਵਾਂ ਵਿੱਚ ਊਰਜਾ ਕੁਸ਼ਲਤਾ ਵਧਾਉਣ, ਗਰੀਨ ਤਕਨਾਲੋਜੀਆਂ ਅਤੇ ਬਿਹਤਰ ਅਭਿਆਸਾਂ ਨੂੰ ਪ੍ਰੋਤਸਾਹਿਤ ਕਰਨ, ਲੰਬੇ ਸਮੇਂ ਦੀ ਊਰਜਾ ਯੋਜਨਾਬੰਦੀ ਲਈ ਨੀਤੀਆਂ ਤਿਆਰ ਕਰਨ ਅਤੇ ਊਰਜਾ ਲਾਗਤਾਂ ਦੇ ਨਾਲ ਨਾਲ ਕਾਰਬਨ ਉਤਸਰਜਨ ਘਟਾਉਣ ‘ਤੇ ਕੇਂਦ੍ਰਿਤ ਹੋਣਗੇ।

ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਊਰਜਾ ਕੁਸ਼ਲਤਾ ਅਤੇ ਸਥਾਈ ਵਿਕਾਸ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਹ ਕਦਮ ਪੰਜਾਬ ਨੂੰ ਊਰਜਾ ਦੀ ਸੁਚੱਜੀ ਅਤੇ ਜ਼ਿੰਮੇਵਾਰ ਵਰਤੋਂ ਲਈ ਇੱਕ ਮਿਸਾਲੀ ਸੂਬਾ ਬਣਾਉਣ ਵੱਲ ਅਹਿਮ ਯੋਗਦਾਨ ਪਾਉਣਗੇ।

ਇਸ ਮੌਕੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗ ਨੇ ਕਿਹਾ ਕਿ ਅਕਾਦਮਿਕ ਸੰਸਥਾਵਾਂ ਨਾਲ ਕੀਤਾ ਗਿਆ ਇਹ ਸਹਿਯੋਗ ਪੰਜਾਬ ਦੇ ਊਰਜਾ ਸੰਭਾਲ ਟੀਚਿਆਂ ਦੀ ਪ੍ਰਾਪਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਨਵੀਨਤਾ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਫੈਕਲਟੀ ਦੀ ਸਮਰੱਥਾ ਵਿੱਚ ਵਾਧਾ ਕਰੇਗੀ ਅਤੇ ਸਾਫ਼-ਸੁਥਰੇ ਵਾਤਾਵਰਣ ਲਈ ਕਾਰਬਨ ਉਤਸਰਜਨ ਘਟਾ ਕੇ ਸੂਬੇ ਲਈ ਲਾਭਦਾਇਕ ਸਾਬਤ ਹੋਵੇਗੀ।

Leave a Reply

Your email address will not be published. Required fields are marked *