
ਭਾਰਤ ਦੇ ਸਭ ਤੋਂ ਲੋਕਪ੍ਰਿਯ ਰਿਐਲਿਟੀ ਸ਼ੋਅਜ਼ ਵਿੱਚੋਂ ਇੱਕ, “ਬਿੱਗ ਬੌਸ”, ਪਿਛਲੇ 19 ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦਾ ਆ ਰਿਹਾ ਹੈ। ਇਸ ਸ਼ੋਅ ਦੇ ਹੁਣ ਤੱਕ ਤਿੰਨ ਸੀਜ਼ਨ OTT ਪਲੇਟਫਾਰਮ ‘ਤੇ ਪ੍ਰਸਾਰਿਤ ਹੋ ਚੁੱਕੇ ਹਨ। ਤੀਜੇ ਸੀਜ਼ਨ ਦੇ ਖ਼ਤਮ ਹੋਣ ਤੋਂ ਬਾਅਦ, ਦਰਸ਼ਕ ਬਿੱਗ ਬੌਸ OTT ਸੀਜ਼ਨ 4 ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਪਰ ਹੁਣ ਉਨ੍ਹਾਂ ਨੂੰ ਨਿਰਾਸ਼ਾ ਮਿਲੀ ਹੈ। ਦਰਅਸਲ, ਨਿਰਮਾਤਾਵਾਂ ਵੱਲੋਂ ਇੱਕ ਚੌਕਾਉਂਦਾ ਫੈਸਲਾ ਲਿਆ ਗਿਆ ਹੈ।
ਬਿੱਗ ਬੌਸ ਟਾਕ ਦੀ ਰਿਪੋਰਟ ਮੁਤਾਬਕ, ਹਿੰਦੀ ਭਾਸ਼ਾ ਵਿੱਚ ਬਣਦਾ “ਬਿੱਗ ਬੌਸ OTT” ਅਣਮਿਆਦੀ ਸਮੇਂ ਲਈ ਰੱਦ ਕਰ ਦਿੱਤਾ ਗਿਆ ਹੈ। ਨਿਰਮਾਤਾਵਾਂ ਦਾ ਮੰਨਣਾ ਹੈ ਕਿ ਹੁਣ ਹਿੰਦੀ ਵਿੱਚ ਸਿਰਫ਼ ਇੱਕ ਹੀ ਬਿੱਗ ਬੌਸ ਸ਼ੋਅ ਹੋਵੇਗਾ, ਜੋ ਟੀਵੀ ਅਤੇ OTT ਦੋਵਾਂ ਪਲੇਟਫਾਰਮਾਂ ‘ਤੇ ਇਕੱਠੇ ਦਿਖਾਇਆ ਜਾਵੇਗਾ।
ਨਿਰਮਾਤਾ ਨਹੀਂ ਚਾਹੁੰਦੇ ਕਿ ਦਰਸ਼ਕ ਸਿਰਫ਼ ਟੀਵੀ ਜਾਂ ਸਿਰਫ਼ ਡਿਜੀਟਲ ਪਲੇਟਫਾਰਮ ਤੱਕ ਹੀ ਸੀਮਿਤ ਰਹਿਣ। ਹੁਣ ਦਰਸ਼ਕ ਇੱਕੋ ਹੀ ਸ਼ੋਅ ਦੋਵਾਂ ਮਾਧਿਅਮਾਂ ‘ਤੇ ਦੇਖ ਸਕਣਗੇ, ਜਿਵੇਂ ਕਿ ਬਿੱਗ ਬੌਸ 19 ਦੇ ਨਾਲ ਕੀਤਾ ਗਿਆ।ਬਿੱਗ ਬੌਸ OTT ਸੀਜ਼ਨ 1 ਦੀ ਮੇਜ਼ਬਾਨੀ ਕਰਨ ਜੌਹਰ ਨੇ ਕੀਤੀ ਸੀ ਅਤੇ ਇਸ ਦਾ ਖਿਤਾਬ ਦਿਵਿਆ ਅਗਰਵਾਲ ਨੇ ਜਿੱਤਿਆ ਸੀ। ਦੂਜੇ ਸੀਜ਼ਨ ਨੂੰ ਸਲਮਾਨ ਖਾਨ ਨੇ ਹੋਸਟ ਕੀਤਾ, ਜਿਸ ਵਿੱਚ ਐਲਵਿਸ਼ ਯਾਦਵ ਜੇਤੂ ਬਣਿਆ। ਤੀਜੇ ਸੀਜ਼ਨ ਦੀ ਮੇਜ਼ਬਾਨੀ ਅਨਿਲ ਕਪੂਰ ਨੇ ਕੀਤੀ ਅਤੇ ਸਨਾ ਮਕਬੂਲ ਨੇ ਟ੍ਰਾਫੀ ਆਪਣੇ ਨਾਮ ਕੀਤੀ। ਹਾਲਾਂਕਿ ਸੀਜ਼ਨ 4 ਆਉਣ ਦੀ ਉਮੀਦ ਸੀ, ਪਰ ਹੁਣ ਇਹ ਉਪਲਬਧ ਨਹੀਂ ਹੋਵੇਗਾ।
ਦਰਸ਼ਕ ਵੀ ਨਿਰਮਾਤਾਵਾਂ ਦੇ ਇਸ ਫੈਸਲੇ ਨਾਲ ਸਹਿਮਤ ਨਜ਼ਰ ਆ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਜਦੋਂ ਟੀਵੀ ਵਰਜ਼ਨ OTT ‘ਤੇ ਹੀ ਦੇਖਿਆ ਜਾ ਸਕਦਾ ਹੈ, ਤਾਂ ਵੱਖਰੇ OTT ਸ਼ੋਅ ਦੀ ਲੋੜ ਨਹੀਂ।” ਦੂਜੇ ਯੂਜ਼ਰ ਨੇ ਕਿਹਾ, “ਜਦੋਂ ਨਿਯਮਤ ਬਿੱਗ ਬੌਸ OTT ‘ਤੇ ਸਟ੍ਰੀਮ ਹੁੰਦਾ ਹੈ, ਤਾਂ ਬਿੱਗ ਬੌਸ OTT ਦਾ ਅਲੱਗ ਹੋਣਾ ਬੇਮਤਲਬ ਹੈ।”
