Saturday, September 12Punjabi People

ਕਾਂਗਰਸ ਨੂੰ ਵੱਡਾ ਝਟਕਾ, ਸੰਗਰੂਰ ਦੇ ਕਈ ਪ੍ਰਮੁੱਖ ਆਗੂ ਤੇ ਵਰਕਰ ‘ਆਪ’ ਵਿੱਚ ਸ਼ਾਮਲ

ਸੰਗਰੂਰ/ਚੰਡੀਗੜ੍ਹ, 17 ਅਗਸਤ 2026: ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਨਵਾਂ ਸਿਆਸੀ ਘਟਨਾਕ੍ਰਮ ਦੇਖਣ ਨੂੰ ਮਿਲਿਆ, ਜਦੋਂ ਕਾਂਗਰਸ ਨਾਲ ਸਬੰਧਤ ਕਈ ਪ੍ਰਮੁੱਖ ਆਗੂ, ਸਾਬਕਾ ਅਹੁਦੇਦਾਰ, ਚੁਣੇ ਹੋਏ ਨੁਮਾਇੰਦੇ ਅਤੇ ਸਮਾਜਿਕ ਸ਼ਖਸੀਅਤਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈਆਂ। ਇਨ੍ਹਾਂ ਆਗੂਆਂ ਨੇ ‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਪੰਜਾਬ ‘ਆਪ’ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਦੀ ਮੌਜੂਦਗੀ ਵਿੱਚ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ।

‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਨਮੀਕ ਸਿੰਘ ਹੈਨਰੀ (ਮੈਂਬਰ, ਪੀਪੀਸੀਸੀ ਅਤੇ ਕੋਆਰਡੀਨੇਟਰ, ਹਲਕਾ ਦਿੜ੍ਹਬਾ), ਪ੍ਰਭ ਨੂਰ ਸਿੱਧੂ (ਸੂਬਾ ਸਕੱਤਰ, ਯੂਥ ਕਾਂਗਰਸ ਅਤੇ ਸਾਬਕਾ ਮੀਤ ਪ੍ਰਧਾਨ, ਜ਼ਿਲ੍ਹਾ ਸੰਗਰੂਰ), ਐਡਵੋਕੇਟ ਰਜਨੀਸ਼ ਗੁਪਤਾ (ਮੈਂਬਰ, ਪੰਜਾਬ ਰਾਜ ਸ਼ਿਕਾਇਤ ਨਿਵਾਰਨ ਕਮੇਟੀ ਅਤੇ ਵਾਰਡ ਨੰਬਰ 6, ਲਹਿਰਾਗਾਗਾ ਤੋਂ ਮਿਉਂਸਪਲ ਕੌਂਸਲਰ), ਗੁਰਸੇਵਕ ਸਿੰਘ (ਸਾਬਕਾ ਸਰਪੰਚ ਰੋੜੇਵਾਲਾ ਅਤੇ ਮੀਤ ਪ੍ਰਧਾਨ, ਜ਼ਿਲ੍ਹਾ ਕਾਂਗਰਸ ਕਮੇਟੀ), ਲਖਵਿੰਦਰ ਸਿੰਘ (ਜਨਰਲ ਸਕੱਤਰ, ਜ਼ਿਲ੍ਹਾ ਕਾਂਗਰਸ ਕਮੇਟੀ), ਮੰਦੀਪ ਸਿੰਘ (ਜਨਰਲ ਸਕੱਤਰ, ਜ਼ਿਲ੍ਹਾ ਕਾਂਗਰਸ ਕਮੇਟੀ ਅਤੇ ਪ੍ਰਧਾਨ, ਐਸਏਪੀ ਸਟੂਡੈਂਟ ਯੂਨੀਅਨ, ਪਟਿਆਲਾ), ਵੀਰ ਸਿੰਘ (ਸਾਬਕਾ ਸਰਪੰਚ, ਸਲੇਮਗੜ੍ਹ), ਸੁਖਵਿੰਦਰ ਸਿੰਘ (ਡੀਪੀ ਮਾਸਟਰ), ਰੋਹਿਤ ਕੁਮਾਰ ਸਿੰਗਲਾ (ਪ੍ਰਾਪਰਟੀ ਐਡਵਾਈਜ਼ਰ), ਰੌਕੀ ਗਰਗ (ਕਾਰੋਬਾਰੀ), ਡਾ. ਬਲਜੀਤ ਸਿੰਘ (ਸਾਬਕਾ ਸਰਪੰਚ ਅਤੇ ਸਾਬਕਾ ਚੇਅਰਮੈਨ, ਐਸਸੀ ਵਿੰਗ), ਗੁਰਪ੍ਰੀਤ ਸਿੰਘ (ਸਾਬਕਾ ਬੀਐਸਐਫ ਜਵਾਨ) ਅਤੇ ਸੁਖਪਾਲ ਸ਼ਰਮਾ (ਕਾਰੋਬਾਰੀ) ਸ਼ਾਮਲ ਹਨ।

ਇਸ ਮੌਕੇ ਮਨੀਸ਼ ਸਿਸੋਦੀਆ ਨੇ ਨਵੇਂ ਸ਼ਾਮਲ ਹੋਏ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਨਾਲ ਸੱਚਾ ਪਿਆਰ ਕਰਨ ਵਾਲੇ ਵੱਖ-ਵੱਖ ਪਾਰਟੀਆਂ ਦੇ ਆਗੂ ਹੁਣ ਆਮ ਆਦਮੀ ਪਾਰਟੀ ਨੂੰ ਸੂਬੇ ਦੇ ਭਵਿੱਖ ਲਈ ਉਮੀਦ ਦੀ ਕਿਰਨ ਵਜੋਂ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਆਗੂਆਂ ਅਤੇ ਵਰਕਰਾਂ ਦਾ ‘ਆਪ’ ਨਾਲ ਜੁੜਨਾ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੇ ਕੰਮਾਂ ਪ੍ਰਤੀ ਲੋਕਾਂ ਦਾ ਭਰੋਸਾ ਵਧ ਰਿਹਾ ਹੈ।

ਮਨੀਸ਼ ਸਿਸੋਦੀਆ ਨੇ ਮਾਨ ਸਰਕਾਰ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨਾਂ ਲਈ ਖੇਤੀਬਾੜੀ ਵਾਸਤੇ ਪਾਣੀ ਦੀ ਉਪਲਬਧਤਾ ਯਕੀਨੀ ਬਣਾਉਣ, ਸਿੱਖਿਆ ਅਤੇ ਸਿਹਤ ਸਹੂਲਤਾਂ ਵਿੱਚ ਸੁਧਾਰ, ਮੁਫ਼ਤ ਬਿਜਲੀ ਅਤੇ ਔਰਤਾਂ ਲਈ ਵਿੱਤੀ ਸਹਾਇਤਾ ਵਰਗੇ ਕਈ ਕਦਮ ਸਰਕਾਰ ਵੱਲੋਂ ਚੁੱਕੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਤਰੱਕੀ ਦੀ ਰਾਹ ‘ਤੇ ਅੱਗੇ ਲਿਜਾਣ ਲਈ ਆਮ ਆਦਮੀ ਪਾਰਟੀ ਹੀ ਇੱਕ ਮਜ਼ਬੂਤ ਵਿਕਲਪ ਵਜੋਂ ਉਭਰ ਰਹੀ ਹੈ।

ਇਸ ਮੌਕੇ ਸਨਮੀਕ ਸਿੰਘ ਹੈਨਰੀ ਨੇ ਕਿਹਾ ਕਿ ‘ਆਪ’ ਵਿੱਚ ਸ਼ਾਮਲ ਹੋਏ ਬਹੁਤ ਸਾਰੇ ਆਗੂਆਂ ਅਤੇ ਵਰਕਰਾਂ ਨੇ ਕਾਂਗਰਸ ਵਿੱਚ ਲੰਮਾ ਸਮਾਂ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਤੀਜੀ ਪੀੜ੍ਹੀ ਦੇ ਕਾਂਗਰਸੀ ਆਗੂ ਹਨ, ਪਰ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੂੰ ਲਗਾਤਾਰ ਅਣਗੌਲਿਆ ਕੀਤੇ ਜਾਣ ਅਤੇ ਹਾਸ਼ੀਏ ‘ਤੇ ਧੱਕੇ ਜਾਣ ਦਾ ਅਹਿਸਾਸ ਹੁੰਦਾ ਰਿਹਾ। ਉਨ੍ਹਾਂ ਮੁਤਾਬਕ ਜ਼ਮੀਨੀ ਪੱਧਰ ‘ਤੇ ਲੰਮਾ ਸਮਾਂ ਕੰਮ ਕਰਨ ਵਾਲੇ ਵਰਕਰਾਂ ਨੂੰ ਉਨ੍ਹਾਂ ਦੀ ਮਿਹਨਤ ਅਨੁਸਾਰ ਮਾਨਤਾ ਅਤੇ ਮੌਕੇ ਨਹੀਂ ਮਿਲ ਰਹੇ ਸਨ।

ਹੈਨਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਉਨ੍ਹਾਂ ਨੂੰ ਅਜਿਹਾ ਸਿਆਸੀ ਮੰਚ ਨਜ਼ਰ ਆਇਆ ਜਿੱਥੇ ਜ਼ਮੀਨੀ ਪੱਧਰ ਦੇ ਵਰਕਰਾਂ ਦੀ ਭੂਮਿਕਾ ਨੂੰ ਮਹੱਤਵ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਜ਼ਮੀਨੀ ਪੱਧਰ ਤੋਂ ਕੰਮ ਕਰਨ ‘ਤੇ ਜ਼ੋਰ ਦਿੱਤਾ ਹੈ ਅਤੇ ਉਹ ਅਜਿਹੀ ਸੰਸਥਾ ਦਾ ਹਿੱਸਾ ਬਣਨਾ ਚਾਹੁੰਦੇ ਸਨ, ਜਿੱਥੇ ਹਰ ਵਰਕਰ ਦੇ ਯੋਗਦਾਨ ਦੀ ਪਛਾਣ ਅਤੇ ਸਤਿਕਾਰ ਹੋਵੇ।

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੀ ਸ਼ਲਾਘਾ ਕਰਦਿਆਂ ਸਨਮੀਕ ਸਿੰਘ ਹੈਨਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਪਾਣੀ ਦੀ ਸਮੱਸਿਆ ਤੋਂ ਲੈ ਕੇ ਸਕੂਲਾਂ ਵਿੱਚ ਸੁਧਾਰ ਤੱਕ, ਹਲਕੇ ਦੇ ਵੱਖ-ਵੱਖ ਖੇਤਰਾਂ ਵਿੱਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ।

ਹੈਨਰੀ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਪਾਰਟੀ ਦੇ ਸੀਨੀਅਰ ਆਗੂ ਇੱਕੋ ਪਰਿਵਾਰ ਨੂੰ ਕਈ ਟਿਕਟਾਂ ਦੇਣ ਦੀਆਂ ਗੱਲਾਂ ਕਰ ਰਹੇ ਹਨ, ਜਦਕਿ ਦਹਾਕਿਆਂ ਤੋਂ ਜ਼ਮੀਨੀ ਪੱਧਰ ‘ਤੇ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਵਾਲੰਟੀਅਰਾਂ ਅਤੇ ਜ਼ਮੀਨੀ ਵਰਕਰਾਂ ਨੂੰ ਸਤਿਕਾਰ ਅਤੇ ਅੱਗੇ ਵਧਣ ਦੇ ਮੌਕੇ ਮਿਲਦੇ ਹਨ।

ਨਵੇਂ ਸ਼ਾਮਲ ਹੋਏ ਆਗੂਆਂ ਅਤੇ ਵਰਕਰਾਂ ਨੇ ਕਿਹਾ ਕਿ ਉਹ ‘ਆਪ’ ਦੀਆਂ ਨੀਤੀਆਂ ਅਤੇ ਪੰਜਾਬ ਸਰਕਾਰ ਦੇ ਕੰਮਕਾਜ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਅਤੇ ਪੰਜਾਬ ਦੇ ਵਿਕਾਸ ਲਈ ਸਰਗਰਮੀ ਨਾਲ ਕੰਮ ਕਰਨਗੇ।

ਇਸ ਸਿਆਸੀ ਜੁਆਇਨਿੰਗ ਨੂੰ ਸੰਗਰੂਰ ਖੇਤਰ ਵਿੱਚ ਆਮ ਆਦਮੀ ਪਾਰਟੀ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਜਦਕਿ ਕਾਂਗਰਸ ਲਈ ਇਹ ਸਥਾਨਕ ਪੱਧਰ ‘ਤੇ ਇੱਕ ਹੋਰ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ।

Leave a Reply

Your email address will not be published. Required fields are marked *