Saturday, May 23Punjabi People

‘ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ’: ਆਪ੍ਰੇਸ਼ਨ ਪ੍ਰਹਾਰ ਹੇਠ ਵੱਡੀ ਕਾਮਯਾਬੀ, ਪੰਜਾਬ ਨੂੰ ਗੈਂਗਸਟਰ-ਮੁਕਤ ਬਣਾਉਣ ਤੱਕ ਮੁਹਿੰਮ ਰਹੇਗੀ ਜਾਰੀ …

ਚੰਡੀਗੜ੍ਹ, 22 ਜਨਵਰੀ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਸਖ਼ਤ ਅਤੇ ਲਗਾਤਾਰ ਮੁਹਿੰਮ ‘ਗੈਂਗਸਟਰਾਂ ’ਤੇ ਵਾਰ’ ਦੇ ਪਹਿਲੇ ਪੜਾਅ ਤਹਿਤ ਚਲਾਏ ਗਏ 72 ਘੰਟਿਆਂ ਦੇ ਵਿਸ਼ੇਸ਼ ਅਭਿਆਨ ‘ਆਪ੍ਰੇਸ਼ਨ ਪ੍ਰਹਾਰ’ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਕਾਰਵਾਈ ਨਾਲ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੇ ਪੰਜਾਬ ਵਿੱਚ ਸਰਗਰਮ ਸਾਥੀਆਂ ਦੇ ਠਿਕਾਣਿਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ।

ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ‘ਗੈਂਗਸਟਰਾਂ ’ਤੇ ਵਾਰ’ ਇਕ ਲਗਾਤਾਰ ਚੱਲਣ ਵਾਲੀ ਮੁਹਿੰਮ ਹੈ, ਜੋ ਉਸ ਸਮੇਂ ਤੱਕ ਜਾਰੀ ਰਹੇਗੀ ਜਦੋਂ ਤੱਕ ਸੂਬੇ ਵਿੱਚੋਂ ਗੈਂਗਸਟਰਵਾਦ ਦਾ ਪੂਰੀ ਤਰ੍ਹਾਂ ਖਾਤਮਾ ਨਹੀਂ ਹੋ ਜਾਂਦਾ।

ਉਲਲੇਖਯੋਗ ਹੈ ਕਿ ਮੰਗਲਵਾਰ ਨੂੰ ਗੈਂਗਸਟਰਾਂ ਵਿਰੁੱਧ ਜੰਗ ਦਾ ਐਲਾਨ ਕਰਦੇ ਹੋਏ ਡੀਜੀਪੀ ਪੰਜਾਬ ਵੱਲੋਂ ‘ਆਪ੍ਰੇਸ਼ਨ ਪ੍ਰਹਾਰ’ ਦੇ ਤਹਿਤ ਵੱਡੇ ਪੱਧਰ ’ਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ। ਇਸ ਅਭਿਆਨ ਦੌਰਾਨ 12,000 ਤੋਂ ਵੱਧ ਪੁਲਿਸ ਕਰਮਚਾਰੀਆਂ ਵਾਲੀਆਂ 2000 ਤੋਂ ਜ਼ਿਆਦਾ ਟੀਮਾਂ ਨੂੰ ਸੂਬੇ ਭਰ ਵਿੱਚ ਤਾਇਨਾਤ ਕਰਕੇ 60 ਵਿਦੇਸ਼ੀ ਗੈਂਗਸਟਰਾਂ ਦੇ ਸਾਥੀਆਂ ਦੇ ਪਹਿਲਾਂ ਤੋਂ ਪਛਾਣੇ ਗਏ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ।

ਤਿੰਨ ਦਿਨਾਂ ਤੱਕ ਚੱਲੇ ਇਸ ਅਭਿਆਨ ਦੇ ਨਤੀਜੇ ਸਾਂਝੇ ਕਰਦਿਆਂ ਸਪੈਸ਼ਲ ਡੀਜੀਪੀ (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸੂਬੇ ਭਰ ਵਿੱਚ ਕੁੱਲ 4871 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚੋਂ 3256 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ 69 ਹਥਿਆਰ, 6.5 ਕਿਲੋ ਹੈਰੋਇਨ, 10.5 ਕਿਲੋ ਅਫੀਮ, 5092 ਨਸ਼ੀਲੀਆਂ ਗੋਲੀਆਂ, 72 ਕਿਲੋ ਭੁੱਕੀ ਅਤੇ 2.69 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।

ਉਨ੍ਹਾਂ ਨੇ ਹੋਰ ਦੱਸਿਆ ਕਿ ਇਸ ਦੇ ਨਾਲ ਨਾਲ 80 ਭਗੌੜੇ ਅਪਰਾਧੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ 25 ਅਹਤਿਆਤੀ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਹਨ।

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ 72 ਘੰਟਿਆਂ ਦਾ ਇਹ ਅਭਿਆਨ ਉਮੀਦਾਂ ਤੋਂ ਕਾਫ਼ੀ ਵੱਧ ਸਫ਼ਲ ਰਿਹਾ ਹੈ ਅਤੇ ਇਸ ਦੇ ਬਹੁਤ ਹੀ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ‘ਆਪ੍ਰੇਸ਼ਨ ਪ੍ਰਹਾਰ’ ਗੈਂਗਸਟਰਾਂ ਨੂੰ ਲੌਜਿਸਟਿਕਸ, ਵਿੱਤੀ ਸਹਾਇਤਾ ਅਤੇ ਸੰਚਾਰ ਨੈਟਵਰਕ ਮੁਹੱਈਆ ਕਰਵਾਉਣ ਵਾਲਿਆਂ ਖ਼ਿਲਾਫ਼ ਇਕ ਟਾਰਗਟਡ ਅਤੇ ਖੁਫੀਆ ਅਧਾਰਿਤ ਕਾਰਵਾਈ ਸੀ। ਉਨ੍ਹਾਂ ਦੁਹਰਾਇਆ ਕਿ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਉਸ ਵੇਲੇ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਗੈਂਗਸਟਰ-ਮੁਕਤ ਨਹੀਂ ਬਣ ਜਾਂਦਾ।

ਨਾਗਰਿਕਾਂ ਨੂੰ ਸੰਗਠਿਤ ਅਪਰਾਧ ਵਿਰੁੱਧ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਦੀ ਅਪੀਲ ਕਰਦਿਆਂ ਸਪੈਸ਼ਲ ਡੀਜੀਪੀ ਨੇ ਕਿਹਾ ਕਿ ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ’ਤੇ ਗੁਪਤ ਤੌਰ ’ਤੇ ਲੋੜੀਂਦੇ ਅਪਰਾਧੀਆਂ ਜਾਂ ਗੈਂਗਸਟਰਾਂ ਬਾਰੇ ਜਾਣਕਾਰੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਗ੍ਰਿਫ਼ਤਾਰੀ ਹੁੰਦੀ ਹੈ, ਤਾਂ ਉਸ ਵਿਅਕਤੀ ਨੂੰ 10 ਲੱਖ ਰੁਪਏ ਤੱਕ ਦੀ ਇਨਾਮੀ ਰਕਮ ਨਾਲ ਸਨਮਾਨਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *