
ਜਨਵਰੀ 19, 2026: ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ, ਜਿਨ੍ਹਾਂ ‘ਤੇ ਰਹਿੰਦੇ ਹੋਏ ਉਨ੍ਹਾਂ ਨੇ ਲੋਕਾਂ ਦੀ ਆਵਾਜ਼ ਮਜ਼ਬੂਤੀ ਨਾਲ ਉਠਾਈ। ਉਨ੍ਹਾਂ ਨੇ ਦੱਸਿਆ ਕਿ ਪਾਰਲੀਮੈਂਟ ਵਿੱਚ ਵੀ ਉਹ ਸਿੱਖਾਂ, ਪੰਜਾਬ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਮਸਲੇ ਪੂਰੇ ਜ਼ੋਰ ਨਾਲ ਰੱਖਦੇ ਰਹੇ ਹਨ।
ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਗੁਰੂ ਸਾਹਿਬਾਨਾਂ ਦੇ “ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ” ਵਾਲੇ ਫ਼ਲਸਫ਼ੇ ‘ਤੇ ਚੱਲਦੇ ਹਨ ਅਤੇ ਕਿਸੇ ਵੀ ਮੀਟਿੰਗ ਵਿੱਚ ਕਦੇ ਵੀ ਜਾਤ-ਪਾਤ ਜਾਂ ਬਿਰਾਦਰੀ ਬਾਰੇ ਗੱਲ ਨਹੀਂ ਕੀਤੀ। ਉਨ੍ਹਾਂ ਨੇ ਦੋਹਰਾਇਆ ਕਿ ਉਨ੍ਹਾਂ ਦੇ ਖ਼ਿਲਾਫ਼ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦਕਿ ਉਹ ਚਮਕੌਰ ਸਾਹਿਬ ਦੀ ਧਰਤੀ ਦੇ ਪੁੱਤਰ ਹਨ ਅਤੇ ਕਿਸੇ ਵੀ ਜਾਤ ਜਾਂ ਬਿਰਾਦਰੀ ਵਿਰੁੱਧ ਬੋਲਣ ਦਾ ਸਵਾਲ ਹੀ ਨਹੀਂ ਉਠਦਾ।
ਉਨ੍ਹਾਂ ਨੇ ਕਿਹਾ ਕਿ ਉਹ ਹਰ ਵਰਗ ਦੀ ਗੱਲ ਕਰਦੇ ਆਏ ਹਨ ਅਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦਿਆਂ ਪ੍ਰਧਾਨ ਮੰਤਰੀ ਦੇ ਰੋਸ ਦਾ ਵੀ ਸਾਹਮਣਾ ਕੀਤਾ, ਪਰ ਕਿਸੇ ਕਿਸਾਨ ‘ਤੇ ਕਾਰਵਾਈ ਨਹੀਂ ਹੋਣ ਦਿੱਤੀ। ਚੰਨੀ ਨੇ ਕਿਹਾ ਕਿ ਪੰਜਾਬ ਇੱਕ ਗੁਲਦਸਤਾ ਹੈ ਅਤੇ ਇਸਨੂੰ ਹੋਰ ਸੁੰਦਰ ਬਣਾਉਣ ਲਈ ਸਭ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਇਹੀ ਰਾਹ ਪਾਰਟੀ ਨੂੰ ਮਜ਼ਬੂਤ ਕਰੇਗਾ ਅਤੇ ਸਰਕਾਰ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਅਨੁਸਾਰ ਬਾਕੀ ਸਾਰੀ ਚਰਚਾ ਸਿਰਫ਼ ਭੰਡੀ ਪ੍ਰਚਾਰ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਜੱਟ ਸਿੱਖ ਅਤੇ ਦਲਿਤ ਭਾਈਚਾਰੇ ਨਾਲ ਜੁੜੇ ਮਸਲੇ ‘ਤੇ ਚਰਚਾ ਚੱਲ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਚੰਡੀਗੜ੍ਹ ਵਿੱਚ ਪ੍ਰਦੇਸ਼ ਕਾਂਗਰਸ ਕਮੇਟੀ ਦੀ ਐਸਸੀ ਸੈੱਲ ਦੀ ਮੀਟਿੰਗ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਅੰਦਰ ਅਹੁਦਿਆਂ ਦੀ ਵੰਡ ‘ਤੇ ਸਵਾਲ ਉਠਾਏ। ਦੱਸਿਆ ਗਿਆ ਕਿ ਉਨ੍ਹਾਂ ਨੇ ਕਿਹਾ ਕਿ ਅਹਿਮ ਅਹੁਦਿਆਂ ‘ਤੇ ਜੱਟ ਸਿੱਖਾਂ ਦੀ ਵੱਧ ਹਿਸੇਦਾਰੀ ਹੈ, ਜਦਕਿ ਦਲਿਤ ਭਾਈਚਾਰੇ ਨੂੰ ਯੋਗ ਤਰਜੀਹ ਨਹੀਂ ਮਿਲ ਰਹੀ।
ਜਾਣਕਾਰੀ ਅਨੁਸਾਰ, ਇਸ ਮੀਟਿੰਗ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਐਸਸੀ ਸੈੱਲ ਦੇ ਪ੍ਰਧਾਨ ਰਾਜਿੰਦਰ ਪਾਲ ਗੌਤਮ, ਪੰਜਾਬ ਦੇ ਸਹਿ-ਇੰਚਾਰਜ ਰਵਿੰਦਰ ਉੱਤਮ ਰਾਵ ਡਾਲਵੀ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਕੁਝ ਐਸਸੀ ਆਗੂਆਂ ਵੱਲੋਂ ਨਾਅਰੇਬਾਜ਼ੀ ਹੋਈ, ਜਿਸ ਤੋਂ ਬਾਅਦ ਚੰਨੀ ਨੂੰ ਮਾਈਕ ‘ਤੇ ਬੋਲਣ ਤੋਂ ਰੋਕ ਦਿੱਤਾ ਗਿਆ।
ਇਸ ਮਾਮਲੇ ‘ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਗੱਲ ਦੀ ਜਾਣਕਾਰੀ ਨਹੀਂ। ਉਨ੍ਹਾਂ ਨੇ ਦੱਸਿਆ ਕਿ ਕਾਂਗਰਸ ਵਿੱਚ ਸਭ ਤੋਂ ਵੱਡਾ ਅਹੁਦਾ ਕਾਂਗਰਸ ਵਰਕਿੰਗ ਕਮੇਟੀ (CWC) ਦੀ ਮੈਂਬਰਸ਼ਿਪ ਹੁੰਦੀ ਹੈ, ਜੋ ਚਰਨਜੀਤ ਸਿੰਘ ਚੰਨੀ ਕੋਲ ਹੈ। ਉਨ੍ਹਾਂ ਨੇ ਕਿਹਾ ਕਿ ਮੀਡੀਆ ਵੱਲੋਂ ਬੇਬੁਨਿਆਦ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ ਅਤੇ ਚੰਨੀ ਅਜਿਹੀ ਗੱਲ ਕਰ ਹੀ ਨਹੀਂ ਸਕਦੇ।
ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕਿਸੇ ਕਿਸਮ ਦਾ ਭੇਦਭਾਵ ਨਹੀਂ ਹੈ। ਭਾਵੇਂ ਚੰਨੀ ਵਿਧਾਨ ਸਭਾ ਚੋਣਾਂ ਹਾਰ ਗਏ ਸਨ, ਪਰ ਪਾਰਟੀ ਨੇ ਉਨ੍ਹਾਂ ਨੂੰ ਲੋਕ ਸਭਾ ਮੈਂਬਰ ਬਣਾਇਆ ਅਤੇ ਪਾਰਲੀਮੈਂਟ ਦੀ ਖੇਤੀਬਾੜੀ ਕਮੇਟੀ ਦਾ ਚੇਅਰਮੈਨ ਵੀ ਨਿਯੁਕਤ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਇੱਕ ਐਸੀ ਪਾਰਟੀ ਹੈ ਜੋ ਗਰੀਬਾਂ ਅਤੇ ਕਮਜ਼ੋਰ ਵਰਗਾਂ ਨੂੰ ਸਿਰਮੌਰ ਮੰਨਦੀ ਹੈ।
ਉਨ੍ਹਾਂ ਨੇ ਇਹ ਵੀ ਯਾਦ ਕਰਵਾਇਆ ਕਿ ਮੁੱਖ ਮੰਤਰੀ ਦੀ ਦੌੜ ਵਿੱਚ ਹੋਰ ਨਾਮ ਹੋਣ ਦੇ ਬਾਵਜੂਦ ਚਰਨਜੀਤ ਸਿੰਘ ਚੰਨੀ ਨੂੰ ਹੀ ਮੁੱਖ ਮੰਤਰੀ ਬਣਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਦਲਿਤ ਸਾਡੇ ਸਿਰ ਦਾ ਤਾਜ ਹਨ ਅਤੇ ਰਹਿਣਗੇ, ਪਰ ਕਾਂਗਰਸ ਇੱਕ ਧਰਮ-ਨਿਰਪੱਖ ਪਾਰਟੀ ਹੈ। ਗੁਰੂ ਸਾਹਿਬਾਨਾਂ ਦੀ ਸਿੱਖਿਆ ਅਨੁਸਾਰ ਜਾਤ-ਪਾਤ ਤੋਂ ਉੱਪਰ ਉਠ ਕੇ ਸਭ ਨੂੰ ਇਕਸਾਰ ਦੇਖਣਾ ਹੀ ਪੰਜਾਬ ਦੀ ਅਸਲ ਪਛਾਣ ਹੈ।
