
ਮੁਹਾਲੀ 18 ਜਨਵਰੀ 2026: ਮੁਹਾਲੀ ਵਿੱਚ ਨਾਜਾਇਜ਼ ਕਬਜ਼ੇ ਮੁੜ ਹਟਾਏ ਜਾਣਗੇ। ਇਸ ਸਬੰਧੀ 13 ਦਸੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ, ਜਿਸ ਦੌਰਾਨ ਮੁਹਾਲੀ ਨਗਰ ਨਿਗਮ ਨੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ 19 ਜਨਵਰੀ ਤੋਂ ਸ਼ਹਿਰ ਦੇ ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਖੇਤਰਾਂ ਸਮੇਤ ਪਾਰਕਾਂ ਅਤੇ ਹੋਰ ਸਰਕਾਰੀ ਜ਼ਮੀਨਾਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਮੁਹਿੰਮ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਨਗਰ ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਕਿ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਾਈ ਕੋਰਟ ਦੇ ਨਿਰਦੇਸ਼ਾਂ ਦਾ ਆਦਰ ਕਰਦਿਆਂ ਮੁਹਾਲੀ ਸ਼ਹਿਰ ਵਿੱਚੋਂ ਆਪਣੇ ਨਾਜਾਇਜ਼ ਕਬਜ਼ੇ ਖੁਦ ਹੀ ਹਟਾ ਲੈਣ। ਨਿਗਮ ਅਧਿਕਾਰੀਆਂ ਮੁਤਾਬਕ 19 ਜਨਵਰੀ ਤੋਂ ਸ਼ਹਿਰ ਭਰ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਕਮਿਸ਼ਨਰ ਨੇ ਚੇਤਾਵਨੀ ਦਿੱਤੀ ਕਿ ਇਸ ਕਾਰਵਾਈ ਦੌਰਾਨ ਜੇਕਰ ਕਿਸੇ ਕਬਜ਼ਾਧਾਰਕ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਮਾਲਕ ਦੀ ਹੋਵੇਗੀ। ਨਾਜਾਇਜ਼ ਕਬਜ਼ਾ ਹਟਾਉਣ ਤੋਂ ਬਾਅਦ ਨਗਰ ਨਿਗਮ ਵੱਲੋਂ ਮਾਲਕਾਂ ਨੂੰ ਨੋਟਿਸ ਜਾਰੀ ਕਰਕੇ ਕਾਰਵਾਈ ’ਤੇ ਆਇਆ ਖਰਚਾ ਵੀ ਵਸੂਲਿਆ ਜਾਵੇਗਾ।
ਇਸ ਦੌਰਾਨ ਮੁਹਾਲੀ ਨਗਰ ਨਿਗਮ ਉੱਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਵਿੱਚ ਚੋਣਵੇਂ ਤੌਰ ’ਤੇ ਕਾਰਵਾਈ ਕਰਨ ਦੇ ਦੋਸ਼ ਲੱਗੇ ਹਨ। ਹਾਲ ਹੀ ਵਿੱਚ ਹੋਈ ਹਾਊਸ ਮੀਟਿੰਗ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਕਈ ਕੌਂਸਲਰਾਂ ਨੇ ਦਾਅਵਾ ਕੀਤਾ ਕਿ ਨਿਗਮ ਵੱਲੋਂ ਕਬਜ਼ੇ ਹਟਾਉਣ ਵਿੱਚ ਪੱਖਪਾਤੀ ਰਵੱਈਆ ਅਪਣਾਇਆ ਗਿਆ ਹੈ।
ਮੀਟਿੰਗ ਵਿੱਚ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਨੇ ਸ਼ਹਿਰ ਦੇ ਕੁਝ ਪ੍ਰਮੁੱਖ ਕਬਜ਼ਾਧਾਰਕਾਂ ਦੇ ਨਾਮ ਅਤੇ ਪਤੇ ਵੀ ਸਾਹਮਣੇ ਰੱਖੇ, ਜਿਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਹੋਈ। ਇਸ ਮਾਮਲੇ ’ਤੇ ਨਗਰ ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਸੰਧੂ ਅਤੇ ਹੋਰ ਅਧਿਕਾਰੀਆਂ ਵੱਲੋਂ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ।
ਮੀਟਿੰਗ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੇ ਸਮੇਂ ਅਤੇ ਕਾਰਵਾਈ ਦੇ ਤਰੀਕੇ ਨੂੰ ਲੈ ਕੇ ਮੇਅਰ ਅਮਰਜੀਤ ਸਿੰਘ ਸਿੱਧੂ ਅਤੇ ਕਮਿਸ਼ਨਰ ਦਰਮਿਆਨ ਮਤਭੇਦ ਮੌਜੂਦ ਹਨ।
