
ਲੁਧਿਆਣਾ 16 ਜਨਵਰੀ 2026: ਗੰਨੇ ਦੀ ਚੌੜੀ ਵਿੱਥ ਵਿਧੀ ਨਾਲ ਬਿਜਾਈ ਕਰਨ ਨਾਲ ਪੌਦਿਆਂ ਨੂੰ ਵਧੇਰੇ ਹਵਾ ਅਤੇ ਸੂਰਜ ਦੀ ਰੌਸ਼ਨੀ ਮਿਲਦੀ ਹੈ, ਜਿਸ ਨਾਲ ਗੰਨੇ ਦੀ ਮੋਟਾਈ ਅਤੇ ਲੰਬਾਈ ਵਿੱਚ ਵਾਧਾ ਹੁੰਦਾ ਹੈ ਅਤੇ ਪ੍ਰਤੀ ਹੈਕਟੇਅਰ ਪੈਦਾਵਾਰ ਵਧਣ ਕਾਰਨ ਕਿਸਾਨਾਂ ਦੀ ਆਮਦਨ ਵਿੱਚ ਇਜ਼ਾਫ਼ਾ ਹੁੰਦਾ ਹੈ। ਇਹ ਗੱਲਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੱਲ ਮਾਜਰਾ ਵਿੱਚ ਗੰਨੇ ਦੀ ਫ਼ਸਲ ਦਾ ਜਾਇਜ਼ਾ ਲੈਂਦੇ ਹੋਏ ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਨੇ ਕਹੀਆਂ।
ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਦੀ ਘਾਟ ਕਾਰਨ ਗੰਨਾ ਕੱਟਣ ਵਾਲੀਆਂ ਮਸ਼ੀਨਾਂ ਦੀ ਮੰਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਸਮੇਂ ਪੰਜਾਬ ਵਿੱਚ ਲਗਭਗ 30 ਸ਼ੂਗਰਕੇਨ ਹਾਰਵੈਸਟਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਖੇਤੀ ਦੇ ਮਸ਼ੀਨੀਕਰਨ ਲਈ 4 ਦਸੰਬਰ 2025 ਤੱਕ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਸਨ, ਜਿਨ੍ਹਾਂ ਤਹਿਤ ਕਰੀਬ 60 ਗੰਨਾ ਕਾਸ਼ਤਕਾਰਾਂ ਨੇ ਸਬਸਿਡੀ ‘ਤੇ ਸ਼ੂਗਰਕੇਨ ਹਾਰਵੈਸਟਰ ਖਰੀਦਣ ਲਈ ਅਰਜ਼ੀਆਂ ਦਿੱਤੀਆਂ ਹਨ।
ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਆਮ ਤੌਰ ‘ਤੇ ਗੰਨੇ ਦੀ ਬਿਜਾਈ ਢਾਈ ਤੋਂ ਤਿੰਨ ਫੁੱਟ ਦੀ ਕਤਾਰ ਦੂਰੀ ‘ਤੇ ਕੀਤੀ ਜਾਂਦੀ ਹੈ, ਜੋ ਮਸ਼ੀਨੀ ਕਟਾਈ ਲਈ ਉਚਿਤ ਨਹੀਂ ਹੈ। ਇਸ ਤਰੀਕੇ ਨਾਲ ਬੀਜੇ ਗੰਨੇ ਦੀ ਮਸ਼ੀਨ ਰਾਹੀਂ ਕਟਾਈ ਕਰਨ ਨਾਲ ਫ਼ਸਲ ਨੂੰ ਨੁਕਸਾਨ ਪੈਂਦਾ ਹੈ, ਜਿਸ ਨਾਲ ਕਿਸਾਨਾਂ ਅਤੇ ਖੰਡ ਮਿੱਲਾਂ ਨੂੰ ਆਰਥਿਕ ਘਾਟਾ ਝੱਲਣਾ ਪੈਂਦਾ ਹੈ। ਇਸ ਦੇ ਉਲਟ, ਚੌੜੀ ਵਿੱਥ ਵਿਧੀ ਨਾਲ ਬੀਜੇ ਗੰਨੇ ਦੀ ਮਸ਼ੀਨੀ ਕਟਾਈ ਬਿਨਾਂ ਕਿਸੇ ਨੁਕਸਾਨ ਦੇ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਸ਼ੂਗਰਕੇਨ ਹਾਰਵੈਸਟਰ ਤੋਂ ਪੂਰਾ ਲਾਭ ਲੈਣ ਲਈ ਗੰਨੇ ਦੀ ਬਿਜਾਈ 4 ਤੋਂ 5 ਫੁੱਟ ਦੀ ਕਤਾਰ ਦੂਰੀ ‘ਤੇ, ਇਕਹਿਰੀ ਜਾਂ ਦੋ ਖਾਲੀ ਵਿਧੀ ਅਨੁਸਾਰ ਕਰਨੀ ਚਾਹੀਦੀ ਹੈ, ਤਾਂ ਜੋ ਮਸ਼ੀਨੀ ਕਟਾਈ ਲਈ ਲੋੜੀਂਦਾ ਰਕਬਾ ਉਪਲਬਧ ਹੋ ਸਕੇ।ਇਸ ਮੌਕੇ ਡਾ. ਗੁਲਜ਼ਾਰ ਸਿੰਘ ਸੰਘੇੜਾ ਨੇ ਕਿਹਾ ਕਿ ਚੌੜੀ ਵਿੱਥ ਵਿਧੀ ਨਾਲ ਬਿਜਾਈ ਕਰਨ ਨਾਲ ਗੰਨੇ ਦੀ ਪੈਦਾਵਾਰ ਨਾ ਸਿਰਫ਼ ਵਧਦੀ ਹੈ, ਸਗੋਂ ਗੁਣਵੱਤਾ ਵੀ ਬਿਹਤਰ ਹੁੰਦੀ ਹੈ। ਉਨ੍ਹਾਂ ਦੱਸਿਆ ਕਿ 120 ਤੋਂ 150 ਸੈਂਟੀਮੀਟਰ ਦੀ ਚੌੜੀ ਕਤਾਰਾਂ ਵਿੱਚ ਬਿਜਾਈ ਕਰਨ ਨਾਲ ਗੋਡੀ ਅਤੇ ਮਿੱਟੀ ਚੜ੍ਹਾਉਣ ਦਾ ਕੰਮ ਸੌਖਾ ਹੋ ਜਾਂਦਾ ਹੈ, ਜਿਸ ਨਾਲ ਖੇਤੀ ਦੀ ਲਾਗਤ ਘਟਦੀ ਹੈ ਅਤੇ ਮਜ਼ਦੂਰਾਂ ‘ਤੇ ਨਿਰਭਰਤਾ ਵੀ ਘਟਦੀ ਹੈ।
ਉਨ੍ਹਾਂ ਅਨੁਸਾਰ, ਚੌੜੀ ਵਿੱਥ ਵਾਲੀ ਬਿਜਾਈ ਨਾਲ ਫ਼ਸਲ ਨੂੰ ਵਧੇਰੇ ਸੂਰਜ ਦੀ ਰੌਸ਼ਨੀ ਅਤੇ ਹਵਾ ਮਿਲਦੀ ਹੈ, ਜਿਸ ਨਾਲ ਗੰਨੇ ਦਾ ਭਾਰ ਅਤੇ ਲੰਬਾਈ ਵਧਦੀ ਹੈ ਅਤੇ ਗੰਨੇ ਨਾਲ ਨਾਲ ਖੰਡ ਦੀ ਪੈਦਾਵਾਰ ਵਿੱਚ ਵੀ ਸੁਧਾਰ ਹੁੰਦਾ ਹੈ। ਇਸ ਵਿਧੀ ਨਾਲ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ ਅਤੇ ਜੇ ਲੋੜ ਪਏ ਤਾਂ ਕੀਟਨਾਸ਼ਕ, ਉੱਲੀਨਾਸ਼ਕ ਅਤੇ ਖਾਦਾਂ ਦਾ ਛਿੜਕਾਅ ਕਰਨਾ ਵੀ ਆਸਾਨ ਰਹਿੰਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਬਹਾਰ ਰੁੱਤ ਦੇ ਗੰਨੇ ਦੀ ਫ਼ਸਲ ਦੀਆਂ ਦੋ ਕਤਾਰਾਂ ਦੇ ਦਰਮਿਆਨ ਥੋੜ੍ਹੇ ਸਮੇਂ ਦੀਆਂ ਫਸਲਾਂ ਜਿਵੇਂ ਮੂੰਗੀ, ਮਾਂਹ, ਭਿੰਡੀ, ਚਾਰੇ ਲਈ ਮੱਕੀ ਜਾਂ ਮੈਂਥਾ ਆਦਿ ਉਗਾ ਕੇ ਵਾਧੂ ਆਮਦਨ ਹਾਸਲ ਕੀਤੀ ਜਾ ਸਕਦੀ ਹੈ। ਦਾਲਾਂ ਵਾਲੀਆਂ ਫਸਲਾਂ ਮਿੱਟੀ ਵਿੱਚ ਨਾਈਟ੍ਰੋਜਨ ਦੀ ਮਾਤਰਾ ਵਧਾਉਣ ਵਿੱਚ ਮਦਦ ਕਰਦੀਆਂ ਹਨ, ਜਿਸ ਨਾਲ ਯੂਰੀਆ ਖਾਦ ਦੀ ਵਰਤੋਂ ਘਟਦੀ ਹੈ।
ਇਸ ਮੌਕੇ ਅਗਾਂਹਵਧੂ ਕਿਸਾਨ ਆਲਮ ਦੀਪ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਵੇਂ ਝੋਨੇ ਦੀ ਬਿਜਾਈ ਲਈ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਪ੍ਰੋਤਸ਼ਾਹਨ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਚੌੜੀ ਵਿੱਥ ਵਿਧੀ ਨਾਲ ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵੀ ਵਿੱਤੀ ਸਹਾਇਤਾ ਦਿੱਤੀ ਜਾਵੇ, ਤਾਂ ਜੋ ਗੰਨੇ ਹੇਠ ਰਕਬਾ ਵਧਾਇਆ ਜਾ ਸਕੇ।
ਇਸ ਦੌਰਾਨ ਡਾ. ਰਾਜੇਸ਼ ਗੋਇਲ (ਪ੍ਰਿੰਸੀਪਲ ਸਾਇੰਟਿਸਟ), ਡਾ. ਰਜਿੰਦਰ ਕੁਮਾਰ (ਕੀਟ ਪ੍ਰਬੰਧ ਮਾਹਿਰ), ਵਾਈਸ ਪ੍ਰੈਜ਼ੀਡੈਂਟ ਸੁਧੀਰ ਬਾਲੀਆਨ ਅਤੇ ਗੰਨਾ ਇੰਸਪੈਕਟਰ ਮੋਹਨ ਸਿੰਘ ਵੀ ਹਾਜ਼ਰ ਸਨ।
