Saturday, May 23Punjabi People

ਲੰਬੀਆਂ ਲਾਈਨਾਂ ਤੋਂ ਮੁਕਤੀ: ਹੁਣ ਵਿਦਿਅਕ ਕਾਗਜ਼ਾਤ ਦੀ ਹੋਵੇਗੀ ਔਨਲਾਈਨ ਪੜਤਾਲ

ਚੰਡੀਗੜ੍ਹ 12 ਜਨਵਰੀ 2026: ਪ੍ਰਦੇਸ਼ ਦੇ ਵਿਦਿਆਰਥੀਆਂ ਨੂੰ ਕਤਾਰਾਂ ਵਿੱਚ ਖੜ੍ਹਾ ਹੋਣਾ, ਦਫ਼ਤਰੀ ਕੰਮਕਾਜ ਅਤੇ ਹਫ਼ਤਿਆਂ ਦੀ ਉਡੀਕ ਤੋਂ ਮੁਕਤੀ ਦਿਵਾਉਣ ਲਈ ਮਹੱਤਵਪੂਰਨ ਕਦਮ ਚੁੱਕਦੇ ਹੋਏ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪੜ੍ਹਾਈ ਸੰਬੰਧੀ ਦਸਤਾਵੇਜ਼ਾਂ ਦੀ ਔਨਲਾਈਨ ਪੁਸ਼ਟੀ ਅਤੇ ਪ੍ਰਮਾਣਿਕਤਾ ਵਾਸਤੇ ਡਿਜੀਟਲ ਪਲੇਟਫਾਰਮ “ਈ-ਸਨਦ” ਸ਼ੁਰੂ ਕੀਤਾ ਹੈ। ਇਸ ਨਾਲ ਪੰਜਾਬ ਇਹ ਡਿਜੀਟਲ ਸੁਵਿਧਾ ਸ਼ੁਰੂ ਕਰਨ ਵਾਲਾ ਦੇਸ਼ ਦਾ ਦੂਜਾ ਰਾਜ ਬਣ ਗਿਆ ਹੈ।

ਅੱਜ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ “ਈ-ਸਨਦ” ਸੁਵਿਧਾ ਸ਼ੁਰੂ ਹੋਣ ਨਾਲ ਬੋਰਡ ਦੇ ਮੌਜੂਦਾ ਅਤੇ ਪੁਰਾਣੇ ਵਿਦਿਆਰਥੀ ਵਿਸਥਾਰਤ ਨੰਬਰ-ਸੂਚੀ (ਡੀ.ਐਮ.ਸੀ) ਅਤੇ ਪ੍ਰਮਾਣ-ਪੱਤਰਾਂ ਦੀ ਔਨਲਾਈਨ ਪੁਸ਼ਟੀ ਹੁਣ ਕੁਝ ਹੀ ਦਿਨਾਂ ਵਿੱਚ ਕਰਵਾ ਸਕਣਗੇ, ਜਿਸ ਵਿੱਚ ਪਹਿਲਾਂ 40-45 ਦਿਨ ਲੱਗ ਜਾਂਦੇ ਸਨ। ਸਰਕਾਰ ਅਨੁਸਾਰ ਇਸ ਕਦਮ ਨਾਲ ਪੰਜਾਬ ਸਕੂਲ ਬੋਰਡ ਤੋਂ ਹਰ ਸਾਲ ਉੱਤੀਰਨ ਹੋਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਨੂੰ ਫ਼ਾਇਦਾ ਹੋਵੇਗਾ ਅਤੇ ਬੋਰਡ ਵੱਲੋਂ ਦਿੱਤੇ ਜਾਣ ਵਾਲੇ ਪ੍ਰਮਾਣ-ਪੱਤਰਾਂ ਦੀ ਵਿਸ਼ਵਾਸਯੋਗਤਾ ਵਧੇਗੀ ਅਤੇ ਉੱਚੀ ਸਿੱਖਿਆ, ਨੌਕਰੀ ਅਤੇ ਵਿਦੇਸ਼ ਜਾਣ ਲਈ ਤੇਜ਼ ਪੁਸ਼ਟੀ ਪੱਕੀ ਹੋਵੇਗੀ।

ਇਹ ਡਿਜੀਟਲ ਸੁਵਿਧਾ ਸ਼ੁਰੂ ਕਰਨ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਹੂਲਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹਾਲੀਆ ਅਤੇ ਪੁਰਾਣੇ ਵਿਦਿਆਰਥੀਆਂ ਲਈ ਉਪਲਬਧ ਹੈ ਜਿਨ੍ਹਾਂ ਨੂੰ ਸਿੱਖਿਆ ਬੋਰਡ ਤੋਂ ਮਿਲੀਆਂ ਅੰਕ-ਸੂਚੀਆਂ ਅਤੇ ਸਰਟੀਫਿਕੇਟਾਂ ਦੀ ਉੱਚੀ ਵਿਦਿਆ, ਰੁਜ਼ਗਾਰ, ਪੇਸ਼ੇਵਰ ਜ਼ਰੂਰਤਾਂ ਅਤੇ ਵਿਦੇਸ਼ਾਂ ਵਿੱਚ ਤਸਦੀਕ ਕਰਾਉਣ ਦੀ ਲੋੜ ਹੋਵੇ।

ਪ੍ਰਮਾਣ-ਪੱਤਰ ਦੀ ਪੁਸ਼ਟੀ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਅਰਜ਼ੀ ਦੇਣ ਵਾਲਿਆਂ ਦੀ ਸੁਵਿਧਾ ਲਈ, ਈ-ਸਨਦ ਪੋਰਟਲ ਦਾ ਲਿੰਕ, ਔਨਲਾਈਨ ਭੁਗਤਾਨ ਗੇਟਵੇਅ ਅਤੇ ਅਰਜ਼ੀ ਸੰਬੰਧੀ ਕਦਮ-ਵਾਰ ਜਾਣਕਾਰੀ ਬੋਰਡ ਦੀ ਅਧਿਕਾਰਿਕ ਵੈੱਬਸਾਈਟ (www.pseb.ac.in) ਤੇ ਮੌਜੂਦ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਸਾਰੀ ਪ੍ਰਕਿਰਿਆ ਪੂਰੀ ਤਰ੍ਹਾਂ ਔਨਲਾਈਨ ਅਤੇ ਕਾਗ਼ਜ਼-ਮੁਕਤ ਹੈ। ਇਸ ਸੁਵਿਧਾ ਲਈ ਬੋਰਡ ਦੇ ਮੁੱਖ ਦਫ਼ਤਰ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ।

Leave a Reply

Your email address will not be published. Required fields are marked *