
ਚੰਡੀਗੜ੍ਹ, 1 ਜੂਨ 2026: ਪੰਜਾਬ ਸਰਕਾਰ ਦੀ ਲੋਕ-ਪੱਖੀ ‘ਮੁੱਖ ਮੰਤਰੀ ਸਿਹਤ ਯੋਜਨਾ’ ਸੂਬੇ ਦੇ ਲੱਖਾਂ ਪਰਿਵਾਰਾਂ ਲਈ ਸਿਹਤ ਸੁਰੱਖਿਆ ਦੀ ਮਜ਼ਬੂਤ ਢਾਲ ਬਣ ਕੇ ਸਾਹਮਣੇ ਆ ਰਹੀ ਹੈ। ਇਸ ਯੋਜਨਾ ਤਹਿਤ ਯੋਗ ਪਰਿਵਾਰਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਮਹਿੰਗੇ ਇਲਾਜ ਦੇ ਖ਼ਰਚ ਦੀ ਚਿੰਤਾ ਤੋਂ ਵੱਡੀ ਰਾਹਤ ਮਿਲ ਰਹੀ ਹੈ।
ਸੂਬੇ ਵਿੱਚ ਇਸ ਯੋਜਨਾ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ ਅਤੇ ਹੁਣ ਤੱਕ 45 ਲੱਖ ਤੋਂ ਵੱਧ ਲੋਕ ਇਸ ਸਕੀਮ ਅਧੀਨ ਰਜਿਸਟਰ ਹੋ ਚੁੱਕੇ ਹਨ। ਹਜ਼ਾਰਾਂ ਪਰਿਵਾਰ ਐਮਰਜੈਂਸੀ ਅਤੇ ਗੰਭੀਰ ਬਿਮਾਰੀਆਂ ਦੇ ਇਲਾਜ ਦੌਰਾਨ ਇਸ ਯੋਜਨਾ ਦਾ ਲਾਭ ਲੈ ਕੇ ਆਪਣੀ ਆਰਥਿਕ ਬਚਤ ਕਰ ਚੁੱਕੇ ਹਨ। ਇਹ ਯੋਜਨਾ ਨਾ ਸਿਰਫ਼ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਦਿਵਾ ਰਹੀ ਹੈ, ਸਗੋਂ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਵੀ ਮਜ਼ਬੂਤ ਸਹਾਰਾ ਪ੍ਰਦਾਨ ਕਰ ਰਹੀ ਹੈ।
ਇਸ ਯੋਜਨਾ ਦਾ ਇੱਕ ਪ੍ਰੇਰਣਾਦਾਇਕ ਉਦਾਹਰਨ ਬਠਿੰਡਾ ਦੀ 37 ਸਾਲਾ ਗੁਰਪ੍ਰੀਤ ਕੌਰ ਹੈ, ਜਿਨ੍ਹਾਂ ਨੂੰ ਦਿਲ ਦੀ ਇੱਕ ਗੰਭੀਰ ਜਨਮਜਾਤ ਬਿਮਾਰੀ ਕਾਰਨ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦੌਰ ਦਾ ਸਾਹਮਣਾ ਕਰਨਾ ਪਿਆ। ਪਰ ਸਮੇਂ ਸਿਰ ਹੋਈ ਜਾਂਚ, ਏਮਸ ਬਠਿੰਡਾ ਦੇ ਮਾਹਿਰ ਡਾਕਟਰਾਂ ਦੀ ਕੋਸ਼ਿਸ਼ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਸਹਿਯੋਗ ਨਾਲ ਉਹ ਮੁੜ ਸਿਹਤਮੰਦ ਜੀਵਨ ਵੱਲ ਵਾਪਸ ਪਰਤ ਰਹੀ ਹੈ।
ਗੁਰਪ੍ਰੀਤ ਕੌਰ ਦੀ ਜ਼ਿੰਦਗੀ ਆਮ ਘਰੇਲੂ ਜ਼ਿੰਮੇਵਾਰੀਆਂ ਅਤੇ ਪਰਿਵਾਰ ਦੀ ਦੇਖਭਾਲ ਵਿੱਚ ਬੀਤ ਰਹੀ ਸੀ। ਉਨ੍ਹਾਂ ਨੂੰ ਕਦੇ ਇਹ ਅਹਿਸਾਸ ਨਹੀਂ ਸੀ ਕਿ ਉਹ ਜਨਮ ਤੋਂ ਹੀ ਦਿਲ ਦੀ ਇੱਕ ਗੰਭੀਰ ਸਮੱਸਿਆ ਨਾਲ ਜੀ ਰਹੀ ਹੈ। ਜਦੋਂ ਸਿਹਤ ਸੰਬੰਧੀ ਕੁਝ ਪਰੇਸ਼ਾਨੀਆਂ ਕਾਰਨ ਉਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਡਾਕਟਰਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਦਿਲ ਦੇ ਦੋ ਉੱਪਰੀ ਚੈਂਬਰਾਂ ਵਿਚਕਾਰ 22 ਮਿਲੀਮੀਟਰ ਦਾ ਵੱਡਾ ਐਟਰੀਅਲ ਸੈਪਟਲ ਡਿਫੈਕਟ (ASD) ਮੌਜੂਦ ਸੀ।
ਡਾਕਟਰਾਂ ਅਨੁਸਾਰ ਇਹ ਖਾਮੀ ਦਿਲ ਦੇ ਅੰਦਰ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰ ਰਹੀ ਸੀ ਅਤੇ ਦਿਲ ‘ਤੇ ਵਾਧੂ ਦਬਾਅ ਪਾ ਰਹੀ ਸੀ। ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਂਦਾ ਤਾਂ ਭਵਿੱਖ ਵਿੱਚ ਇਹ ਦਿਲ ਫੇਲ੍ਹ ਹੋਣ, ਸਾਹ ਦੀ ਤਕਲੀਫ਼ ਅਤੇ ਹੋਰ ਗੰਭੀਰ ਜਟਿਲਤਾਵਾਂ ਦਾ ਕਾਰਨ ਬਣ ਸਕਦੀ ਸੀ।
ਬਿਮਾਰੀ ਦੀ ਪੁਸ਼ਟੀ ਹੋਣ ਤੋਂ ਬਾਅਦ ਪਰਿਵਾਰ ਚਿੰਤਾ ਵਿੱਚ ਡੁੱਬ ਗਿਆ। ਇੱਕ ਪਾਸੇ ਗੁਰਪ੍ਰੀਤ ਦੀ ਸਿਹਤ ਦਾ ਫਿਕਰ ਸੀ, ਦੂਜੇ ਪਾਸੇ ਮਹਿੰਗੇ ਇਲਾਜ ਦਾ ਖ਼ਰਚ ਪਰਿਵਾਰ ਲਈ ਵੱਡੀ ਚੁਣੌਤੀ ਬਣ ਗਿਆ। ਗੁਰਪ੍ਰੀਤ ਕੌਰ ਅਨੁਸਾਰ, ਸਭ ਤੋਂ ਵੱਡੀ ਚਿੰਤਾ ਇਲਾਜ ਦੀ ਲਾਗਤ ਨੂੰ ਲੈ ਕੇ ਸੀ, ਕਿਉਂਕਿ ਦਿਲ ਦੀ ਸਰਜਰੀ ਅਤੇ ਵਿਸ਼ੇਸ਼ ਇਲਾਜ ‘ਤੇ ਆਉਣ ਵਾਲਾ ਖ਼ਰਚ ਆਮ ਪਰਿਵਾਰ ਲਈ ਝੱਲਣਾ ਬਹੁਤ ਔਖਾ ਹੁੰਦਾ ਹੈ।
ਏਮਸ ਬਠਿੰਡਾ ਦੇ ਮਾਹਿਰਾਂ ਨੇ ਵਿਸ਼ੇਸ਼ ਕਾਰਡਿਯਕ ਪ੍ਰਕਿਰਿਆ ਰਾਹੀਂ ਇਸ ਖਾਮੀ ਨੂੰ ਠੀਕ ਕਰਨ ਦਾ ਫੈਸਲਾ ਕੀਤਾ। 5 ਮਈ 2026 ਨੂੰ ਕਾਰਡਿਯਕ ਕੈਥੇਟਰਾਈਜ਼ੇਸ਼ਨ ਲੈਬ ਵਿੱਚ ਜਨਰਲ ਐਨੇਸਥੀਸੀਆ ਹੇਠ ਇੱਕ ਆਧੁਨਿਕ ਮੈਡੀਕਲ ਪ੍ਰਕਿਰਿਆ ਅਪਣਾਈ ਗਈ, ਜਿਸ ਦੌਰਾਨ 24 ਮਿਲੀਮੀਟਰ ਦਾ ਐਮਪਲੈਟਜ਼ਰ ਸੈਪਟਲ ਓਕਲੂਡਰ ਡਿਵਾਈਸ ਲਗਾ ਕੇ ਦਿਲ ਦੇ ਛੇਦ ਨੂੰ ਸਫਲਤਾਪੂਰਵਕ ਬੰਦ ਕੀਤਾ ਗਿਆ।
ਇਹ ਪ੍ਰਕਿਰਿਆ ਬਹੁਤ ਹੀ ਸੰਵੇਦਨਸ਼ੀਲ ਅਤੇ ਜੋਖਮ ਭਰੀ ਮੰਨੀ ਜਾਂਦੀ ਹੈ। ਡਾਕਟਰਾਂ ਨੇ ਸੰਭਾਵਿਤ ਦਿਲੀ ਜਟਿਲਤਾਵਾਂ ਅਤੇ ਹੋਰ ਖਤਰਿਆਂ ਬਾਰੇ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ। ਇਲਾਜ ਦੌਰਾਨ ਗੁਰਪ੍ਰੀਤ ਦਾ ਪਰਿਵਾਰ ਹਸਪਤਾਲ ਦੇ ਬਾਹਰ ਅਰਦਾਸਾਂ ਕਰਦਾ ਰਿਹਾ ਅਤੇ ਹਰ ਪਲ ਉਨ੍ਹਾਂ ਲਈ ਬੇਚੈਨੀ ਨਾਲ ਭਰਿਆ ਹੋਇਆ ਸੀ।
ਖੁਸ਼ਕਿਸਮਤੀ ਨਾਲ ਇਹ ਸਾਰੀ ਪ੍ਰਕਿਰਿਆ ਪੂਰੀ ਤਰ੍ਹਾਂ ਸਫਲ ਰਹੀ ਅਤੇ ਗੁਰਪ੍ਰੀਤ ਕੌਰ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਆਇਆ। ਪਰਿਵਾਰ ਲਈ ਸਭ ਤੋਂ ਵੱਡੀ ਰਾਹਤ ਇਹ ਸੀ ਕਿ ਲਗਭਗ ਇੱਕ ਲੱਖ ਰੁਪਏ ਦਾ ਇਲਾਜੀ ਖ਼ਰਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਵਰ ਹੋ ਗਿਆ, ਜਿਸ ਕਾਰਨ ਉਨ੍ਹਾਂ ਨੂੰ ਕਿਸੇ ਵੱਡੇ ਆਰਥਿਕ ਬੋਝ ਦਾ ਸਾਹਮਣਾ ਨਹੀਂ ਕਰਨਾ ਪਿਆ।
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਕੌਰ ਦੀ ਕਹਾਣੀ ਇਸ ਗੱਲ ਦੀ ਮਿਸਾਲ ਹੈ ਕਿ ਸਮੇਂ ਸਿਰ ਇਲਾਜ ਅਤੇ ਆਰਥਿਕ ਸਹਾਇਤਾ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਬਦਲ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਮਰੀਜ਼ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਦੱਸਿਆ ਕਿ ਰਾਜ ਸਿਹਤ ਏਜੰਸੀ ਦੇ ਅੰਕੜਿਆਂ ਅਨੁਸਾਰ ਹੁਣ ਤੱਕ 1,75,210 ਮਰੀਜ਼ਾਂ ਨੂੰ ਇਸ ਯੋਜਨਾ ਦਾ ਸਿੱਧਾ ਲਾਭ ਮਿਲ ਚੁੱਕਾ ਹੈ, ਜਦਕਿ 3,43,370 ਇਲਾਜ ਸਫਲਤਾਪੂਰਵਕ ਕੀਤੇ ਜਾ ਚੁੱਕੇ ਹਨ। ਇਸ ਯੋਜਨਾ ਅਧੀਨ ਹੁਣ ਤੱਕ 581.90 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ, ਜੋ ਸੂਬੇ ਵਿੱਚ ਕੈਸ਼ਲੈੱਸ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਗੁਰਪ੍ਰੀਤ ਕੌਰ ਅੱਜ ਮੁੜ ਇੱਕ ਸਿਹਤਮੰਦ ਅਤੇ ਆਸ ਭਰੇ ਜੀਵਨ ਵੱਲ ਵੱਧ ਰਹੀ ਹੈ। ਉਨ੍ਹਾਂ ਦੀ ਇਹ ਕਹਾਣੀ ਨਾ ਸਿਰਫ਼ ਇੱਕ ਸਫਲ ਮੈਡੀਕਲ ਇਲਾਜ ਦੀ ਮਿਸਾਲ ਹੈ, ਸਗੋਂ ਇਹ ਵੀ ਦਰਸਾਉਂਦੀ ਹੈ ਕਿ ਜਦੋਂ ਸਰਕਾਰੀ ਸਹਾਇਤਾ ਅਤੇ ਮਿਆਰੀ ਸਿਹਤ ਸੇਵਾਵਾਂ ਇਕੱਠੀਆਂ ਹੋਣ ਤਾਂ ਕਈ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਨਵੀਂ ਉਮੀਦ ਜਗਾਈ ਜਾ ਸਕਦੀ ਹੈ।
