
ਦਿੱਲੀ, 25 ਮਈ 2026: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਦੇਸ਼ ਦੇ ਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ “ਪਦਮ ਸ਼੍ਰੀ” ਨਾਲ ਸਨਮਾਨਿਤ ਕੀਤਾ ਗਿਆ ਹੈ। ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਵਿਸ਼ੇਸ਼ ਸਮਾਰੋਹ ਦੌਰਾਨਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਹਰਮਨਪ੍ਰੀਤ ਕੌਰ ਨੂੰ ਇਹ ਮਾਣਯੋਗ ਸਨਮਾਨ ਭੇਂਟ ਕੀਤਾ।
ਹਰਮਨਪ੍ਰੀਤ ਕੌਰ ਨੂੰ ਇਹ ਸਨਮਾਨ ਭਾਰਤੀ ਮਹਿਲਾ ਕ੍ਰਿਕਟ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ, ਸ਼ਾਨਦਾਰ ਪ੍ਰਦਰਸ਼ਨ ਅਤੇ ਕਪਤਾਨ ਵਜੋਂ ਟੀਮ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਲਈ ਦਿੱਤਾ ਗਿਆ ਹੈ। ਉਨ੍ਹਾਂ ਦੀ ਅਗਵਾਈ ਹੇਠ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਿਸ਼ਵ ਪੱਧਰ ‘ਤੇ ਕਈ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ। ਖਾਸ ਕਰਕੇ ਸਾਲ 2025 ਦੌਰਾਨ ਭਾਰਤੀ ਟੀਮ ਨੂੰ ਘਰੇਲੂ ਧਰਤੀ ‘ਤੇ ਵਿਸ਼ਵ ਕੱਪ ਜਿਤਾਉਣ ਵਿੱਚ ਹਰਮਨਪ੍ਰੀਤ ਦੀ ਭੂਮਿਕਾ ਬੇਹੱਦ ਅਹਿਮ ਰਹੀ।
ਰਾਸ਼ਟਰਪਤੀ ਵੱਲੋਂ ਜਨਵਰੀ 2026 ਵਿੱਚ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿੱਚ ਖੇਡ ਜਗਤ ਨਾਲ ਸਬੰਧਤ ਕਈ ਮਸ਼ਹੂਰ ਹਸਤੀਆਂ ਨੂੰ ਵੀ ਸਨਮਾਨ ਲਈ ਚੁਣਿਆ ਗਿਆ। ਇਸ ਸੂਚੀ ਵਿੱਚ
ਪਦਮ ਭੂਸ਼ਣ : ਵਿਜੇ ਅੰਮ੍ਰਿਤਰਾਜ (ਅਮਰੀਕਾ)
ਪਦਮ ਸ਼੍ਰੀ : ਬਲਦੇਵ ਸਿੰਘ (ਪੰਜਾਬ)
ਪਦਮ ਸ਼੍ਰੀ : ਭਗਵੰਦਾਸ ਰਾਏਕਵਾਰ (ਮੱਧ ਪ੍ਰਦੇਸ਼)
ਪਦਮ ਸ਼੍ਰੀ : ਹਰਮਨਪ੍ਰੀਤ ਕੌਰ ਭੁੱਲਰ (ਪੰਜਾਬ)
ਪਦਮ ਸ਼੍ਰੀ : ਕੇ. ਪਾਜਨੀਵੇਲ (ਪੁਡੂਚੇਰੀ)
ਪਦਮ ਸ਼੍ਰੀ : ਪ੍ਰਵੀਨ ਕੁਮਾਰ (ਉੱਤਰ ਪ੍ਰਦੇਸ਼)
ਪਦਮ ਸ਼੍ਰੀ : ਰੋਹਿਤ ਸ਼ਰਮਾ (ਮਹਾਰਾਸ਼ਟਰ)
ਪਦਮ ਸ਼੍ਰੀ : ਸਵਿਤਾ ਪੂਨੀਆ (ਹਰਿਆਣਾ)
ਪਦਮ ਸ਼੍ਰੀ : ਵਲਾਦੀਮੀਰ ਮੇਸਤਵਿਰੀਸ਼ਵਿਲੀ (ਮਰਨ ਉਪਰੰਤ), ਜਾਰਜੀਆ
ਵਰਗੀਆਂ ਪ੍ਰਸਿੱਧ ਖੇਡ ਸ਼ਖਸੀਅਤਾਂ ਦੇ ਨਾਮ ਵੀ ਸ਼ਾਮਲ ਹਨ।
ਹਰਮਨਪ੍ਰੀਤ ਕੌਰ ਨੇ ਆਪਣੇ ਕਰੀਅਰ ਦੌਰਾਨ ਕਈ ਯਾਦਗਾਰ ਪਾਰੀਆਂ ਖੇਡੀਆਂ ਹਨ ਅਤੇ ਮਹਿਲਾ ਕ੍ਰਿਕਟ ਨੂੰ ਨਵੀਂ ਪਹਿਚਾਣ ਦਿਵਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਹ ਆਪਣੀ ਧਮਾਕੇਦਾਰ ਬੱਲੇਬਾਜ਼ੀ, ਨਿਡਰ ਅੰਦਾਜ਼ ਅਤੇ ਸ਼ਾਨਦਾਰ ਲੀਡਰਸ਼ਿਪ ਕਾਰਨ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਬਣ ਚੁੱਕੀ ਹੈ।
ਪੰਜਾਬ ਨਾਲ ਸਬੰਧਤ ਹਰਮਨਪ੍ਰੀਤ ਕੌਰ ਨੂੰ ਮਿਲੇ ਇਸ ਵੱਡੇ ਸਨਮਾਨ ਨਾਲ ਸੂਬੇ ਅਤੇ ਦੇਸ਼ ਭਰ ਵਿੱਚ ਖੁਸ਼ੀ ਦੀ ਲਹਿਰ ਹੈ। ਖੇਡ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਹ ਸਨਮਾਨ ਨਾ ਸਿਰਫ਼ ਹਰਮਨਪ੍ਰੀਤ ਕੌਰ ਦੀ ਮਿਹਨਤ ਅਤੇ ਸਮਰਪਣ ਦੀ ਕਦਰ ਹੈ, ਸਗੋਂ ਭਾਰਤੀ ਮਹਿਲਾ ਕ੍ਰਿਕਟ ਲਈ ਵੀ ਮਾਣ ਵਾਲਾ ਪਲ ਮੰਨਿਆ ਜਾ ਰਿਹਾ ਹੈ।
