
ਚੰਡੀਗੜ੍ਹ, 22 ਮਈ 2026: ਪੰਜਾਬ ਵਿੱਚ ਲਗਾਤਾਰ ਵੱਧ ਰਹੀ ਭਿਆਨਕ ਗਰਮੀ ਅਤੇ ਹੀਟਵੇਵ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਲੋਕਾਂ, ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਰਾਹਤ ਦੇਣ ਲਈ ਵੱਡਾ ਫ਼ੈਸਲਾ ਲੈਂਦਿਆਂ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਦੇ ਸਮੇਂ ਵਿੱਚ ਤੁਰੰਤ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਨਵੇਂ ਹੁਕਮਾਂ ਅਨੁਸਾਰ ਹੁਣ ਸੂਬੇ ਦੇ ਸਰਕਾਰੀ ਦਫ਼ਤਰ ਅਤੇ ਸਕੂਲ ਸਵੇਰੇ 7:30 ਵਜੇ ਖੁੱਲ੍ਹਣਗੇ ਅਤੇ ਦੁਪਹਿਰ 1:30 ਵਜੇ ਬੰਦ ਹੋਣਗੇ। ਇਹ ਨਵੇਂ ਸਮੇਂ ਸੋਮਵਾਰ, 25 ਮਈ ਤੋਂ ਲਾਗੂ ਹੋਣਗੇ।
ਮੁੱਖ ਮੰਤਰੀ Bhagwant Mann ਨੇ ਕਿਹਾ ਕਿ ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਅਤੇ ਵਧਦੇ ਤਾਪਮਾਨ ਨੂੰ ਦੇਖਦਿਆਂ ਇਹ ਫ਼ੈਸਲਾ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਕਰਮਚਾਰੀਆਂ ਨੂੰ ਦੁਪਹਿਰ ਦੀ ਤਪਦੀ ਗਰਮੀ ਤੋਂ ਬਚਾਉਣਾ ਸਰਕਾਰ ਦੀ ਪਹਿਲੀ ਤਰਜੀਹ ਹੈ।
ਨਵੇਂ ਹੁਕਮਾਂ ਤਹਿਤ ਇਹ ਤਬਦੀਲੀ ਸਾਰੀਆਂ ਕਲਾਸਾਂ ‘ਤੇ ਲਾਗੂ ਹੋਵੇਗੀ। ਪਹਿਲਾਂ ਸਰਕਾਰੀ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਸੀ, ਪਰ ਹੁਣ ਸਕੂਲ ਅੱਧਾ ਘੰਟਾ ਪਹਿਲਾਂ ਖੁੱਲ੍ਹਣ ਅਤੇ ਅੱਧਾ ਘੰਟਾ ਪਹਿਲਾਂ ਬੰਦ ਹੋਣਗੇ। ਇਸ ਨਾਲ ਵਿਦਿਆਰਥੀਆਂ ਨੂੰ ਤਿੱਖੀ ਧੁੱਪ ਅਤੇ ਲੂ ਤੋਂ ਕਾਫ਼ੀ ਹੱਦ ਤੱਕ ਬਚਾਵ ਮਿਲੇਗਾ।
ਇਸੇ ਤਰ੍ਹਾਂ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਵੀ ਵੱਡਾ ਬਦਲਾਅ ਕੀਤਾ ਗਿਆ ਹੈ। ਪਹਿਲਾਂ ਦਫ਼ਤਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੀ, ਜਿਸ ਕਾਰਨ ਕਰਮਚਾਰੀਆਂ ਨੂੰ ਸਵੇਰੇ ਅਤੇ ਸ਼ਾਮ ਦੋਵਾਂ ਵੇਲਿਆਂ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਨਵੇਂ ਸਮੇਂ ਅਨੁਸਾਰ ਦਫ਼ਤਰ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਚੱਲਣਗੇ, ਜਿਸ ਨਾਲ ਕਰਮਚਾਰੀਆਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਡਿਊਟੀ ਘੰਟਿਆਂ ਵਿੱਚ ਵੀ ਕਮੀ ਕਰ ਦਿੱਤੀ ਗਈ ਹੈ ਅਤੇ ਹੁਣ ਕੰਮ ਦੇ ਘੰਟੇ 8 ਦੀ ਥਾਂ 6 ਘੰਟੇ ਰਹਿ ਜਾਣਗੇ।
ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਫ਼ੈਸਲਾ ਪਹਿਲਾਂ ਵੀ ਲਿਆ ਜਾ ਚੁੱਕਾ ਹੈ। ਸਾਲ 2023 ਵਿੱਚ ਵੀ ਭਿਆਨਕ ਗਰਮੀ ਦੇ ਚਲਦਿਆਂ 2 ਮਈ ਤੋਂ 15 ਜੁਲਾਈ ਤੱਕ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤਾ ਗਿਆ ਸੀ। ਹਾਲਾਂਕਿ ਇਸ ਵਾਰ ਗਰਮੀ ਦੀ ਤੀਬਰਤਾ ਹੋਰ ਵੱਧ ਹੋਣ ਕਾਰਨ ਦਫ਼ਤਰਾਂ ਦੇ ਬੰਦ ਹੋਣ ਦਾ ਸਮਾਂ ਅੱਧਾ ਘੰਟਾ ਹੋਰ ਘਟਾ ਕੇ 1:30 ਵਜੇ ਕਰ ਦਿੱਤਾ ਗਿਆ ਹੈ।
ਸਰਕਾਰ ਦੇ ਇਸ ਫ਼ੈਸਲੇ ਨੂੰ ਵਿਦਿਆਰਥੀਆਂ, ਮਾਪਿਆਂ ਅਤੇ ਸਰਕਾਰੀ ਕਰਮਚਾਰੀਆਂ ਵੱਲੋਂ ਵੱਡੀ ਰਾਹਤ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਤਾਪਮਾਨ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਇਸ ਤਰ੍ਹਾਂ ਦੇ ਕਦਮ ਲੋਕਾਂ ਨੂੰ ਹੀਟ ਸਟ੍ਰੋਕ ਅਤੇ ਹੋਰ ਗਰਮੀ ਸੰਬੰਧੀ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦਗਾਰ ਸਾਬਤ ਹੋਣਗੇ।
