Wednesday, July 29Punjabi People

Mohinder Bhagat ਨੇ ਆਲੂ ਉਤਪਾਦਕਾਂ ਅਤੇ ਕੋਲਡ ਸਟੋਰੇਜ ਮਾਲਕਾਂ ਦੀਆਂ ਸਮੱਸਿਆਵਾਂ ਸੁਣੀਆਂ

ਚੰਡੀਗੜ੍ਹ, 21 ਮਈ 2026: ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਅੱਜ ਪੰਜਾਬ ਭਵਨ, ਚੰਡੀਗੜ੍ਹ ਵਿਖੇ ਆਲੂ ਉਤਪਾਦਕਾਂ ਅਤੇ ਕੋਲਡ ਸਟੋਰੇਜ ਮਾਲਕਾਂ ਨਾਲ ਇੱਕ ਵਿਸ਼ੇਸ਼ ਬੈਠਕ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਮੰਗਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੀਟਿੰਗ ਵਿੱਚ ਬਾਗਬਾਨੀ ਵਿਭਾਗ ਦੇ ਵਧੀਕ ਸਕੱਤਰ Latif Ahmed ਅਤੇ ਡਾਇਰੈਕਟਰ Manish Kumar ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਬੈਠਕ ਦੌਰਾਨ ਆਲੂ ਉਤਪਾਦਕਾਂ ਅਤੇ ਕੋਲਡ ਸਟੋਰੇਜ ਮਾਲਕਾਂ ਨੇ ਆਪਣੇ ਕਾਰੋਬਾਰ ਅਤੇ ਖੇਤੀ ਨਾਲ ਜੁੜੀਆਂ ਕਈ ਅਹਿਮ ਸਮੱਸਿਆਵਾਂ ਮੰਤਰੀ ਦੇ ਧਿਆਨ ਵਿੱਚ ਲਿਆਂਦੀਆਂ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਲੂ ਦੀ ਫਸਲ ਨੂੰ ਸੁਰੱਖਿਅਤ ਢੰਗ ਨਾਲ ਸੰਭਾਲਣ ਲਈ ਕੋਲਡ ਸਟੋਰੇਜ ਸਹੂਲਤਾਂ ਦੇ ਵਿਕਾਸ ਅਤੇ ਰੱਖ-ਰਖਾਅ ਲਈ ਵੱਖ-ਵੱਖ ਯੋਜਨਾਵਾਂ ਹੇਠ ਮਦਦ ਦਿੱਤੀ ਜਾ ਰਹੀ ਹੈ, ਪਰੰਤੂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਸੰਬੰਧਿਤ ਕਈ ਤਕਨੀਕੀ ਅਤੇ ਪ੍ਰਸ਼ਾਸਨਿਕ ਮੁੱਦੇ ਉਨ੍ਹਾਂ ਦੇ ਕੰਮਕਾਜ ਵਿੱਚ ਰੁਕਾਵਟ ਪੈਦਾ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ ਤਾਂ ਜੋ ਕੋਲਡ ਸਟੋਰੇਜ ਉਦਯੋਗ ਨੂੰ ਹੋਰ ਮਜ਼ਬੂਤੀ ਮਿਲ ਸਕੇ।

ਮੰਤਰੀ ਮੋਹਿੰਦਰ ਭਗਤ ਨੇ ਸਾਰੀਆਂ ਗੱਲਾਂ ਧਿਆਨ ਨਾਲ ਸੁਣਦਿਆਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਬਾਗਬਾਨੀ ਖੇਤਰ ਨਾਲ ਜੁੜੇ ਹਰ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਸੂਬਾ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ, ਫਸਲਾਂ ਦੀ ਸੰਭਾਲ ਲਈ ਆਧੁਨਿਕ ਢਾਂਚਾ ਤਿਆਰ ਕਰਨ ਅਤੇ ਬਾਗਬਾਨੀ ਖੇਤਰ ਨੂੰ ਲਾਭਕਾਰੀ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।

ਉਨ੍ਹਾਂ ਹੋਰ ਕਿਹਾ ਕਿ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (Agriculture Infrastructure Fund) ਅਤੇ ਹੋਰ ਸਰਕਾਰੀ ਸਕੀਮਾਂ ਰਾਹੀਂ ਕੋਲਡ ਸਟੋਰੇਜ ਸਹੂਲਤਾਂ, ਗੋਦਾਮਾਂ, ਪੈਕਿੰਗ ਯੂਨਿਟਾਂ ਅਤੇ ਖੇਤੀ ਨਾਲ ਜੁੜੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਦਾ ਵਧੀਆ ਮੁੱਲ ਮਿਲ ਸਕੇ ਅਤੇ ਸਟੋਰੇਜ ਦੀ ਘਾਟ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।

ਮੀਟਿੰਗ ਦੇ ਅੰਤ ਵਿੱਚ ਮੰਤਰੀ ਨੇ ਵਿਭਾਗੀ ਅਧਿਕਾਰੀਆਂ ਨੂੰ ਆਲੂ ਉਤਪਾਦਕਾਂ ਅਤੇ ਕੋਲਡ ਸਟੋਰੇਜ ਮਾਲਕਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਸਥਾਰਪੂਰਵਕ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸਾਨਾਂ ਅਤੇ ਉਦਯੋਗ ਨਾਲ ਜੁੜੇ ਲੋਕਾਂ ਨਾਲ ਨਿੱਜੀ ਤੌਰ ‘ਤੇ ਸੰਪਰਕ ਕਰਕੇ ਜ਼ਮੀਨੀ ਹਕੀਕਤ ਜਾਣਣ ਅਤੇ ਜਲਦ ਤੋਂ ਜਲਦ ਇੱਕ ਸੰਪੂਰਨ ਰਿਪੋਰਟ ਪੇਸ਼ ਕਰਨ। ਅਧਿਕਾਰੀਆਂ ਨੇ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਸਾਰੇ ਮਸਲਿਆਂ ‘ਤੇ ਤੁਰੰਤ ਕਾਰਵਾਈ ਕਰਦਿਆਂ ਨਿਰਧਾਰਿਤ ਸਮੇਂ ਅੰਦਰ ਲੋੜੀਂਦੇ ਕਦਮ ਚੁੱਕੇ ਜਾਣਗੇ।

Leave a Reply

Your email address will not be published. Required fields are marked *