Saturday, May 23Punjabi People

ਪੰਜਾਬ-ਚੰਡੀਗੜ੍ਹ ਗਰਮੀ ਦੀ ਚਪੇਟ ‘ਚ, ਬਜ਼ੁਰਗਾਂ-ਬੱਚਿਆਂ ਲਈ ਖ਼ਾਸ ਚੇਤਾਵਨੀ

ਚੰਡੀਗੜ੍ਹ, 19 ਮਈ 2026: ਭਾਰਤੀ ਮੌਸਮ ਵਿਭਾਗ (IMD) ਵੱਲੋਂ ਪੰਜਾਬ ਅਤੇ ਚੰਡੀਗੜ੍ਹ ਲਈ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੁਪਹਿਰ 2 ਵਜੇ ਜਾਰੀ ਚੇਤਾਵਨੀ ਵਿੱਚ ਲੋਕਾਂ ਨੂੰ ਤੇਜ਼ ਧੁੱਪ ਅਤੇ ਗਰਮੀ ਦੌਰਾਨ ਵਧੀਕ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਵੱਧ ਤਾਪਮਾਨ ਅਤੇ ਗਰਮੀ ਦੀ ਲਹਿਰ ਕਾਰਨ ਹੀਟ ਸਟ੍ਰੋਕ ਅਤੇ ਹੋਰ ਗਰਮੀ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ। ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ਨੂੰ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ।

ਲੋਕਾਂ ਨੂੰ ਵਧੇਰੇ ਗਰਮੀ ਤੋਂ ਬਚਣ ਅਤੇ ਸਰੀਰ ਨੂੰ ਹਾਈਡਰੇਟ ਰੱਖਣ ਲਈ ਕਿਹਾ ਗਿਆ ਹੈ। ਪਿਆਸ ਨਾ ਵੀ ਲੱਗੇ ਤਾਂ ਵੀ ਵੱਧ ਪਾਣੀ ਪੀਓ ਅਤੇ ORS, ਲੱਸੀ, ਨਿੰਬੂ ਪਾਣੀ ਵਰਗੇ ਤਰਲ ਪਦਾਰਥ ਲੈਂਦੇ ਰਹੋ। ਹਲਕੇ ਰੰਗਾਂ ਵਾਲੇ ਢਿੱਲੇ ਸੂਤੀ ਕੱਪੜੇ ਪਹਿਨੋ ਅਤੇ ਬਾਹਰ ਨਿਕਲਦਿਆਂ ਸਿਰ ਨੂੰ ਟੋਪੀ, ਛਤਰੀ ਜਾਂ ਕੱਪੜੇ ਨਾਲ ਢੱਕੋ।

ਮੌਸਮ ਵਿਭਾਗ ਅਨੁਸਾਰ 25 ਮਈ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਦੀ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਰਮ ਹਵਾਵਾਂ ਚੱਲਣਗੀਆਂ, ਜਿਸ ਕਾਰਨ ਬਾਹਰ ਨਿਕਲਣਾ ਹੋਰ ਵੀ ਮੁਸ਼ਕਲ ਹੋ ਸਕਦਾ ਹੈ।

ਚੰਡੀਗੜ੍ਹ ਵਿੱਚ ਬੀਤੀ ਰਾਤ ਤਾਪਮਾਨ ਆਮ ਨਾਲੋਂ 5.1 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ, ਜਦਕਿ ਪੰਜਾਬ ਵਿੱਚ ਇਹ 5 ਡਿਗਰੀ ਸੈਲਸੀਅਸ ਵੱਧ ਰਿਹਾ। ਇਸ ਦਾ ਅਰਥ ਹੈ ਕਿ ਹੁਣ ਸਿਰਫ਼ ਦਿਨ ਹੀ ਨਹੀਂ, ਰਾਤਾਂ ਵੀ ਲਗਾਤਾਰ ਗਰਮ ਹੋ ਰਹੀਆਂ ਹਨ। ਸੋਮਵਾਰ ਨੂੰ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਜਿੱਥੇ ਪਾਰਾ 47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

ਗਰਮੀ ਕਾਰਨ ਬਿਜਲੀ ਦੀ ਮੰਗ ਵਿੱਚ ਵੀ ਵੱਡਾ ਉਛਾਲ ਆਇਆ ਹੈ। ਸੋਮਵਾਰ ਨੂੰ ਇਸ ਸੀਜ਼ਨ ਵਿੱਚ ਪਹਿਲੀ ਵਾਰ ਬਿਜਲੀ ਦੀ ਮੰਗ 13,555 ਮੈਗਾਵਾਟ ਤੱਕ ਪਹੁੰਚ ਗਈ। ਸ਼ਾਮ 5 ਵਜੇ ਤੱਕ ਇਹ ਘਟ ਕੇ 12,000 ਮੈਗਾਵਾਟ ਅਤੇ 7 ਵਜੇ ਤੱਕ 10,174 ਮੈਗਾਵਾਟ ਰਹਿ ਗਈ। ਪੰਜਾਬ ਦੀ ਰੋਜ਼ਾਨਾ ਬਿਜਲੀ ਉਤਪਾਦਨ ਸਮਰੱਥਾ 4,500 ਮੈਗਾਵਾਟ ਹੋਣ ਕਾਰਨ ਲਗਭਗ 9,000 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਖਰੀਦਣੀ ਪਈ।

ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਲੋਕਾਂ ਲਈ ਐਡਵਾਈਜ਼ਰੀ ਜਾਰੀ ਕਰਕੇ ਦੁਪਹਿਰ ਸਮੇਂ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਹਸਪਤਾਲਾਂ ਵਿੱਚ ਵਿਸ਼ੇਸ਼ ਸਟਾਫ਼ ਤਾਇਨਾਤ ਕੀਤਾ ਗਿਆ ਹੈ ਅਤੇ ਸਾਰੇ ਸਰਕਾਰੀ ਤੇ ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ‘ਹੀਟ ਸਟ੍ਰੋਕ ਵਾਰਡ’ ਬਣਾਏ ਗਏ ਹਨ। ਹਸਪਤਾਲਾਂ ਨੂੰ ORS ਅਤੇ ਜ਼ਰੂਰੀ ਜੀਵਨ ਬਚਾਉਣ ਵਾਲੀਆਂ ਦਵਾਈਆਂ 24 ਘੰਟੇ ਉਪਲਬਧ ਰੱਖਣ ਦੇ ਹੁਕਮ ਦਿੱਤੇ ਗਏ ਹਨ। ਡਾਕਟਰੀ ਮਦਦ ਲਈ ਲੋਕ ਹੈਲਪਲਾਈਨ ਨੰਬਰ 104 ‘ਤੇ ਸੰਪਰਕ ਕਰ ਸਕਦੇ ਹਨ।

ਸਕੂਲਾਂ ਲਈ ਵੀ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਨੇ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਬੱਚਿਆਂ ਨੂੰ ਤੇਜ਼ ਧੁੱਪ ਤੋਂ ਬਚਾਉਣ, ਖੇਡਾਂ ਅਤੇ ਬਾਹਰੀ ਗਤੀਵਿਧੀਆਂ ਠੰਢੇ ਸਮੇਂ ਜਾਂ ਛਾਂ ਵਾਲੇ ਖੇਤਰਾਂ ਵਿੱਚ ਕਰਵਾਉਣ ਲਈ ਕਿਹਾ ਹੈ। ਸਕੂਲਾਂ ਵਿੱਚ ਸਾਫ਼ ਪੀਣਯੋਗ ਪਾਣੀ ਅਤੇ ਵਾਟਰ ਕੂਲਰਾਂ ਦੀ ਸਹੀ ਦੇਖਭਾਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਜੇਕਰ ਕਿਸੇ ਬੱਚੇ ਜਾਂ ਵਿਅਕਤੀ ਵਿੱਚ ਗਰਮੀ ਨਾਲ ਸਬੰਧਤ ਬੇਅਰਾਮੀ ਜਾਂ ਹੀਟ ਸਟ੍ਰੋਕ ਦੇ ਲੱਛਣ ਨਜ਼ਰ ਆਉਣ, ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣ ਲਈ ਕਿਹਾ ਗਿਆ ਹੈ।

ਮੌਸਮ ਕੇਂਦਰ ਅਨੁਸਾਰ 20 ਮਈ ਤੋਂ 23 ਮਈ ਤੱਕ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਅਸਰ ਰਹੇਗਾ। ਇਨ੍ਹਾਂ ਵਿੱਚ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਰੂਪਨਗਰ ਅਤੇ ਐਸਏਐਸ ਨਗਰ (ਮੋਹਾਲੀ) ਸ਼ਾਮਲ ਹਨ।

ਮੌਸਮ ਵਿਭਾਗ ਨੇ ਅੰਦਾਜ਼ਾ ਲਗਾਇਆ ਹੈ ਕਿ ਇਸ ਸਾਲ ਪੰਜਾਬ ਵਿੱਚ ਮੌਨਸੂਨ 30 ਜੂਨ ਤੋਂ 5 ਜੁਲਾਈ ਦੇ ਵਿਚਕਾਰ ਦਾਖਲ ਹੋ ਸਕਦਾ ਹੈ। ਹਾਲਾਂਕਿ, ਇਸ ਵਾਰ ਆਮ ਨਾਲੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।

Leave a Reply

Your email address will not be published. Required fields are marked *