Wednesday, July 29Punjabi People

ਪੰਜਾਬ ਵਿੱਚ ਬਿਜਲੀ ਸਪਲਾਈ ਕਿਹੜੇ ਸਰੋਤਾਂ ਰਾਹੀਂ ਹੋ ਰਹੀ ਪੂਰੀ? ਲੰਬੇ ਬਿਜਲੀ ਕੱਟਾਂ ਤੋਂ ਤੰਗ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਨੇ ਕੀਤੇ ਵੱਡੇ ਦਾਅਵੇ

ਚੰਡੀਗੜ੍ਹ, 30 ਅਪ੍ਰੈਲ 2026:   ਪੰਜਾਬ ਵਿੱਚ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਵਧ ਰਹੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐੱਸਪੀਸੀਐੱਲ) ਵੱਲੋਂ ਪਹਿਲਾਂ ਕਈ ਵੱਡੇ ਸ਼ਹਿਰਾਂ ਵਿੱਚ 8 ਤੋਂ 10 ਘੰਟਿਆਂ ਦੇ ਯੋਜਨਾਬੱਧ ਕੱਟਾਂ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿੱਚ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਮੁਹਾਲੀ ਅਤੇ ਬਠਿੰਡਾ ਸ਼ਾਮਲ ਸਨ। ਲੋਕਾਂ ਦੇ ਵਿਰੋਧ ਤੋਂ ਬਾਅਦ ਹੁਣ ਇਹ ਕੱਟ ਘਟਾ ਕੇ 4 ਘੰਟੇ ਕਰ ਦਿੱਤੇ ਗਏ ਹਨ। ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਇਹ ਕੱਟ ਰੱਖ-ਰਖਾਅ ਅਤੇ ਨਵੇਂ ਬਿਜਲੀ ਕੰਮਾਂ ਲਈ ਲਗਾਏ ਜਾ ਰਹੇ ਹਨ।

ਬਿਜਲੀ ਸੰਕਟ ਨੂੰ ਲੈ ਕੇ ਸਿਆਸੀ ਮਾਹੌਲ ਵੀ ਗਰਮਾਇਆ ਹੋਇਆ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਵਿਰੋਧੀ ਆਗੂਆਂ ਨੇ ਸਰਕਾਰ ਨੂੰ ਘੇਰਿਆ ਹੈ। ਵਿਰੋਧੀ ਧਿਰਾਂ ਦਾ ਦੋਸ਼ ਹੈ ਕਿ ਆਪ ਸਰਕਾਰ ਦੇ ਕੁਸ਼ਾਸਨ ਕਾਰਨ ਬਿਜਲੀ ਸਰਪਲੱਸ ਮੰਨੇ ਜਾਂਦੇ ਪੰਜਾਬ ਨੂੰ ਹੁਣ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ਵਿੱਚ ਬਿਜਲੀ ਉਤਪਾਦਨ ਕਈ ਸਰੋਤਾਂ ਰਾਹੀਂ ਹੁੰਦਾ ਹੈ। ਇਸ ਵਿੱਚ ਹਾਈਡਰੋ ਪ੍ਰੋਜੈਕਟ, ਥਰਮਲ ਪਲਾਂਟ, ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦਾ ਹਿੱਸਾ, ਕੇਂਦਰੀ ਪੂਲ, ਸੁਤੰਤਰ ਬਿਜਲੀ ਉਤਪਾਦਕ (IPP) ਥਰਮਲ ਪਲਾਂਟ ਅਤੇ ਪੇਡਾ ਦੇ ਨਵੇਂ ਤੇ ਨਵਿਆਉਣਯੋਗ ਊਰਜਾ ਪ੍ਰੋਜੈਕਟ ਸ਼ਾਮਲ ਹਨ। ਕੁਝ ਸਰੋਤ ਪੀਐੱਸਪੀਸੀਐੱਲ ਦੇ ਆਪਣੇ ਹਨ, ਜਦਕਿ ਕਾਫ਼ੀ ਬਿਜਲੀ ਹੋਰ ਸਰੋਤਾਂ ਤੋਂ ਖਰੀਦੀ ਜਾਂਦੀ ਹੈ।

ਪੀਐੱਸਪੀਸੀਐੱਲ ਦੇ ਅੰਕੜਿਆਂ ਮੁਤਾਬਕ ਸੂਬੇ ਕੋਲ ਆਮ ਦਿਨਾਂ ਵਿੱਚ ਲਗਭਗ 14,747 ਮੈਗਾਵਾਟ ਬਿਜਲੀ ਉਤਪਾਦਨ ਸਮਰੱਥਾ ਹੈ। ਇਸ ਵਿੱਚ ਹਾਈਡਰੋ ਪ੍ਰੋਜੈਕਟਾਂ ਤੋਂ 2156 ਮੈਗਾਵਾਟ, ਆਪਣੇ ਥਰਮਲ ਪਲਾਂਟਾਂ ਤੋਂ 2300 ਮੈਗਾਵਾਟ, ਆਈਪੀਪੀ ਥਰਮਲ ਪਲਾਂਟਾਂ ਤੋਂ 3380 ਮੈਗਾਵਾਟ, BBMB ਤੋਂ 1141 ਮੈਗਾਵਾਟ, ਕੇਂਦਰੀ ਪੂਲ ਤੋਂ 4128 ਮੈਗਾਵਾਟ ਅਤੇ ਨਵੇਂ ਤੇ ਨਵਿਆਉਣਯੋਗ ਊਰਜਾ ਸਰੋਤਾਂ ਤੋਂ 2783 ਮੈਗਾਵਾਟ ਬਿਜਲੀ ਪ੍ਰਾਪਤ ਹੁੰਦੀ ਹੈ।

ਬਿਜਲੀ ਮਾਹਿਰਾਂ ਅਨੁਸਾਰ ਗਰਮੀ ਅਤੇ ਝੋਨੇ ਦੀ ਬਿਜਾਈ ਕਾਰਨ ਅਪ੍ਰੈਲ ਤੋਂ ਜੁਲਾਈ ਤੱਕ ਮੰਗ ਸਭ ਤੋਂ ਵੱਧ ਰਹਿੰਦੀ ਹੈ। ਪੀਐੱਸਈਬੀ ਇੰਜੀਨੀਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੇ ਪਾਲ ਸਿੰਘ ਅਟਵਾਲ ਨੇ ਕਿਹਾ ਕਿ ਇਸ ਸਾਲ ਬਿਜਲੀ ਦੀ ਮੰਗ 18 ਹਜ਼ਾਰ ਮੈਗਾਵਾਟ ਤੱਕ ਪਹੁੰਚ ਸਕਦੀ ਹੈ।

ਬਿਜਲੀ ਮੰਤਰੀ ਸੰਜੀਵ ਅਰੋੜਾ ਮੁਤਾਬਕ ਸੂਬੇ ਵਿੱਚ 15 ਅਪ੍ਰੈਲ ਨੂੰ ਕਰੀਬ 7900 ਮੈਗਾਵਾਟ ਰਹੀ ਮੰਗ 25 ਅਪ੍ਰੈਲ ਤੱਕ ਵੱਧ ਕੇ 12 ਹਜ਼ਾਰ ਮੈਗਾਵਾਟ ਤੋਂ ਪਾਰ ਹੋ ਗਈ, ਜੋ ਪਿਛਲੇ ਸਾਲ ਨਾਲੋਂ ਲਗਭਗ 12 ਫੀਸਦੀ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਧਦੀ ਮੰਗ ਨੂੰ ਪੂਰਾ ਕਰਨ ਲਈ ਹੋਰ ਸੂਬਿਆਂ ਨਾਲ 1500 ਤੋਂ 2000 ਮੈਗਾਵਾਟ ਵਾਧੂ ਬਿਜਲੀ ਲਈ ਬੈਂਕਿੰਗ ਸਮਝੌਤਿਆਂ ‘ਤੇ ਕੰਮ ਕਰ ਰਹੀ ਹੈ।

ਇਸ ਤੋਂ ਇਲਾਵਾ, 2025 ਦੇ ਹੜ੍ਹਾਂ ਦੌਰਾਨ ਨੁਕਸਾਨੇ ਗਏ ਹਾਈਡਰੋ ਪਲਾਂਟਾਂ ਨੂੰ ਮੁੜ ਚਾਲੂ ਕੀਤਾ ਜਾ ਰਿਹਾ ਹੈ, ਜਿਸ ਨਾਲ ਕਰੀਬ 300 ਮੈਗਾਵਾਟ ਵਾਧੂ ਸਮਰੱਥਾ ਮਿਲਣ ਦੀ ਉਮੀਦ ਹੈ। ਸਰਕਾਰ ਨੇ ਨਿੱਜੀ ਅਤੇ ਹੋਰ ਸਰੋਤਾਂ ਤੋਂ ਵੀ ਵਾਧੂ ਬਿਜਲੀ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਕੇਂਦਰੀ ਪਾਵਰ ਪੂਲ ਤੋਂ 2000 ਮੈਗਾਵਾਟ ਵਾਧੂ ਬਿਜਲੀ ਹਾਸਲ ਕਰਨ ਲਈ ਯਤਨ ਜਾਰੀ ਹਨ। ਸਰਕਾਰ ਦਾ ਦਾਅਵਾ ਹੈ ਕਿ ਸੂਬੇ ਵਿੱਚ ਬਿਨਾਂ ਰੁਕਾਵਟ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।

Leave a Reply

Your email address will not be published. Required fields are marked *