
ਚੰਡੀਗੜ੍ਹ, 5 ਅਪ੍ਰੈਲ 2026: ਪੰਜਾਬ ਵਿੱਚ ਜਨਤਕ ਆਵਾਜਾਈ ਨੂੰ ਮਜ਼ਬੂਤ ਕਰਨ ਲਈ ਰਾਜ ਸਰਕਾਰ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ 6 ਅਪ੍ਰੈਲ, ਸੋਮਵਾਰ ਨੂੰ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (PRTC) ਦੀਆਂ 100 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਪਹਲ ਨੂੰ ਸੂਬੇ ਵਿੱਚ ਸੁਧਰੇ ਅਤੇ ਆਸਾਨ ਆਵਾਜਾਈ ਪ੍ਰਬੰਧ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਵਿੱਤ ਅਤੇ ਟ੍ਰਾਂਸਪੋਰਟ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਸਰਕਾਰ ਜਨਤਕ ਆਵਾਜਾਈ ਦੇ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਲੋਕਾਂ ਲਈ ਭਰੋਸੇਯੋਗ ਤੇ ਸੌਖਾ ਟ੍ਰਾਂਸਪੋਰਟ ਨੈੱਟਵਰਕ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਸਰਕਾਰ ਦੀ ਲਗਾਤਾਰ ਕੋਸ਼ਿਸ਼ਾਂ ਦਾ ਸਪੱਸ਼ਟ ਨਤੀਜਾ ਹੈ।
125 ਕਰੋੜ ਦਾ ਨਿਵੇਸ਼:
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ 100 ਮਿੰਨੀ ਅਤੇ 309 ਆਮ ਬੱਸਾਂ ਦੀ ਖ਼ਰੀਦ ਲਈ ਕਰੀਬ 125 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਪੜਾਅਵਾਰ ਤਰੀਕੇ ਨਾਲ ਬੇੜੇ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਵਧਦੀ ਮੰਗ ਨੂੰ ਪੂਰਾ ਕਰਨ ਲਈ PRTC ਵੱਲੋਂ ਕਿਲੋਮੀਟਰ ਸਕੀਮ ਹੇਠ 254 ਹੋਰ ਬੱਸਾਂ ਵੀ ਚਲਾਈਆਂ ਜਾਣਗੀਆਂ।
ਪਨਬੱਸ ਲਈ ਵਿਸਤਾਰ ਯੋਜਨਾ:
ਟ੍ਰਾਂਸਪੋਰਟ ਖੇਤਰ ਦੇ ਵਿਆਪਕ ਵਿਕਾਸ ਲਈ ਸਰਕਾਰ ਨੇ ਪਨਬੱਸ ਦੇ ਬੇੜੇ ਵਿੱਚ ਵੀ ਵੱਡਾ ਵਾਧਾ ਕਰਨ ਦੀ ਯੋਜਨਾ ਬਣਾਈ ਹੈ। ਇਸ ਤਹਿਤ ਕੁੱਲ 606 ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 387 ਨਵੀਆਂ ਬੱਸਾਂ ਸਿੱਧੇ ਤੌਰ ‘ਤੇ ਬੇੜੇ ਦਾ ਹਿੱਸਾ ਬਣਨਗੀਆਂ। ਇਸ ਤੋਂ ਇਲਾਵਾ ਕਿਲੋਮੀਟਰ ਸਕੀਮ ਹੇਠ 19 ਵੋਲਵੋ, 100 HVAC ਅਤੇ 100 ਆਮ ਬੱਸਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ।
ਮੰਤਰੀ ਨੇ ਕਿਹਾ ਕਿ PRTC ਅਤੇ ਪਨਬੱਸ ਦੇ ਬੇੜੇ ਵਿੱਚ 1000 ਤੋਂ ਵੱਧ ਨਵੀਆਂ ਬੱਸਾਂ ਸ਼ਾਮਲ ਕਰਕੇ ਰਾਜ ਦੀ ਆਵਾਜਾਈ ਪ੍ਰਣਾਲੀ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ। ਇਸ ਯੋਜਨਾ ਦਾ ਮਕਸਦ ਸਿਰਫ਼ ਸੰਪਰਕ ਸੁਧਾਰ ਕੇ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੀ ਨਹੀਂ, ਸਗੋਂ ਯਾਤਰੀਆਂ ਦੀ ਸਹੂਲਤ ਅਤੇ ਸੜਕ ਸੁਰੱਖਿਆ ਨੂੰ ਵੀ ਯਕੀਨੀ ਬਣਾਉਣਾ ਹੈ।
