
ਅੰਮ੍ਰਿਤਸਰ, 3 ਅਪ੍ਰੈਲ 2026: ਅੰਮ੍ਰਿਤਸਰ ਦੇ ਪਿੰਡ ਟਿੰਮੋਵਾਲ ਵਿੱਚ ਆਮ ਆਦਮੀ ਪਾਰਟੀ ਦੀ ਸਰਪੰਚ ਹਰਵਿੰਦਰ ਕੌਰ ਦੇ ਪਤੀ ਸੁਖਦੇਵ ਸਿੰਘ ਅਤੇ ਉਸਦੇ ਸਾਥੀਆਂ ‘ਤੇ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਨੌਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਦੌਰਾਨ ਇਸ ਮਾਮਲੇ ਨਾਲ ਜੁੜੇ ਬਦਨਾਮ ਗੈਂਗਸਟਰ ਬਲਵਿੰਦਰ ਸਿੰਘ ਉਰਫ਼ ਡੋਨੀ ਬਲ ਅਤੇ ਹੈਪੀ ਜੱਟ ਦੇ ਨਾਮ ਵੀ ਸਾਹਮਣੇ ਆਏ ਹਨ।
ਪੁਲਿਸ ਅਨੁਸਾਰ ਦੋਵੇਂ ਗੈਂਗਸਟਰ ਵਿਦੇਸ਼ਾਂ ਤੋਂ ਹੀ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਹਨ, ਜਿਵੇਂ ਨਿਸ਼ਾਨਾ ਬਣਾ ਕੇ ਕਤਲ ਕਰਵਾਉਣਾ ਅਤੇ ਜਬਰਦਸਤੀ ਵਸੂਲੀ ਕਰਨਾ। ਇਸ ਮਾਮਲੇ ਵਿੱਚ ਹੋਰ ਚਾਰ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਵੀ ਜਾਂਚ ਜਾਰੀ ਹੈ। ਐਸਐਸਪੀ ਸੋਹੇਲ ਮੀਰ ਨੇ ਦੱਸਿਆ ਕਿ ਪੁਲਿਸ ਦੀਆਂ ਚਾਰ ਟੀਮਾਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਕੋਸ਼ਿਸ਼ ਜਾਰੀ ਹੈ।
ਮਿਲੀ ਜਾਣਕਾਰੀ ਮੁਤਾਬਕ, ਸੁਖਦੇਵ ਸਿੰਘ ਜੋ ਕਿ ਰਾਜਨੀਤੀ ਵਿੱਚ ਸਰਗਰਮ ਹਨ, ਵੀਰਵਾਰ ਨੂੰ ਆਪਣੇ ਭਤੀਜੇ ਅਤੇ ਦੋਸਤਾਂ ਨਾਲ ਇਨੋਵਾ ਗੱਡੀ ਵਿੱਚ ਬਲਾਕ ਜੰਡਿਆਲਾ ਗੁਰੂ ਗਏ ਸਨ। ਕੰਮ ਮੁਕਾਉਣ ਤੋਂ ਬਾਅਦ ਜਦੋਂ ਉਹ ਵਾਪਸ ਪਿੰਡ ਆ ਰਹੇ ਸਨ, ਤਾਂ ਜੰਡਿਆਲਾ ਗੁਰੂ-ਵੇਰੋਵਾਲ ਰੋਡ ‘ਤੇ ਸਰਲੀ ਕਿਰਾਨਾ ਸਟੋਰ ਨੇੜੇ ਤਿੰਨ ਮੋਟਰਸਾਈਕਲਾਂ ‘ਤੇ ਸਵਾਰ ਸੱਤ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਕੇ ਗੋਲੀਬਾਰੀ ਕਰ ਦਿੱਤੀ।
ਹਮਲੇ ਦੌਰਾਨ ਉਹ ਇਨੋਵਾ ਗੱਡੀ ਅੰਦਰ ਰਹਿੰਦੇ ਹੋਏ ਬਚ ਗਏ, ਪਰ ਇੱਕ ਗੋਲੀ ਸੁਖਦੇਵ ਦੇ ਭਤੀਜੇ ਰਮਨਦੀਪ ਸਿੰਘ ਉਰਫ਼ ਮਨੀ ਨੂੰ ਕਮਰ ਵਿੱਚ ਲੱਗੀ। ਜ਼ਖ਼ਮੀ ਹਾਲਤ ਵਿੱਚ ਉਸਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਸੁਖਦੇਵ ਸਿੰਘ ਨੇ ਦੋਸ਼ ਲਗਾਇਆ ਕਿ ਇਹ ਹਮਲਾ ਪਿੰਡ ਦੇ ਹੀ ਵਸਨੀਕ ਰਵਲਜੀਤ ਸਿੰਘ ਵੱਲੋਂ ਕਰਵਾਇਆ ਗਿਆ, ਕਿਉਂਕਿ ਉਸਨੇ ਆਪਣੀ ਪਤਨੀ ਹਰਵਿੰਦਰ ਕੌਰ ਨੂੰ ਚੋਣਾਂ ਵਿੱਚ ਉਸਦੇ ਖ਼ਿਲਾਫ਼ ਖੜ੍ਹਾ ਕੀਤਾ ਸੀ, ਜਿਸ ਕਾਰਨ ਰਵਲਜੀਤ ਦੀ ਹਾਰ ਹੋਈ ਸੀ।
ਪੁਲਿਸ ਨੇ ਜਾਂਚ ਤੋਂ ਬਾਅਦ ਰਵਲਜੀਤ ਸਿੰਘ, ਨਿਸ਼ਾਨ ਸਿੰਘ, ਅਜੈਪਾਲ ਸਿੰਘ ਉਰਫ਼ ਅਜੈ, ਹੈਪੀ ਜੱਟ, ਬਲਵਿੰਦਰ ਸਿੰਘ ਉਰਫ਼ ਡੋਨੀ ਬਲ, ਅੰਮ੍ਰਿਤਪਾਲ ਸਿੰਘ, ਗੋਰਾ, ਜੀਤਾ ਢੋਲ ਅਤੇ ਬਾਊ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।
