
ਫਿਰੋਜ਼ਪੁਰ, 31 ਮਾਰਚ 2026: ਪੰਜਾਬ ਦੇ ਗੋਦਾਮ ਇਸ ਵੇਲੇ ਕਣਕ ਅਤੇ ਝੋਨੇ ਦੇ ਵੱਡੇ ਭੰਡਾਰ ਨਾਲ ਭਰੇ ਪਏ ਹਨ, ਜਿਸ ਕਾਰਨ ਸਟੋਰੇਜ ਦੀ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ। ਕਣਕ ਦੀ ਕਟਾਈ ਦੇ ਸੀਜ਼ਨ ਦੀ ਸ਼ੁਰੂਆਤ ਨਾਲ ਇਹ ਮੁੱਦਾ ਹੋਰ ਵੀ ਵਧ ਗਿਆ ਹੈ। ਇਸ ਪ੍ਰਸੰਗ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਦੀਆਂ ਮੰਡੀਆਂ ਤੋਂ 22 ਲੱਖ 6 ਹਜ਼ਾਰ 761 ਮੈਟ੍ਰਿਕ ਟਨ ਕਣਕ ਉਠਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਲਈ 860 ਵਿਸ਼ੇਸ਼ ਰੇਲ ਗੱਡੀਆਂ ਦੀ ਵਿਵਸਥਾ ਕੀਤੀ ਗਈ ਹੈ।
ਸਰਕਾਰੀ ਖਰੀਦ ਏਜੰਸੀ ਦੇ ਇੱਕ ਅਧਿਕਾਰੀ ਮੁਤਾਬਕ, ਸੂਬੇ ਦੇ ਸਾਰੇ ਗੋਦਾਮ ਕਣਕ ਅਤੇ ਝੋਨੇ ਨਾਲ ਲਬਾਲਬ ਹਨ। ਕਣਕ ਨੂੰ ਹੋਰ ਰਾਜਾਂ ਵੱਲ ਭੇਜਿਆ ਜਾ ਰਿਹਾ ਹੈ, ਜਦਕਿ ਝੋਨੇ ਨੂੰ ਗੋਦਾਮਾਂ ਵਿੱਚ ਸੰਭਾਲ ਕੇ ਰੱਖਿਆ ਜਾ ਰਿਹਾ ਹੈ। ਇਸ ਯੋਜਨਾ ਅਧੀਨ ਪੰਜਾਬ ਦੇ 22 ਜ਼ਿਲ੍ਹਿਆਂ ਦੀਆਂ ਮੰਡੀਆਂ ਤੋਂ ਸਿੱਧੀ ਕਣਕ ਦੀ ਲਿਫ਼ਟਿੰਗ ਕੀਤੀ ਜਾਵੇਗੀ।ਅਪ੍ਰੈਲ ਅਤੇ ਮਈ ਮਹੀਨਿਆਂ ਦੌਰਾਨ ਇਸ ਕੰਮ ਲਈ 860 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ।
ਅੰਮ੍ਰਿਤਸਰ ਤੋਂ 80 ਰੇਲ ਗੱਡੀਆਂ ਰਾਹੀਂ 2,08,000 ਮੈਟ੍ਰਿਕ ਟਨ, ਬਰਨਾਲਾ ਤੋਂ 32 ਰੇਲ ਗੱਡੀਆਂ ਰਾਹੀਂ 82,723 ਮੈਟ੍ਰਿਕ ਟਨ, ਬਠਿੰਡਾ ਤੋਂ 37 ਰੇਲ ਗੱਡੀਆਂ ਰਾਹੀਂ 96,185 ਮੈਟ੍ਰਿਕ ਟਨ ਅਤੇ ਫਰੀਦਕੋਟ ਤੋਂ 18 ਰੇਲ ਗੱਡੀਆਂ ਰਾਹੀਂ 44,646 ਮੈਟ੍ਰਿਕ ਟਨ ਕਣਕ ਦੀ ਢੋਆ-ਢੁਆਈ ਕੀਤੀ ਜਾਵੇਗੀ।
ਇਸੇ ਤਰ੍ਹਾਂ ਹੋਰ ਜ਼ਿਲ੍ਹਿਆਂ ਤੋਂ ਵੀ ਵੱਡੀ ਮਾਤਰਾ ਵਿੱਚ ਕਣਕ ਭੇਜੀ ਜਾਵੇਗੀ, ਜਿਸ ਵਿੱਚ ਫਿਰੋਜ਼ਪੁਰ ਤੋਂ 1,55,000 ਮੈਟ੍ਰਿਕ ਟਨ, ਗੁਰਦਾਸਪੁਰ ਤੋਂ 1,00,000 ਮੈਟ੍ਰਿਕ ਟਨ ਅਤੇ ਪਟਿਆਲਾ ਤੋਂ 2,22,863 ਮੈਟ੍ਰਿਕ ਟਨ ਸ਼ਾਮਲ ਹਨ।
ਪੰਜਾਬ ਤੋਂ ਕਣਕ ਦੀ ਢੁਆਈ ਲਈ ਅਪ੍ਰੈਲ ਵਿੱਚ 409 ਅਤੇ ਮਈ ਵਿੱਚ 440 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਇਸ ਕਦਮ ਨਾਲ ਸੂਬੇ ਦੇ ਗੋਦਾਮਾਂ ਵਿੱਚ ਕਣਕ ਦਾ ਬੋਝ ਘਟੇਗਾ ਅਤੇ ਝੋਨੇ ਦੀ ਸਟੋਰੇਜ ਨਾਲ ਜੁੜੀ ਸਮੱਸਿਆ ਵਿੱਚ ਵੀ ਰਾਹਤ ਮਿਲੇਗੀ।
