
Ladowal Toll Plaza Rate Hike, 31 ਮਾਰਚ 2026: ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਤੋਂ ਲੰਘਣ ਵਾਲੇ ਯਾਤਰੀਆਂ ਨੂੰ ਹੁਣ ਹੋਰ ਵੱਧ ਖਰਚਾ ਕਰਨਾ ਪਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਵੱਲੋਂ ਨਵੀਆਂ ਟੋਲ ਦਰਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜੋ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ। ਨਵੇਂ ਨੋਟੀਫਿਕੇਸ਼ਨ ਮੁਤਾਬਕ ਟੋਲ ਫੀਸ ਵਿੱਚ 5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ, 1 ਅਪ੍ਰੈਲ ਤੋਂ ਟੋਲ ਪਲਾਜ਼ਾ ’ਤੇ ਨਕਦ ਭੁਗਤਾਨ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ। ਧਿਆਨਯੋਗ ਹੈ ਕਿ ਪਿਛਲੇ ਸਾਲ ਵੀ 1 ਅਪ੍ਰੈਲ ਨੂੰ ਹੀ ਦਰਾਂ ਵਿੱਚ 5 ਰੁਪਏ ਦਾ ਵਾਧਾ ਕੀਤਾ ਗਿਆ ਸੀ।
ਟੋਲ ਮੈਨੇਜਰ ਵਿਪਿਨ ਰਾਏ ਦੇ ਅਨੁਸਾਰ, NHAI ਵੱਲੋਂ 27 ਮਾਰਚ ਨੂੰ ਜਾਰੀ ਨੋਟੀਫਿਕੇਸ਼ਨ ਦੇ ਆਧਾਰ ’ਤੇ ਨਵੀਆਂ ਦਰਾਂ ਤੈਅ ਕੀਤੀਆਂ ਗਈਆਂ ਹਨ। ਹੁਣ ਕਾਰ, ਜੀਪ ਅਤੇ ਵੈਨ ਲਈ ਇੱਕ ਪਾਸੇ ਦਾ ਟੋਲ 220 ਰੁਪਏ ਤੋਂ ਵਧਾ ਕੇ 225 ਰੁਪਏ ਕਰ ਦਿੱਤਾ ਗਿਆ ਹੈ। ਉਸੇ ਦਿਨ ਵਾਪਸੀ ਕਰਨ ਵਾਲਿਆਂ ਲਈ ਰਾਊਂਡ ਟ੍ਰਿਪ ਚਾਰਜ 335 ਤੋਂ ਵਧ ਕੇ 340 ਰੁਪਏ ਹੋ ਗਿਆ ਹੈ।
ਛੋਟੇ ਵਪਾਰਕ ਵਾਹਨਾਂ (LCV/LGV/ਮਿਨੀ ਬੱਸ) ਲਈ ਇੱਕ ਪਾਸੇ ਦਾ ਟੋਲ 360 ਤੋਂ 365 ਰੁਪਏ ਅਤੇ ਦੋਹਾਂ ਪਾਸਿਆਂ ਲਈ 545 ਤੋਂ 550 ਰੁਪਏ ਕਰ ਦਿੱਤਾ ਗਿਆ ਹੈ। ਮਾਸਿਕ ਪਾਸ ਦੀ ਫੀਸ ਵਿੱਚ ਵੀ 10 ਰੁਪਏ ਦਾ ਵਾਧਾ ਕਰਕੇ ਇਸਨੂੰ 350 ਰੁਪਏ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ, ਲੰਬੀ ਦੂਰੀ ਦੇ ਵਪਾਰਕ ਵਾਹਨਾਂ ਅਤੇ ਰੋਜ਼ਾਨਾ ਆਵਾਜਾਈ ਕਰਨ ਵਾਲਿਆਂ ਲਈ ਸਾਲਾਨਾ ਪਾਸ ਵੀ ਮਹਿੰਗਾ ਹੋ ਗਿਆ ਹੈ। ਪਹਿਲਾਂ ਇਹ 3,000 ਰੁਪਏ ਸੀ, ਜੋ ਹੁਣ 3,075 ਰੁਪਏ ਕਰ ਦਿੱਤਾ ਗਿਆ ਹੈ, ਜਿਸ ਵਿੱਚ ਕੁੱਲ 200 ਯਾਤਰਾਵਾਂ ਸ਼ਾਮਲ ਹਨ।
ਟੋਲ ਦਰਾਂ ਦਾ ਨਿਰਧਾਰਨ ਥੋਕ ਮੁੱਲ ਸੂਚਕ ਅੰਕ (WPI), ਸੜਕ ਦੀ ਲੰਬਾਈ, ਫਲਾਈਓਵਰਾਂ ਅਤੇ ਉਪਲਬਧ ਸਹੂਲਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਹੈ। ਨਵੀਆਂ ਦਰਾਂ ਦੀ ਸੂਚੀ ਟੋਲ ਪਲਾਜ਼ਾ ’ਤੇ ਲਗਾ ਦਿੱਤੀ ਗਈ ਹੈ।
