Saturday, May 23Punjabi People

ਪੰਜਾਬ ਪੁਲਿਸ ਨੂੰ 508 ਨਵੇਂ ਐਮਰਜੈਂਸੀ ਰਿਸਪਾਂਸ ਵਾਹਨ ਮਿਲੇ, ਡਾਇਲ 112 ਪ੍ਰੋਜੈਕਟ ਹੋਰ ਮਜ਼ਬੂਤ; ਮੁੱਖ ਮੰਤਰੀ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ

ਧੂਰੀ /ਚੰਡੀਗੜ੍ਹ, 31 ਮਾਰਚ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਧੂਰੀ (ਜ਼ਿਲ੍ਹਾ ਸੰਗਰੂਰ) ਅਤੇ ਨੰਗਲ (ਜ਼ਿਲ੍ਹਾ ਰੂਪਨਗਰ) ਦੇ ਦੌਰੇ ‘ਤੇ ਹਨ, ਜਿੱਥੇ ਉਹ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ‘ਡਾਇਲ 112’ ਪ੍ਰੋਜੈਕਟ ਦੇ ਤਹਿਤ ਸੂਬੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੱਡਾ ਕਦਮ ਚੁੱਕਿਆ ਹੈ। ਇਸ ਤਹਿਤ ਮੁੱਖ ਮੰਤਰੀ ਨੇ ਸੰਗਰੂਰ ਤੋਂ 508 ਐਮਰਜੈਂਸੀ ਰਿਸਪਾਂਸ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਇਹ ਵਾਹਨ ਸਾਰੇ ਜ਼ਿਲ੍ਹਿਆਂ ਵਿੱਚ ਤਾਇਨਾਤ ਹੋਣਗੇ ਅਤੇ ਐਮਰਜੈਂਸੀ ਸਮੇਂ 112 ‘ਤੇ ਕਾਲ ਕਰਨ ‘ਤੇ ਤੁਰੰਤ ਸਹਾਇਤਾ ਲਈ ਪਹੁੰਚਣਗੇ। ਇਨ੍ਹਾਂ ਵਾਹਨਾਂ ਵਿੱਚ ਮੋਬਾਈਲ ਡਾਟਾ ਟਰਮੀਨਲ ਅਤੇ ਸਮਾਰਟਫੋਨ ਤੋਂ ਇਲਾਵਾ ਡੈਸ਼ ਕੈਮਰੇ, ਵਾਇਰਲੈੱਸ ਸਿਸਟਮ, GPS ਟਰੈਕਰ ਅਤੇ ਹੋਰ ਆਧੁਨਿਕ ਤਕਨੀਕੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।

ਹਰੀ ਝੰਡੀ ਦਿਖਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਰਕਾਰ ਦੀਆਂ ਉਪਲੱਬਧੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਧੂਰੀ ਦੇ ਦੌਰੇ ਤੋਂ ਬਾਅਦ ਉਹ ਨੰਗਲ ਜਾਣਗੇ, ਜਿੱਥੇ ਕਾਰਗਿਲ ਯੁੱਧ ਦੇ ਸ਼ਹੀਦ ਕੈਪਟਨ ਅਮੋਲ ਕਾਲੀਆ ਦੇ ਨਾਮ ‘ਤੇ 23 ਕਰੋੜ ਰੁਪਏ ਦੀ ਲਾਗਤ ਨਾਲ ਇੱਕ ‘ਸੈਂਟਰ ਆਫ ਐਕਸੀਲੈਂਸ’ ਦੀ ਸਥਾਪਨਾ ਕੀਤੀ ਜਾਵੇਗੀ।

ਇਸ ਕੇਂਦਰ ਵਿੱਚ 540 ਨੌਜਵਾਨਾਂ ਨੂੰ ਉਦਯੋਗਿਕ ਲੋੜਾਂ ਅਨੁਸਾਰ ਤਿਆਰ ਕੀਤੇ ਕੋਰਸਾਂ ਵਿੱਚ ਤਾਲੀਮ ਦਿੱਤੀ ਜਾਵੇਗੀ। ਇੱਥੇ ਰੋਬੋਟਿਕਸ, ਇਲੈਕਟ੍ਰਿਕ ਵਾਹਨ (EV) ਤਕਨਾਲੋਜੀ, ਸੂਰਜੀ ਊਰਜਾ ਅਤੇ 3D ਪ੍ਰਿੰਟਿੰਗ ਵਰਗੇ ਉੱਚ-ਤਕਨੀਕੀ ਕੋਰਸ ਸ਼ੁਰੂ ਕੀਤੇ ਜਾਣਗੇ। ਇਸ ਤੋਂ ਇਲਾਵਾ, ਹੁਣ ਸਿਵਲ ਏਵੀਏਸ਼ਨ, ਏਅਰ ਹੋਸਟੈਸਿੰਗ ਅਤੇ ਡਰੋਨ ਤਕਨਾਲੋਜੀ ਦੇ ਕੋਰਸ ਸਰਕਾਰੀ ਆਈਟੀਆਈਜ਼ ਵਿੱਚ ਵੀ ਉਪਲੱਬਧ ਹੋਣਗੇ।

ਨੰਗਲ ਝੀਲ ਨੂੰ ਹੋਰ ਸੁੰਦਰ ਅਤੇ ਆਕਰਸ਼ਕ ਬਣਾਕੇ ਟੂਰਿਸਟ ਸਥਾਨ ਵਜੋਂ ਵਿਕਸਿਤ ਕੀਤਾ ਜਾਵੇਗਾ। ਇੱਥੇ 10 ਕਰੋੜ ਰੁਪਏ ਦੀ ਲਾਗਤ ਨਾਲ ਉੱਤਰੀ ਭਾਰਤ ਦਾ ਪਹਿਲਾ ਗਲਾਸ ਬ੍ਰਿਜ਼ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਡਾ. ਭੀਮ ਰਾਓ ਅੰਬੇਡਕਰ ਸਕੂਲ ਆਫ ਐਮੀਨੈਂਸ ਵਿੱਚ 18 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਡੀਟੋਰੀਅਮ ਅਤੇ ਨਵਾਂ ਅਕਾਦਮਿਕ ਬਲਾਕ ਵੀ ਬਣਾਇਆ ਜਾਵੇਗਾ।

Leave a Reply

Your email address will not be published. Required fields are marked *