Saturday, May 23Punjabi People

ਪੰਜਾਬ ਉਦਯੋਗਿਕ ਅਤੇ ਕਾਰੋਬਾਰ ਵਿਕਾਸ ਨੀਤੀ 2026 ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗੇ; ਜੇਐਲ ਓਸਵਾਲ ਗਰੁੱਪ ਨੇ ਪੰਜਾਬ ਵਿੱਚ ₹1,550 ਕਰੋੜ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ: ਸੰਜੀਵ ਅਰੋੜਾ

ਚੰਡੀਗੜ੍ਹ, 9 ਮਾਰਚ 2026: ਪੰਜਾਬ ਦੇ ਉਦਯੋਗ, ਵਣਜ ਤੇ ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਜੇਐਲ ਓਸਵਾਲ ਗਰੁੱਪ ਅਗਲੇ ਤਿੰਨ ਸਾਲਾਂ ਵਿੱਚ ਪੰਜਾਬ ਵਿੱਚ ਕਰੀਬ 1,550 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਐਲਾਨ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਪੰਜਾਬ ਉਦਯੋਗਿਕ ਅਤੇ ਕਾਰੋਬਾਰ ਵਿਕਾਸ ਨੀਤੀ 2026 ਦੇ ਬਾਅਦ ਸੂਬੇ ਵਿੱਚ ਬਣੇ ਮਜ਼ਬੂਤ ਉਦਯੋਗਿਕ ਮਾਹੌਲ ‘ਤੇ ਨਿਵੇਸ਼ਕਾਂ ਦੇ ਵਧਦੇ ਭਰੋਸੇ ਨੂੰ ਦਰਸਾਉਂਦਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਨਿਵੇਸ਼ ਸੂਬੇ ਵਿੱਚ ਦਿਨੋ-ਦਿਨ ਸੁਧਰ ਰਹੇ ਵਪਾਰਕ ਮਾਹੌਲ ਅਤੇ ਸਰਕਾਰ ਦੀਆਂ ਨਿਵੇਸ਼ਕ-ਅਨੁਕੂਲ ਨੀਤੀਆਂ ਵਿੱਚ ਉਦਯੋਗਿਕ ਜਗਤ ਦੇ ਵਧਦੇ ਵਿਸ਼ਵਾਸ ਦੀ ਨਿਸ਼ਾਨੀ ਹੈ। ਉਨ੍ਹਾਂ ਦੱਸਿਆ ਕਿ ਜੇਐਲ ਓਸਵਾਲ ਗਰੁੱਪ ਵੱਲੋਂ ਕੀਤਾ ਜਾਣ ਵਾਲਾ ਇਹ ਵੱਡਾ ਨਿਵੇਸ਼ ਪੰਜਾਬ ਦੀ ਪ੍ਰਗਤੀਸ਼ੀਲ ਉਦਯੋਗਿਕ ਨੀਤੀ ਅਤੇ ਸਰਕਾਰ ਦੀ ਕਾਰੋਬਾਰ ਲਈ ਸੁਗਮ ਮਾਹੌਲ ਤਿਆਰ ਕਰਨ ਦੀ ਵਚਨਬੱਧਤਾ ਨੂੰ ਮਜ਼ਬੂਤੀ ਦਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਨਿਵੇਸ਼ਕਾਂ ਨੂੰ ਦੇਸ਼ ਦੇ ਸਭ ਤੋਂ ਵਿਆਪਕ ਪ੍ਰੋਤਸਾਹਨ ਪੈਕੇਜਾਂ ਵਿੱਚੋਂ ਇੱਕ ਪ੍ਰਦਾਨ ਕਰਦੀ ਹੈ, ਜਿਸ ਨਾਲ ਉਹ ਆਪਣੀਆਂ ਲੋੜਾਂ ਅਨੁਸਾਰ ਸਹੂਲਤਾਂ ਦੀ ਚੋਣ ਕਰ ਸਕਦੇ ਹਨ।

ਸੰਜੀਵ ਅਰੋੜਾ ਨੇ ਦੱਸਿਆ ਕਿ ਇਹ ਨਿਵੇਸ਼ ਡਿਜੀਟਲ ਬੁਨਿਆਦੀ ਢਾਂਚਾ, ਟੈਕਸਟਾਈਲ ਉਦਯੋਗ, ਉਦਯੋਗਿਕ ਪਾਰਕ, ਲੌਜਿਸਟਿਕਸ, ਪ੍ਰਾਹੁਣਚਾਰੀ ਖੇਤਰ, ਕੱਪੜਾ ਨਿਰਮਾਣ ਅਤੇ ਨਵਿਆਉਣਯੋਗ ਊਰਜਾ ਵਰਗੇ ਕਈ ਖੇਤਰਾਂ ਵਿੱਚ ਕੀਤਾ ਜਾਵੇਗਾ। ਇਸ ਨਾਲ ਸੂਬੇ ਦੇ ਉਦਯੋਗਿਕ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਲੌਜਿਸਟਿਕਸ ਦੀ ਕੁਸ਼ਲਤਾ ਵਿੱਚ ਸੁਧਾਰ ਦੇ ਨਾਲ ਨਿਰਮਾਣ ਸਮਰੱਥਾ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਅਨੁਮਾਨ ਜਤਾਇਆ ਕਿ ਇਸ ਨਿਵੇਸ਼ ਨਾਲ ਸਿੱਧੇ ਅਤੇ ਅਸਿੱਧੇ ਤੌਰ ‘ਤੇ 4,000 ਤੋਂ ਵੱਧ ਰੋਜ਼ਗਾਰ ਮੌਕੇ ਪੈਦਾ ਹੋਣਗੇ।

ਸੈਕਟਰ-ਵਾਰ ਨਿਵੇਸ਼ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਡਿਜੀਟਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਭਗ 500 ਕਰੋੜ ਰੁਪਏ ਦਾ ਨਿਵੇਸ਼ ਕਰਕੇ ਇੱਕ ਆਧੁਨਿਕ ਡੇਟਾ ਸੈਂਟਰ ਬਣਾਇਆ ਜਾਵੇਗਾ, ਜੋ ਐਸਾਰ ਰੁਈਆ ਗਰੁੱਪ ਦੀ ਤਕਨਾਲੋਜੀ ਕੰਪਨੀ ਬਲੈਕ ਬਾਕਸ ਦੇ ਸਹਿਯੋਗ ਨਾਲ ਸਥਾਪਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਟੈਕਸਟਾਈਲ ਉਦਯੋਗ ਨੂੰ ਆਧੁਨਿਕ ਬਣਾਉਣ ਲਈ ਸਪਿਨਿੰਗ ਅਤੇ ਟੈਕਸਟਾਈਲ ਨਿਰਮਾਣ ਸਹੂਲਤਾਂ ਦੇ ਅਪਗ੍ਰੇਡ ਅਤੇ ਵਿਸਥਾਰ ਲਈ ਕਰੀਬ 450 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਇਸ ਤੋਂ ਇਲਾਵਾ ਪੰਜਾਬ ਦੇ ਨਿਰਮਾਣ ਅਤੇ ਸਪਲਾਈ ਚੇਨ ਢਾਂਚੇ ਨੂੰ ਮਜ਼ਬੂਤ ਕਰਨ ਲਈ ਲੌਜਿਸਟਿਕ ਪਾਰਕਾਂ, ਉਦਯੋਗਿਕ ਪਾਰਕਾਂ ਅਤੇ ਸਹਾਇਕ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਕਰੀਬ 400 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਵਧ ਰਹੀ ਕਾਰੋਬਾਰੀ ਯਾਤਰਾ ਅਤੇ ਸੈਰ-ਸਪਾਟੇ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਾਹੁਣਚਾਰੀ ਖੇਤਰ ਵਿੱਚ ਨਵਾਂ ਹੋਟਲ ਪ੍ਰੋਜੈਕਟ ਬਣਾਉਣ ਲਈ 100 ਕਰੋੜ ਰੁਪਏ ਲਗਾਏ ਜਾਣਗੇ।

ਇਸ ਦੇ ਨਾਲ ਹੀ ਆਧੁਨਿਕ ਕੱਪੜਾ ਨਿਰਮਾਣ ਸਹੂਲਤਾਂ ਲਈ 50 ਕਰੋੜ ਰੁਪਏ ਅਤੇ ਵਾਤਾਵਰਣ ਅਨੁਕੂਲ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੂਰਜੀ ਅਤੇ ਟਿਕਾਊ ਊਰਜਾ ਪ੍ਰੋਜੈਕਟਾਂ ਵਿੱਚ ਹੋਰ 50 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਜੇਐਲ ਓਸਵਾਲ ਗਰੁੱਪ ਦੇ ਚੇਅਰਮੈਨ ਕਮਲ ਓਸਵਾਲ ਦੀ ਅਗਵਾਈ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਗਰੁੱਪ ਵੱਲੋਂ ਪੰਜਾਬ ਵਿੱਚ ਨਿਵੇਸ਼ ਵਧਾਉਣ ਦਾ ਫੈਸਲਾ ਸੂਬੇ ਦੇ ਉਦਯੋਗਿਕ ਅਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ।

ਉਨ੍ਹਾਂ ਦੱਸਿਆ ਕਿ ਕਮਲ ਓਸਵਾਲ ਦੀ ਅਗਵਾਈ ਹੇਠ ਜੇਐਲ ਓਸਵਾਲ ਗਰੁੱਪ ਦੀ ਪੰਜਾਬ ਸਮੇਤ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਓਡੀਸ਼ਾ ਅਤੇ ਅਸਾਮ ਵਿੱਚ ਮਜ਼ਬੂਤ ਉਦਯੋਗਿਕ ਅਤੇ ਬੁਨਿਆਦੀ ਢਾਂਚਾਗਤ ਮੌਜੂਦਗੀ ਹੈ। ਗਰੁੱਪ ਦੇ ਨਿਵੇਸ਼ ਟੈਕਸਟਾਈਲ, ਲੌਜਿਸਟਿਕ ਪਾਰਕ, ਉਦਯੋਗਿਕ ਢਾਂਚਾ, ਨਵਿਆਉਣਯੋਗ ਊਰਜਾ ਅਤੇ ਪ੍ਰਾਹੁਣਚਾਰੀ ਖੇਤਰਾਂ ਵਿੱਚ ਫੈਲੇ ਹੋਏ ਹਨ। ਇਸ ਸਮੂਹ ਦਾ ਕੁੱਲ ਸਾਲਾਨਾ ਕਾਰੋਬਾਰ ਕਰੀਬ 8,000 ਕਰੋੜ ਰੁਪਏ ਹੈ ਅਤੇ ਇਹ ਕਈ ਰਾਜਾਂ ਵਿੱਚ ਖੇਤਰੀ ਆਰਥਿਕਤਾ ਨੂੰ ਮਜ਼ਬੂਤ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਪ੍ਰੈਸ ਕਾਨਫਰੰਸ ਦੌਰਾਨ ਉਦਯੋਗ ਅਤੇ ਵਣਜ ਵਿਭਾਗ ਦੇ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਜੇਐਲ ਓਸਵਾਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਕਮਲ ਓਸਵਾਲ ਅਤੇ ਕਾਰਜਕਾਰੀ ਡਾਇਰੈਕਟਰ ਅਭਿਨਵ ਓਸਵਾਲ ਵੀ ਮੌਜੂਦ ਸਨ।

Leave a Reply

Your email address will not be published. Required fields are marked *