Wednesday, July 29Punjabi People

ਹੋਲਾ ਮਹੱਲਾ 2026 ਮੌਕੇ ਚਰਨ ਗੰਗਾ ਸਟੇਡੀਅਮ ਵਿੱਚ ਕਰਵਾਈਆਂ ਗਈਆਂ ਦੋ ਰੋਜ਼ਾ ਵਿਰਾਸਤੀ ਖੇਡਾਂ ਨੇ ਦਰਸ਼ਕਾਂ ਵਿੱਚ ਜੋਸ਼ ਭਰਦਿਆਂ ਸਫਲਤਾਪੂਰਵਕ ਕੀਤੀ ਸਮਾਪਤੀ

ਸ੍ਰੀ ਅਨੰਦਪੁਰ ਸਾਹਿਬ/ਚੰਡੀਗੜ੍ਹ, 02 ਮਾਰਚ 2026: ਹੋਲਾ ਮਹੱਲਾ 2026 ਦੇ ਪਾਵਨ ਅਵਸਰ ‘ਤੇ ਚਰਨ ਗੰਗਾ ਸਟੇਡੀਅਮ, ਸ੍ਰੀ ਅਨੰਦਪੁਰ ਸਾਹਿਬ ਵਿਖੇ ਦੋ ਦਿਨਾਂ ਵਿਰਾਸਤੀ ਖੇਡ ਮੇਲਾ ਬੜੀ ਧੂਮਧਾਮ ਅਤੇ ਸ਼ਾਨ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਗਮ ਨੇ ਪੰਜਾਬ ਦੀ ਸਮ੍ਰਿੱਧ ਵਿਰਾਸਤ, ਰਵਾਇਤੀ ਖੇਡਾਂ ਅਤੇ ਲੋਕ ਕਲਾਵਾਂ ਨੂੰ ਇਕੱਠਾ ਕਰਕੇ ਦਰਸ਼ਕਾਂ ਲਈ ਅਵਿਸਮਰਨੀਅ ਅਨੁਭਵ ਪੈਦਾ ਕੀਤਾ। ਦੂਰ-ਦੁਰਾਡੇ ਇਲਾਕਿਆਂ ਤੋਂ ਆਏ ਸ਼ਰਧਾਲੂਆਂ ਅਤੇ ਸੈਲਾਨੀਆਂ ਨੇ ਵਿਰਾਸਤੀ ਰੰਗਾਂ ਨਾਲ ਰੰਗੇ ਇਸ ਪ੍ਰੋਗਰਾਮ ਨੂੰ ਭਰਪੂਰ ਪ੍ਰਸ਼ੰਸਾ ਬਖ਼ਸ਼ੀ।

ਇਸ ਮੌਕੇ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਨਾਲ ਨਵਾਜਿਆ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਵਿਰਾਸਤੀ ਖੇਡਾਂ ਨੌਜਵਾਨਾਂ ਨੂੰ ਆਪਣੀ ਸੱਭਿਆਚਾਰਕ ਪਛਾਣ ਅਤੇ ਜੜ੍ਹਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਪ੍ਰਸ਼ਾਸਨ ਵੱਲੋਂ ਖਿਡਾਰੀਆਂ ਲਈ ਸੁਚਾਰੂ ਪ੍ਰਬੰਧ, ਪੂਰੀ ਸੁਰੱਖਿਆ ਅਤੇ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਈਆਂ ਗਈਆਂ, ਜਿਸ ਕਾਰਨ ਸਮੂਹ ਮੁਕਾਬਲੇ ਸੁਚੱਜੇ ਢੰਗ ਨਾਲ ਸੰਪੰਨ ਹੋਏ।

ਦੋ ਦਿਨਾਂ ਚਲੇ ਇਸ ਸਮਾਗਮ ਵਿੱਚ 60 ਸਾਲ ਤੱਕ ਦੀ ਉਮਰ ਵਰਗ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਦਸਤਾਰਬੰਦੀ ਮੁਕਾਬਲੇ, ਢਾਡੀ ਦਰਬਾਰ, ਮਾਰਚ ਪਾਸਟ, ਮਸਾਲ ਪ੍ਰਦਰਸ਼ਨ, ਗਿੱਧਾ-ਭੰਗੜਾ, ਗੱਤਕਾ ਪ੍ਰਦਰਸ਼ਨੀ ਮੈਚ, ਘੋੜ ਡਾਂਸ ਅਤੇ ਟੈਂਟ ਪੈਗਿੰਗ ਵਰਗੀਆਂ ਰਵਾਇਤੀ ਖੇਡਾਂ ਅਤੇ ਪ੍ਰਸਤੁਤੀਆਂ ਨੇ ਦਰਸ਼ਕਾਂ ਨੂੰ ਮੋਹ ਲਿਆ। ਇਸ ਤੋਂ ਇਲਾਵਾ ਵਿਸ਼ੇਸ਼ ਮਾਰਸ਼ਲ ਆਰਟਸ ਕੌਸ਼ਲ ਮੁਕਾਬਲਿਆਂ ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਮਾਰਚ ਪਾਸਟ ਦੌਰਾਨ ਹਾਥੀਆਂ ਦੇ ਜੋੜੇ ਦੀ ਸ਼ਮੂਲੀਅਤ ਵਿਸ਼ੇਸ਼ ਆਕਰਸ਼ਣ ਬਣੀ ਰਹੀ, ਜਿਸ ਨਾਲ ਸਮਾਗਮ ਦੀ ਸ਼ੋਭਾ ਹੋਰ ਵਧ ਗਈ। ਗਿੱਧੇ ਅਤੇ ਭੰਗੜੇ ਦੀ ਰੌਣਕ ਨਾਲ ਸਾਰਾ ਸਟੇਡੀਅਮ ਪੰਜਾਬੀ ਰੰਗਾਂ ਵਿੱਚ ਰੰਗਿਆ ਨਜ਼ਰ ਆਇਆ। ਲੋਕ ਕਲਾਵਾਂ ਦੀਆਂ ਰੰਗੀਨ ਪੇਸ਼ਕਾਰੀਆਂ ਨੇ ਪੰਜਾਬ ਦੇ ਸੱਭਿਆਚਾਰਕ ਵਿਰਸੇ ਦੀ ਜੀਵੰਤ ਝਲਕ ਪੇਸ਼ ਕੀਤੀ।

ਵਿਰਾਸਤੀ ਖੇਡਾਂ ਦੇ ਇਸ ਮੰਚ ਰਾਹੀਂ ਪੰਜਾਬ ਸਰਕਾਰ ਵੱਲੋਂ ਨਸ਼ਾ-ਮੁਕਤ ਸਮਾਜ ਦੇ ਸੰਦੇਸ਼ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ ਗਿਆ। ਨੌਜਵਾਨਾਂ ਦੀ ਜੋਸ਼ੀਲੀ ਭਾਗੀਦਾਰੀ ਨੇ ਦਰਸਾਇਆ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਸਿਹਤਮੰਦ ਅਤੇ ਸਕਾਰਾਤਮਕ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।

ਇਸ ਮੌਕੇ ਚੰਦਰ ਜਯੋਤੀ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅਭਿਮੰਨਯੂ ਮਲਿਕ ਸਹਾਇਕ ਕਮਿਸ਼ਨਰ, ਸੁਖਪਾਲ ਸਿੰਘ ਮੇਲਾ ਅਫਸਰ ਕਮ ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ, ਸਚਿਨ ਪਾਠਕ ਐਸ.ਡੀ.ਐਮ. ਨੰਗਲ, ਬਲਜਿੰਦਰ ਸਿੰਘ ਗਰੇਵਾਲ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਇਸਾਨ ਚੌਧਰੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਜਗਜੀਵਨ ਸਿੰਘ ਜ਼ਿਲ੍ਹਾ ਖੇਡ ਅਫਸਰ, ਮੰਚ ਸੰਚਾਲਕ ਰਣਜੀਤ ਸਿੰਘ ਐਨ.ਸੀ.ਸੀ. ਅਫਸਰ, ਅਜੇ ਬੈਂਸ ਸਹਾਇਕ ਮੰਚ ਸੰਚਾਲਕ, ਸਹਾਇਕ ਸਿਵਲ ਸਰਜਨ ਰੂਪਨਗਰ ਡਾ. ਬੌਬੀ ਗੁਲਾਟੀ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼ਰੂਤੀ ਸ਼ਰਮਾ, ਐਕਸੀਅਨ ਪੰਚਾਇਤੀ ਰਾਜ ਅਵਤਾਰ ਸਿੰਘ ਅਤੇ ਐਕਸੀਅਨ ਜਲ ਸਪਲਾਈ ਹਰਜੀਤਪਾਲ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *