
ਕਿਲਾ ਰਾਏਪੁਰ (ਲੁਧਿਆਣਾ), 18 ਫਰਵਰੀ: ਕਿਲਾ ਰਾਏਪੁਰ ਪੇਂਡੂ ਓਲੰਪਿਕ ਦੇ ਦੂਜੇ ਦਿਨ ਦੌਰਾਨ ਬੇਹੱਦ ਰੌਣਕ ਅਤੇ ਜੋਸ਼ ਦੇ ਨਜ਼ਾਰੇ ਵੇਖਣ ਨੂੰ ਮਿਲੇ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ, ਖ਼ਾਸ ਕਰਕੇ ਨੌਜਵਾਨ, ਪੰਜਾਬ ਦੀ ਧਨੀ ਪੇਂਡੂ ਖੇਡ ਵਿਰਾਸਤ ਦਾ ਜਸ਼ਨ ਮਨਾਉਣ ਲਈ ਇਤਿਹਾਸਕ ਸਟੇਡੀਅਮ ਕਿਲਾ ਰਾਏਪੁਰ ਵਿੱਚ ਇਕੱਠੇ ਹੋਏ।
ਦੂਜੇ ਦਿਨ ਦੇ ਮੁਕਾਬਲਿਆਂ ਦੀ ਖ਼ਾਸ ਆਕਰਸ਼ਣ 12 ਸਾਲਾਂ ਬਾਅਦ ਮੁੜ ਸ਼ੁਰੂ ਹੋਈਆਂ ਰਵਾਇਤੀ ਬੈਲ ਗੱਡੀ ਦੌੜਾਂ ਰਹੀਆਂ, ਜਿਨ੍ਹਾਂ ਨੇ ਦਰਸ਼ਕਾਂ ਦਾ ਕੇਂਦਰੀ ਧਿਆਨ ਖਿੱਚਿਆ। ਸਟੇਡੀਅਮ ਵਿੱਚ ਗੂੰਜਦੇ ਜੈਕਾਰਿਆਂ ਦੇ ਵਿਚਕਾਰ ਲੋਕਾਂ ਨੇ ਇਨ੍ਹਾਂ ਦੌੜਾਂ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਦੇ ਨਾਲ ਹੀ ਹਾਕੀ ਮੈਚ, ਕਬੱਡੀ ਮੁਕਾਬਲੇ, ਸ਼ਾਟ ਪੁੱਟ, 100 ਮੀਟਰ ਦੌੜ, ਰੱਸਾਕਸੀ, ਲੰਬੀ ਛਾਲ, ਬਾਜ਼ੀਗਰ ਸ਼ੋਅ ਅਤੇ ਹੋਰ ਕਈ ਪੇਂਡੂ ਖੇਡਾਂ ਨੇ ਵੀ ਮਾਹੌਲ ਨੂੰ ਰੌਣਕਮਈ ਬਣਾਇਆ। ਮੈਦਾਨ ਪਰਿਵਾਰਾਂ, ਕਿਸਾਨਾਂ, ਨੌਜਵਾਨ ਟੋਲੀਆਂ ਅਤੇ ਪੰਜਾਬ ਸਮੇਤ ਬਾਹਰਲੇ ਇਲਾਕਿਆਂ ਤੋਂ ਆਏ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ, ਜਿਸ ਨਾਲ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਹੋਰ ਮਜ਼ਬੂਤ ਹੋਈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਤਸ਼ਾਹੀ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੈਲ ਗੱਡੀ ਦੌੜਾਂ ਦੀ ਪੁਨਰ ਸ਼ੁਰੂਆਤ ਇਕ ਇਤਿਹਾਸਕ ਮੀਲ ਪੱਥਰ ਹੈ। ਉਨ੍ਹਾਂ ਦੱਸਿਆ ਕਿ ਇਹ ਕਦਮ ਪੰਜਾਬ ਜਾਨਵਰਾਂ ‘ਤੇ ਜ਼ੁਲਮ ਰੋਕਥਾਮ (ਪੰਜਾਬ ਸੋਧ) ਐਕਟ, 2025 ਵਿੱਚ ਕੀਤੀਆਂ ਗਈਆਂ ਸੋਧਾਂ ਅਤੇ ਜਾਨਵਰਾਂ ਦੀ ਭਲਾਈ ਲਈ ਯਕੀਨੀ ਬਣਾਏ ਪ੍ਰਬੰਧਾਂ ਕਰਕੇ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਰਵਾਇਤੀ ਖੇਡਾਂ ਦੀ ਵਾਪਸੀ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਨਵੀਂ ਪੀੜ੍ਹੀ ਵਿੱਚ ਪੇਂਡੂ ਖੇਡਾਂ ਪ੍ਰਤੀ ਰੁਚੀ ਵਧਾਉਂਦੀ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਖੇਡਾਂ ਨੌਜਵਾਨਾਂ ਨੂੰ ਮੈਦਾਨਾਂ ਵੱਲ ਵਾਪਸ ਲੈ ਕੇ ਜਾਣਗੀਆਂ ਅਤੇ ਉਨ੍ਹਾਂ ਨੂੰ ਨਸ਼ਿਆਂ ਅਤੇ ਮੋਬਾਈਲ ਦੀ ਅਤਿਅਧਿਕ ਵਰਤੋਂ ਤੋਂ ਦੂਰ ਰੱਖਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਿ ਅਸੀਂ ਨੌਜਵਾਨਾਂ ਨੂੰ ਆਪਣੀਆਂ ਪਰੰਪਰਾਵਾਂ ਨਾਲ ਮੁੜ ਜੋੜੀਏ, ਖ਼ਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਡਿਜੀਟਲ ਰੁਝਾਨ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਤੋਂ ਦੂਰ ਕਰ ਰਹੇ ਹਨ।
ਇਸ ਤੋਂ ਪਹਿਲਾਂ, ਪੰਜਾਬ ਸਰਕਾਰ ਦੇ ਸਟੇਟ ਮੀਡੀਆ ਹੈੱਡ ਸ੍ਰੀ ਬਲਤੇਜ ਪੰਨੂ ਨੇ ਪ੍ਰਬੰਧਕਾਂ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਭੂਮਿਕਾ ਨਾਲ ਇਹ ਸਮਾਗਮ ਬੇਹੱਦ ਕਾਮਯਾਬ ਬਣਿਆ ਹੈ। ਉਨ੍ਹਾਂ ਕਿਹਾ ਕਿ ਬੈਲ ਗੱਡੀ ਦੌੜਾਂ ਦੀ ਮੁੜ ਸ਼ੁਰੂਆਤ ਨਾਲ ਸੂਬੇ ਵਿੱਚ ਨਵਾਂ ਖੇਡ ਜ਼ਜ਼ਬਾ ਪੈਦਾ ਹੋਇਆ ਹੈ ਅਤੇ ਪੇਂਡੂ ਓਲੰਪਿਕ ਕਿਲਾ ਰਾਏਪੁਰ ਦੀ ਪਛਾਣ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੂਰਦਰਸ਼ੀ ਵਿਜ਼ਨ ਅਨੁਸਾਰ, ਸਾਰੀਆਂ ਚੁਣੌਤੀਆਂ ਨੂੰ ਪਾਰ ਕਰਦਿਆਂ ਸੁਰੱਖਿਆ ਪ੍ਰਬੰਧਾਂ ਨਾਲ ਇਹ ਖੇਡਾਂ ਦੁਬਾਰਾ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਲੋਕਾਂ ਦੇ ਚਿਹਰਿਆਂ ‘ਤੇ ਦਿਖ ਰਹੀ ਖੁਸ਼ੀ ਇਸਦੀ ਸਫਲਤਾ ਦੀ ਗਵਾਹ ਹੈ।
ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ, ਐਸਡੀਐਮ ਲੁਧਿਆਣਾ ਪੂਰਬੀ ਜਸਲੀਨ ਕੌਰ ਭੁੱਲਰ, ਐਸਡੀਐਮ ਉਪਿੰਦਰਜੀਤ ਕੌਰ ਬਰਾੜ, ਸਹਾਇਕ ਕਮਿਸ਼ਨਰ ਡਾ. ਪ੍ਰਗਤੀ ਵਰਮਾ, ਜ਼ਿਲ੍ਹਾ ਖੇਡ ਅਧਿਕਾਰੀ ਕੁਲਦੀਪ ਚੁੱਘ ਸਮੇਤ ਕਈ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ।
