
ਕਿਲਾ ਰਾਏਪੁਰ (ਲੁਧਿਆਣਾ), 17 ਫਰਵਰੀ 2026: ਕਿਲਾ ਰਾਏਪੁਰ ਪੇਂਡੂ ਓਲੰਪਿਕ-2026 ਦਾ ਸ਼ੁਭ ਆਗਾਜ਼ ਮੰਗਲਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਿਲਾ ਰਾਏਪੁਰ ਵਿੱਚ ਬੇਹੱਦ ਜੋਸ਼ ਅਤੇ ਉਤਸ਼ਾਹ ਨਾਲ ਹੋਇਆ। ਇਸ ਸਾਲ ਦੇ ਖੇਡ ਮੇਲੇ ਦੀ ਖ਼ਾਸ ਗੱਲ 12 ਸਾਲਾਂ ਦੇ ਵਿਛੋੜੇ ਤੋਂ ਬਾਅਦ ਪ੍ਰਸਿੱਧ ਬੈਲ ਗੱਡੀ ਦੌੜਾਂ ਦੀ ਮੁੜ ਵਾਪਸੀ ਰਹੀ, ਜਿਸ ਨੇ ਦਰਸ਼ਕਾਂ ਵਿੱਚ ਨਵਾਂ ਜੋਸ਼ ਭਰ ਦਿੱਤਾ।
ਖੇਡਾਂ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ। ਸਟੇਡੀਅਮ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਨੇ ਬੈਲ ਗੱਡੀ ਦੌੜਾਂ ਦੀ ਮੁੜ ਸ਼ੁਰੂਆਤ ਦਾ ਜ਼ੋਰਦਾਰ ਸਵਾਗਤ ਕੀਤਾ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਬਾਹਰੀ ਰਾਜਾਂ ਤੋਂ ਵੀ ਲੋਕ ਇਸ ਵਿਲੱਖਣ ਅਤੇ ਰੋਮਾਂਚਕ ਪੇਂਡੂ ਖੇਡ ਨੂੰ ਦੇਖਣ ਲਈ ਇਕੱਠੇ ਹੋਏ, ਜੋ ਸੂਬੇ ਦੀ ਸੰਸਕ੍ਰਿਤਿਕ ਵਿਰਾਸਤ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ।
ਮੰਤਰੀ ਖੁੱਡੀਆਂ ਨੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਡਾ. ਕੇ.ਐਨ.ਐਸ. ਕੰਗ ਦੇ ਨਾਲ ਕਿਹਾ ਕਿ ਬੈਲ ਗੱਡੀ ਦੌੜਾਂ ਪੰਜਾਬ ਦੀ ਪੇਂਡੂ ਪਛਾਣ ਅਤੇ ਇਤਿਹਾਸਕ ਪਰੰਪਰਾਵਾਂ ਦਾ ਅਹਿਮ ਹਿੱਸਾ ਹਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਜਾਨਵਰਾਂ ’ਤੇ ਅੱਤਿਆਚਾਰ ਦੀ ਰੋਕਥਾਮ (ਪੰਜਾਬ ਸੋਧ) ਐਕਟ, 2025’ ਨੂੰ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕਰਕੇ ਲਾਗੂ ਕਰਨ ਨਾਲ ਇਹ ਦੌੜਾਂ ਦੁਬਾਰਾ ਸੰਭਵ ਹੋ ਸਕੀਆਂ। ਇਸ ਕਾਨੂੰਨ ਰਾਹੀਂ ਜਾਨਵਰਾਂ ਦੀ ਸੁਰੱਖਿਆ ਲਈ ਲਾਜ਼ਮੀ ਮਾਪਦੰਡ ਤੈਅ ਕੀਤੇ ਗਏ ਅਤੇ ਕਾਨੂੰਨੀ ਰੁਕਾਵਟਾਂ ਦੂਰ ਕੀਤੀਆਂ ਗਈਆਂ।
ਮੰਤਰੀ ਨੇ ਕਿਹਾ ਕਿ ਕਿਲਾ ਰਾਏਪੁਰ ਪੇਂਡੂ ਓਲੰਪਿਕ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਵਿੱਚ ਛੁਪੀ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਓਲੰਪਿਕ ਅਤੇ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਤਗਮੇ ਜਿੱਤਣ ਵਾਲਿਆਂ ਲਈ ਨਕਦ ਇਨਾਮਾਂ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਓਲੰਪਿਕ ਤਗਮਾ ਜੇਤੂਆਂ ਨੂੰ ਪੰਜਾਬ ਸਿਵਲ ਸੇਵਾਵਾਂ (ਪੀ.ਸੀ.ਐਸ.) ਅਤੇ ਪੰਜਾਬ ਪੁਲਿਸ ਸੇਵਾਵਾਂ (ਪੀ.ਪੀ.ਐਸ.) ਵਿੱਚ ਸਨਮਾਨਤ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਹੋਰ ਦੱਸਿਆ ਕਿ ਸਰਕਾਰ ਨੇ ਪੂਰੀ ਪਾਰਦਰਸ਼ਤਾ ਅਤੇ ਯੋਗਤਾ ਦੇ ਆਧਾਰ ‘ਤੇ ਲਗਭਗ 64 ਹਜ਼ਾਰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਕਰੀਬ 40 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਿਰਮਾਣ ਅਤੇ ਅਪਗ੍ਰੇਡ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿਛਲੇ ਚਾਰ ਸਾਲਾਂ ਤੋਂ ਹਰ ਘਰ ਨੂੰ 600 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਯੋਜਨਾ ਨਾਲ 90 ਫੀਸਦੀ ਪਰਿਵਾਰਾਂ ਦੇ ਬਿਜਲੀ ਬਿੱਲ ਸਿਫ਼ਰ ਆਏ ਹਨ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।
ਮੰਤਰੀ ਖੁੱਡੀਆਂ ਨੇ ਖੇਤਰ ਵਿੱਚ ਪਸ਼ੂਆਂ ਦੀ ਚੰਗੀ ਸਿਹਤ ਸੇਵਾ ਯਕੀਨੀ ਬਣਾਉਣ ਲਈ ਪਸ਼ੂ ਹਸਪਤਾਲ ਨੂੰ 30 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ, ਐਸ.ਡੀ.ਐਮ. ਜਸਲੀਨ ਕੌਰ ਭੁੱਲਰ, ਜ਼ਿਲ੍ਹਾ ਖੇਡ ਅਧਿਕਾਰੀ ਕੁਲਦੀਪ ਚੁੱਘ, ਕਿਲਾ ਰਾਏਪੁਰ ਸਪੋਰਟਸ ਸੋਸਾਇਟੀ ਦੇ ਨੁਮਾਇੰਦੇ ਅਤੇ ਪੰਜਾਬ ਭਰ ਤੋਂ ਆਈਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।
19 ਫਰਵਰੀ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਵਿੱਚ ਬੈਲ ਗੱਡੀ ਦੌੜਾਂ ਦੇ ਨਾਲ-ਨਾਲ ਕਬੱਡੀ, ਹਾਕੀ, ਐਥਲੈਟਿਕਸ, ਸਾਈਕਲਿੰਗ, ਰੱਸਾਕਸ਼ੀ ਅਤੇ ਹੋਰ ਕਈ ਰਵਾਇਤੀ ਮੁਕਾਬਲੇ ਵੀ ਸ਼ਾਮਲ ਹਨ। ਬੈਲ ਗੱਡੀ ਦੌੜਾਂ ਦੀ ਵਾਪਸੀ ਨੇ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਵਿੱਚ ਖਾਸ ਉਤਸ਼ਾਹ ਪੈਦਾ ਕੀਤਾ ਹੈ।
