
ਰਾਜਸਥਾਨ, 16 ਫਰਬਰੀ 2026: ਰਾਜਸਥਾਨ ਦੇ ਭਿਵਾੜੀ ਵਿੱਚ ਇਕ ਭਿਆਨਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਖੈਰਥਲ-ਤਿਜਾਰਾ ਦੇ ਖੁਸ਼ਖੇੜਾ ਕਰੌਲੀ ਉਦਯੋਗਿਕ ਖੇਤਰ ਵਿੱਚ ਸਥਿਤ ਇਕ ਕੈਮੀਕਲ ਫੈਕਟਰੀ ਵਿੱਚ ਸੋਮਵਾਰ ਸਵੇਰੇ ਭਾਰੀ ਧਮਾਕਾ ਹੋਇਆ। ਇਸ ਦਰਦਨਾਕ ਘਟਨਾ ਵਿੱਚ 8 ਲੋਕ ਜ਼ਿੰਦਾ ਸੜ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ, ਹਾਦਸੇ ਵੇਲੇ ਫੈਕਟਰੀ ਵਿੱਚ ਕਰੀਬ 20 ਤੋਂ 25 ਮਜ਼ਦੂਰ ਮੌਜੂਦ ਸਨ।
10 ਤੋਂ ਵੱਧ ਲੋਕਾਂ ਦੇ ਫਸੇ ਹੋਣ ਦੀ ਆਸ਼ੰਕਾ
ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ ਕਾਰਨ 10 ਤੋਂ ਵੱਧ ਲੋਕਾਂ ਦੇ ਅੰਦਰ ਫਸੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਖੁਸ਼ਖੇੜਾ ਅਤੇ ਭਿਵਾੜੀ ਰਿਕੋ ਫਾਇਰ ਸਟੇਸ਼ਨਾਂ ਤੋਂ ਅੱਗ ਬੁਝਾਊ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਲਗਭਗ ਡੇਢ ਘੰਟੇ ਦੀ ਮੁਸ਼ਕਲ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।ਤਿਜਾਰਾ ਦੇ ਡੀਐਸਪੀ ਸ਼ਿਵਰਾਜ ਸਿੰਘ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਚੁੱਕੇ ਹਨ। ਭਿਵਾੜੀ ਦੇ ਐਸਪੀ ਅਤੇ ਏਡੀਐਮ ਦੇ ਵੀ ਜਲਦ ਮੌਕੇ ‘ਤੇ ਪਹੁੰਚਣ ਦੀ ਉਮੀਦ ਹੈ। ਸੀਨੀਅਰ ਅਧਿਕਾਰੀਆਂ ਦੇ ਬਿਆਨਾਂ ਤੋਂ ਬਾਅਦ ਹੀ ਪੂਰੀ ਸਥਿਤੀ ਸਪੱਸ਼ਟ ਹੋਵੇਗੀ।
ਕਈ ਮਹੀਨਿਆਂ ਤੋਂ ਬੰਦ ਸੀ ਫੈਕਟਰੀਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੁਮਿਤਾ ਮਿਸ਼ਰਾ ਦੇ ਅਨੁਸਾਰ, ਨਿਯਮਤ ਗਸ਼ਤ ਦੌਰਾਨ ਪੁਲਿਸ ਟੀਮ ਨੇ ਫੈਕਟਰੀ ਵਿੱਚ ਅੱਗ ਲੱਗੀ ਹੋਈ ਦੇਖੀ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਉਸ ਸਮੇਂ ਫੈਕਟਰੀ ਦੇ ਅੰਦਰ 9 ਲੋਕ ਫਸੇ ਹੋਏ ਸਨ।
ਸਥਾਨਕ ਲੋਕਾਂ ਮੁਤਾਬਕ, ਇਹ ਫੈਕਟਰੀ ਕਈ ਮਹੀਨਿਆਂ ਤੋਂ ਬੰਦ ਪਈ ਸੀ ਅਤੇ ਅਚਾਨਕ ਅੱਗ ਲੱਗ ਗਈ। ਅੰਦਰ ਗੱਤੇ ਦਾ ਵੱਡਾ ਸਟਾਕ ਮੌਜੂਦ ਸੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਕਿਹਾ ਕਿ 3 ਤੋਂ 4 ਤੇਜ਼ ਧਮਾਕਿਆਂ ਤੋਂ ਬਾਅਦ ਅੱਗ ਭੜਕ ਉੱਠੀ। ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਅਜੇ ਤੱਕ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ।
