Saturday, May 23Punjabi People

ਪੰਜਾਬ ਸਰਕਾਰ ਨੇ ‘ਸਾਡੇ ਬਜ਼ੁਰਗ, ਸਾਡਾ ਮਾਣ’ ਦੇ ਸੁਨੇਹੇ ਨੂੰ ਅੱਗੇ ਵਧਾਉਂਦਿਆਂ 2025-26 ਦੌਰਾਨ ਬੁਢਾਪਾ ਪੈਨਸ਼ਨ ਯੋਜਨਾ ਲਈ 3,806 ਕਰੋੜ ਰੁਪਏ ਜਾਰੀ ਕੀਤੇ, ਡਾ. ਬਲਜੀਤ ਕੌਰ

ਚੰਡੀਗੜ੍ਹ, 11 ਫਰਵਰੀ 2026: ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਬਜ਼ੁਰਗਾਂ ਨੂੰ ਸਮਾਜ ਦੀ ਅਹਿਮ ਧੁਰਿ ਮੰਨਦੀ ਹੈ ਅਤੇ ਉਨ੍ਹਾਂ ਨੂੰ ਆਪਣੀ ਵਿਰਾਸਤ ਤੇ ਮਾਣ ਦਾ ਪ੍ਰਤੀਕ ਸਮਝਦੀ ਹੈ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2025-26 ਦੌਰਾਨ ਜਨਵਰੀ 2026 ਤੱਕ ਬੁਢਾਪਾ ਪੈਨਸ਼ਨ ਯੋਜਨਾ ਹੇਠ 3,806 ਕਰੋੜ ਰੁਪਏ ਤੋਂ ਵੱਧ ਰਕਮ ਜਾਰੀ ਕੀਤੀ ਗਈ ਹੈ, ਜਿਸ ਨਾਲ “ਸਾਡੇ ਬਜ਼ੁਰਗ, ਸਾਡਾ ਮਾਣ” ਦੇ ਨਾਅਰੇ ਨੂੰ ਹਕੀਕਤ ਬਣਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ 23.62 ਲੱਖ ਤੋਂ ਵੱਧ ਯੋਗ ਬਜ਼ੁਰਗ ਲਾਭਪਾਤਰੀਆਂ ਨੂੰ ਨਿਯਮਤ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਹਰ ਹੱਕਦਾਰ ਬਜ਼ੁਰਗ ਨੂੰ ਮਹੀਨੇ ਦੇ 1500 ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਆਪਣੀ ਜ਼ਿੰਦਗੀ ਇੱਜ਼ਤ, ਸੁਰੱਖਿਆ ਅਤੇ ਖੁਦਮੁਖਤਿਆਰੀ ਨਾਲ ਬਿਤਾ ਸਕਣ।

ਮੰਤਰੀ ਨੇ ਜ਼ੋਰ ਦਿੱਤਾ ਕਿ ਪੈਨਸ਼ਨਾਂ ਦੀ ਸਮੇਂ ਸਿਰ ਅਤੇ ਪਾਰਦਰਸ਼ੀ ਅਦਾਇਗੀ ਲਈ ਸਰਕਾਰ ਵੱਲੋਂ 4,100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਨਾਲ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸੇ ਵੀ ਬਜ਼ੁਰਗ ਨੂੰ ਆਪਣੀ ਯੋਗ ਰਕਮ ਪ੍ਰਾਪਤ ਕਰਨ ਵਿੱਚ ਕੋਈ ਰੁਕਾਵਟ ਨਾ ਆਵੇ।

ਡਾ. ਬਲਜੀਤ ਕੌਰ ਨੇ ਵਿਭਾਗੀ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਪੈਨਸ਼ਨਾਂ ਦੀ ਅਦਾਇਗੀ ਵਿੱਚ ਦੇਰੀ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕਿਸੇ ਪੱਧਰ ‘ਤੇ ਕੁਤਾਹੀ ਪਾਈ ਗਈ ਤਾਂ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਬਜ਼ੁਰਗ ਪੰਜਾਬ ਦੇ ਸੱਭਿਆਚਾਰਕ ਵਿਰਸੇ, ਤਜਰਬੇ ਅਤੇ ਮੁੱਲਾਂ ਦੇ ਸੱਚੇ ਰਖਵਾਲੇ ਹਨ। ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਉਨ੍ਹਾਂ ਦੀ ਭਲਾਈ, ਸੁਰੱਖਿਆ ਅਤੇ ਸਨਮਾਨ ਬਹੁਤ ਮਹੱਤਵਪੂਰਨ ਹੈ। ਸਰਕਾਰ ਇਸ ਗੱਲ ਲਈ ਵਚਨਬੱਧ ਹੈ ਕਿ ਹਰ ਬਜ਼ੁਰਗ ਨਾਗਰਿਕ ਬਿਨਾਂ ਕਿਸੇ ਚਿੰਤਾ ਦੇ, ਪੂਰੇ ਸਨਮਾਨ ਅਤੇ ਮਜ਼ਬੂਤ ਸਰਕਾਰੀ ਸਹਾਇਤਾ ਨਾਲ ਆਪਣੀ ਜ਼ਿੰਦਗੀ ਬਿਤਾ ਸਕੇ, ਤਾਂ ਜੋ ਪੰਜਾਬ ਤਰੱਕੀਸ਼ੀਲ ਅਤੇ ਖੁਸ਼ਹਾਲ ਬਣਿਆ ਰਹੇ।

Leave a Reply

Your email address will not be published. Required fields are marked *