ਮੋਹਾਲੀ ਦੇ ਆਰੀਅਨ ਦੱਤ ਨੂੰ ਭਾਰਤੀ ਫੌਜ ਦੀ ਮਸ਼ਹੂਰ 4 ਹੌਰਸ ਰੈਜੀਮੈਂਟ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਨਿਯੁਕਤੀ ਮਿਲੀ
ਚੰਡੀਗੜ੍ਹ, 7 ਮਾਰਚ 2026: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮਆਰਐਸਏਐਫਪੀਆਈ) ਦੇ 8ਵੇਂ ਕੋਰਸ ਦੇ ਕੈਡਿਟ ਆਰੀਅਨ ਦੱਤ ਨੂੰ ਅੱਜ ਆਫੀਸਰਜ਼ ਟ੍ਰੇਨਿੰਗ ਅਕੈਡਮੀ (ਓਟੀਏ), ਗਯਾ ਵਿੱਚ ਹੋਈ ਪਾਸਿੰਗ ਆਊਟ ਪਰੇਡ ਦੌਰਾਨ ਭਾਰਤੀ ਫੌਜ ਦੀ ਮਾਣਯੋਗ 4 ਹੌਰਸ ਰੈਜੀਮੈਂਟ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਨਿਯੁਕਤੀ ਮਿਲੀ। ਇਸ ਮੌਕੇ ਪਰੇਡ ਦਾ ਨਿਰੀਖਣ ਲੈਫਟੀਨੈਂਟ ਜਨਰਲ ਧੀਰਜ ਸੇਠ, ਪੀਵੀਐਸਐਮ, ਏਵੀਐਸਐਮ, ਜੀਓਸੀ-ਇਨ-ਸੀ, ਦੱਖਣੀ ਕਮਾਂਡ ਵੱਲੋਂ ਕੀਤਾ ਗਿਆ।
ਆਰੀਅਨ ਦੱਤ ਹੁਣ ਰਸਮੀ ਤੌਰ ‘ਤੇ ਭਾਰਤੀ ਫੌਜ ਦੇ ਅਧਿਕਾਰੀ ਬਣ ਗਏ ਹਨ। ਉਹ ਮੋਹਾਲੀ ਦੇ ਰਹਿਣ ਵਾਲੇ ਹਨ ਅਤੇ ਪ੍ਰੈਕਟਿਸਿੰਗ ਵਕੀਲ ਸ੍ਰੀਮਤੀ ਸੰਗੀਤਾ ਦੱਤ ਅਤੇ ਮਰਹੂਮ ਕਮਾਂਡਰ ਅਮਿਤਾਭ ਦੱਤ ਦੇ ਪੁੱਤਰ ਹਨ। ਆਰੀਅਨ ਨੇ ਫੌਜੀ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਪਰਿਵਾਰ ਦੀ ਦੂਜੀ ਪੀੜ੍ਹੀ ਵਜੋਂ ਸੈਨਿਕ ਅਧਿਕਾਰੀ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੇ ਪਿਤਾ ਨੇ ਭਾਰਤੀ ਜਲ ਸੈਨਾ ਵਿੱਚ ਕਮਾਂਡਰ ਵਜੋਂ ਸੇਵਾ ਨਿਭਾਈ ਸੀ ਅਤੇ 2017 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
...









