
ਚੰਡੀਗੜ੍ਹ, 5 ਫਰਵਰੀ 2026: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਬੀਤੀ ਸ਼ਾਮ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਕੈਨੇਡਾ ਤੋਂ ਆਏ ਇੱਕ ਉੱਚ ਪੱਧਰੀ ਵਫ਼ਦ ਦੀ ਸਰਕਾਰੀ ਤੌਰ ‘ਤੇ ਮੇਜ਼ਬਾਨੀ ਕੀਤੀ। ਨਵੀਂ ਦਿੱਲੀ ਸਥਿਤ ਕੈਨੇਡਾ ਦੇ ਹਾਈ ਕਮਿਸ਼ਨ ਦੀ ਰਸਮੀ ਬੇਨਤੀ ਅਨੁਸਾਰ ਆਯੋਜਿਤ ਇਸ ਮਹੱਤਵਪੂਰਨ ਮੀਟਿੰਗ ਦਾ ਮੁੱਖ ਉਦੇਸ਼ ਪੰਜਾਬ ਅਤੇ ਕੈਨੇਡਾ ਦੇ ਅਲਬਰਟਾ ਸੂਬੇ ਦਰਮਿਆਨ ਅੰਤਰਰਾਸ਼ਟਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਅਤੇ ਆਰਥਿਕ ਸਾਂਝ ਨੂੰ ਨਵੀਂ ਉਚਾਈਆਂ ‘ਤੇ ਲਿਜਾਣਾ ਸੀ।
ਕੈਨੇਡੀਅਨ ਵਫ਼ਦ ਦੀ ਅਗਵਾਈ ਅਲਬਰਟਾ ਸਰਕਾਰ ਦੀ ਸਵਦੇਸ਼ੀ ਸਬੰਧਾਂ ਬਾਰੇ ਮੰਤਰੀ ਰਾਜਨ ਸਾਹਨੀ ਨੇ ਕੀਤੀ। ਵਫ਼ਦ ਵਿੱਚ ਪ੍ਰੀਮੀਅਰ ਦਫ਼ਤਰ ਦੇ ਸਟੇਕਹੋਲਡਰਜ਼ ਐਡਮਿਨਿਸਟ੍ਰੇਟਰ ਜਤਿੰਦਰ ਸਿੰਘ ਤਤਲਾ, ਅਲਬਰਟਾ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੇ ਸੀਨੀਅਰ ਸਲਾਹਕਾਰ ਹੈਪੀ ਮਾਨ, ਸਵਦੇਸ਼ੀ ਸਬੰਧਾਂ ਵਿਭਾਗ ਦੀ ਕਾਰਜਕਾਰੀ ਨਿਰਦੇਸ਼ਕ ਜੇਨੇਵੀਵ ਟਰਕੋਟ, ਜਗਰੂਪ ਕਾਲੋਂ, ਜਸਵਿੰਦਰ ਗਰੇਵਾਲ ਅਤੇ ਪੁਨੀਤ ਕੁਮਾਰ ਗੋਇਲ ਵਰਗੀਆਂ ਪ੍ਰਮੁੱਖ ਹਸਤੀਆਂ ਵੀ ਸ਼ਾਮਲ ਸਨ।
ਮੀਟਿੰਗ ਦੌਰਾਨ ‘ਇਨਵੈਸਟ ਪੰਜਾਬ’ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸੂਬੇ ਵਿੱਚ ਨਿਵੇਸ਼ ਨਾਲ ਜੁੜੇ ਵਿਸਤ੍ਰਿਤ ਮੌਕਿਆਂ ਬਾਰੇ ਇੱਕ ਵਿਸਥਾਰਪੂਰਕ ਪੇਸ਼ਕਾਰੀ ਦਿੱਤੀ ਗਈ। ਵਫ਼ਦ ਨੂੰ ਵੀਡੀਓ ਅਤੇ ਪਾਵਰਪੁਆਇੰਟ ਪ੍ਰੈਜ਼ੈਂਟੇਸ਼ਨ ਰਾਹੀਂ ਪੰਜਾਬ ਦੇ ਉਦਯੋਗਿਕ ਢਾਂਚੇ, ਨੀਤੀਗਤ ਸੁਧਾਰਾਂ ਅਤੇ ਸੂਬਾ ਸਰਕਾਰ ਵੱਲੋਂ ‘ਈਜ਼ ਆਫ ਡੂਇੰਗ ਬਿਜ਼ਨਸ’ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਠੋਸ ਕਦਮਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਅਲਬਰਟਾ ਸਰਕਾਰ ਦੀ ਮੰਤਰੀ ਰਾਜਨ ਸਾਹਨੀ ਨੇ ‘ਇਨਵੈਸਟ ਪੰਜਾਬ’ ਦੀ ਕਾਰਜ ਪ੍ਰਣਾਲੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਫ਼ਦ ਪੰਜਾਬ ਦੇ ਉਦਯੋਗ-ਮਿੱਤਰ ਮਾਹੌਲ ਅਤੇ ਸਰਕਾਰ ਦੀ ਸਰਗਰਮ ਪਹੁੰਚ ਨੂੰ ਨੇੜੇ ਤੋਂ ਸਮਝਣ ਦਾ ਇੱਛੁਕ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਅਪਣਾਈ ਗਈ ਨੀਤੀਆਂ ਕਾਬਲੇ-ਤਾਰੀਫ਼ ਹਨ।
ਉਨ੍ਹਾਂ ਅੱਗੇ ਕਿਹਾ ਕਿ ਅਲਬਰਟਾ ਵਫ਼ਦ ਦਾ ਇਹ ਦੌਰਾ ‘ਇੰਡੀਆ ਐਨਰਜੀ ਵੀਕ’ ਨਾਲ ਸੰਬੰਧਤ ਇੱਕ ਵੱਡੇ ਭਾਰਤ ਮਿਸ਼ਨ ਦਾ ਅਹਿਮ ਹਿੱਸਾ ਹੈ, ਜਿਸ ਤਹਿਤ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਕੇਂਦਰਾਂ ‘ਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਨਿੱਜੀ ਖੇਤਰ ਦੇ ਭਾਈਵਾਲਾਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਤਕਨਾਲੋਜੀ, ਨਵੀਨਤਾ ਅਤੇ ਸਾਫ਼ ਊਰਜਾ ਅਜਿਹੇ ਖੇਤਰ ਹਨ ਜਿੱਥੇ ਅਲਬਰਟਾ ਅਤੇ ਪੰਜਾਬ ਮਿਲ ਕੇ ਦੁਵੱਲੇ ਵਿਕਾਸ ਲਈ ਕੰਮ ਕਰ ਸਕਦੇ ਹਨ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਲੰਬੇ ਸਮੇਂ ਦੀਆਂ ਅਜਿਹੀਆਂ ਅੰਤਰਰਾਸ਼ਟਰੀ ਸਾਂਝੇਦਾਰੀਆਂ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜੋ ਸਿਰਫ਼ ਵਪਾਰ ਤੱਕ ਸੀਮਤ ਨਾ ਰਹਿਣ, ਸਗੋਂ ਟਿਕਾਊ ਵਿਕਾਸ, ਰੋਜ਼ਗਾਰ ਸਿਰਜਣਾ ਅਤੇ ਸਾਂਝੀ ਖੁਸ਼ਹਾਲੀ ਨੂੰ ਪ੍ਰੋਤਸਾਹਨ ਦੇਣ। ਉਨ੍ਹਾਂ ਦੱਸਿਆ ਕਿ ਨਵੀਨਤਾ-ਅਧਾਰਿਤ ਵਿਕਾਸ ਰਾਹੀਂ ਦੋਹਾਂ ਸੂਬਿਆਂ ਦੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪੰਜਾਬ ਤਿਆਰ ਹੈ।
ਇਸ ਮੌਕੇ ਵਿੱਤ ਮੰਤਰੀ ਦੇ ਨਾਲ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ, ਉਦਯੋਗ ਸਕੱਤਰ ਮਹਿੰਦਰ ਪਾਲ, ਇਨਵੈਸਟ ਪੰਜਾਬ ਦੇ ਵਧੀਕ ਸੀ.ਈ.ਓ. ਰੁਬਿੰਦਰਜੀਤ ਸਿੰਘ ਬਰਾੜ, ਬਿਜਲੀ ਵਿਭਾਗ ਦੀ ਵਿਸ਼ੇਸ਼ ਸਕੱਤਰ ਡਾ. ਸਈਦ ਸਹਿਰਿਸ਼ ਅਸਗਰ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਸਹਿਯੋਗ, ਨਵੀਨਤਾ ਅਤੇ ਆਪਸੀ ਵਿਸ਼ਵਾਸ ਦੇ ਆਧਾਰ ‘ਤੇ ਅਲਬਰਟਾ ਅਤੇ ਪੰਜਾਬ ਵਿਚਕਾਰ ਇੱਕ ਮਜ਼ਬੂਤ ਆਰਥਿਕ ਗਲਿਆਰਾ ਸਥਾਪਿਤ ਕਰਨ ਦੇ ਸਾਂਝੇ ਇਰਾਦੇ ਨੂੰ ਦੁਹਰਾਇਆ ਗਿਆ।
