
ਐਸਏਐਸ ਨਗਰ, 23 ਅਕਤੂਬਰ 2026: ਪੰਜਾਬ ਵਿੱਚ ਪਹਿਲੀ ਵਾਰ ਕਰਵਾਈ ਜਾ ਰਹੀ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਜਾਪਾਨ ਦੀ 18 ਮੈਂਬਰੀ ਪੁਰਸ਼ ਹਾਕੀ ਟੀਮ ਮੁਹਾਲੀ ਪਹੁੰਚ ਗਈ ਹੈ। ਇਹ ਵੱਕਾਰੀ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੁਹਾਲੀ ਵਿਖੇ ਕਰਵਾਇਆ ਜਾਵੇਗਾ। ਜਾਪਾਨੀ ਟੀਮ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਮੁਹਾਲੀ ਪਹੁੰਚਣ ’ਤੇ ਪੰਜਾਬ ਦੇ ਖੇਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਰਵਾਇਤੀ ਪੰਜਾਬੀ ਅੰਦਾਜ਼ ਵਿੱਚ ਨਿੱਘਾ ਸਵਾਗਤ ਕੀਤਾ ਗਿਆ।
ਹਵਾਈ ਅੱਡੇ ’ਤੇ ਟੀਮ ਦੇ ਸਵਾਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਢੋਲ ਦੀ ਤਾਲ ’ਤੇ ਭੰਗੜੇ, ਰਵਾਇਤੀ ਹਾਰਾਂ ਅਤੇ ਪੰਜਾਬੀ ਮਹਿਮਾਨ ਨਿਵਾਜ਼ੀ ਨੇ ਜਾਪਾਨੀ ਖਿਡਾਰੀਆਂ ਦਾ ਸਵਾਗਤ ਯਾਦਗਾਰੀ ਬਣਾ ਦਿੱਤਾ। ਪੰਜਾਬ ਦੇ ਇਸ ਪਿਆਰ ਅਤੇ ਸਤਿਕਾਰ ਤੋਂ ਪ੍ਰਭਾਵਿਤ ਹੋਏ ਮਹਿਮਾਨ ਖਿਡਾਰੀਆਂ ਨੇ ਮੇਜ਼ਬਾਨਾਂ ਦਾ ਧੰਨਵਾਦ ਕੀਤਾ ਅਤੇ ਹਾਕੀ ਲਈ ਵਿਸ਼ੇਸ਼ ਪਛਾਣ ਰੱਖਣ ਵਾਲੀ ਪੰਜਾਬ ਦੀ ਧਰਤੀ ’ਤੇ ਖੇਡਣ ਲਈ ਆਪਣਾ ਉਤਸ਼ਾਹ ਪ੍ਰਗਟਾਇਆ।
ਜਾਪਾਨ ਦੀ ਟੀਮ ਵਿੱਚ 18 ਖਿਡਾਰੀ ਸ਼ਾਮਲ
ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਜਾਪਾਨ ਦੀ ਟੀਮ ਵਿੱਚ ਯਾਮਾਦਾ ਸ਼ੋਟਾ, ਤਨਾਕਾ ਸੇਰੇਨ, ਵਾਤਨਬੇ ਜੂਨ, ਮਾਤਸੁਮੋਟੋ ਕਾਜ਼ੂਮਾਸਾ, ਨਾਗਾਈ ਯੁਮਾ, ਯਾਮਾਸ਼ਿਤਾ ਮਨਾਬੂ, ਫੁਜੀਸ਼ਿਮਾ ਰਾਏਕੀ (ਕਪਤਾਨ), ਨਾਗਯੋਸ਼ੀ ਕੇਨ, ਸੈਤੋ ਹੀਰੋ, ਕਾਸ਼ੀਵਾਗੀ ਰੇਨ, ਤਨਾਕਾ ਸੁਬਾਸਾ, ਓਕਾ ਰਯੋਮਾ, ਕਾਵਾਮੁਰਾ ਯੂਸੁਕੇ, ਕੁਰੋਦਾ ਕਿਸ਼ੋ (ਗੋਲਕੀਪਰ), ਯਾਮਾਨਾਕਾ ਮੋਟੋਯਾ, ਓਚਾਈ ਹਾਰੂਕੀ, ਕਿਤਾਗਾਵਾ ਤਾਕੁਮੀ (ਗੋਲਕੀਪਰ) ਅਤੇ ਫੁਕੁਦਾ ਕੇਂਟਾਰੋ ਸ਼ਾਮਲ ਹਨ।
ਖਿਡਾਰੀਆਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੇ ਠਹਿਰਨ, ਅਭਿਆਸ ਸੈਸ਼ਨਾਂ, ਆਵਾਜਾਈ ਅਤੇ ਸੁਰੱਖਿਆ ਸਮੇਤ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਸਰਕਾਰ ਦਾ ਉਦੇਸ਼ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਅਤੇ ਪੰਜਾਬ ਦੀ ਰਵਾਇਤੀ ਮਹਿਮਾਨ ਨਿਵਾਜ਼ੀ ਮੁਹੱਈਆ ਕਰਵਾਉਣਾ ਹੈ, ਤਾਂ ਜੋ ਉਹ ਬਿਨਾਂ ਕਿਸੇ ਮੁਸ਼ਕਲ ਦੇ ਟੂਰਨਾਮੈਂਟ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਸਕਣ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਪੰਜਾਬ ਪਹਿਲੀ ਵਾਰ ਇਸ ਪੱਧਰ ਦੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਨਾਲ ਸੂਬੇ ਵਿੱਚ ਹਾਕੀ ਨੂੰ ਉਤਸ਼ਾਹਿਤ ਕਰਨ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਪੰਜਾਬ ਦੀ ਖੇਡ ਵਿਰਾਸਤ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਭਾਰਨ ਦਾ ਮੌਕਾ ਮਿਲੇਗਾ।
ਛੇ ਦੇਸ਼ਾਂ ਦੀਆਂ ਟੀਮਾਂ ਲੈਣਗੀਆਂ ਹਿੱਸਾ
ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਮੇਜ਼ਬਾਨ ਭਾਰਤ ਅਤੇ ਜਾਪਾਨ ਤੋਂ ਇਲਾਵਾ ਦੱਖਣੀ ਕੋਰੀਆ, ਚੀਨ, ਮਲੇਸ਼ੀਆ ਅਤੇ ਬੰਗਲਾਦੇਸ਼ ਦੀਆਂ ਟੀਮਾਂ ਵੀ ਹਿੱਸਾ ਲੈਣਗੀਆਂ। ਇਨ੍ਹਾਂ ਪ੍ਰਮੁੱਖ ਏਸ਼ੀਆਈ ਟੀਮਾਂ ਦੀ ਸ਼ਮੂਲੀਅਤ ਨਾਲ ਦਰਸ਼ਕਾਂ ਨੂੰ ਉੱਚ ਪੱਧਰੀ ਅਤੇ ਰੋਮਾਂਚਕ ਹਾਕੀ ਮੁਕਾਬਲੇ ਦੇਖਣ ਨੂੰ ਮਿਲਣ ਦੀ ਉਮੀਦ ਹੈ।
ਟੂਰਨਾਮੈਂਟ ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਹੋਵੇਗੀ, ਜਦਕਿ ਫਾਈਨਲ ਮੁਕਾਬਲਾ 5 ਨਵੰਬਰ ਨੂੰ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਜਲੰਧਰ ਅਤੇ ਮੁਹਾਲੀ ਵਿੱਚ ਹੋਣ ਵਾਲੇ ਇਹ ਮੁਕਾਬਲੇ ਪੰਜਾਬ ਦੇ ਖੇਡ ਪ੍ਰੇਮੀਆਂ ਲਈ ਖ਼ਾਸ ਖਿੱਚ ਦਾ ਕੇਂਦਰ ਰਹਿਣਗੇ।
ਪੰਜਾਬ ਵਿੱਚ ਇਸ ਅੰਤਰਰਾਸ਼ਟਰੀ ਟੂਰਨਾਮੈਂਟ ਦਾ ਆਯੋਜਨ ਸੂਬੇ ਦੀ ਹਾਕੀ ਪ੍ਰਤੀ ਲੰਮੇ ਸਮੇਂ ਤੋਂ ਚਲੀ ਆ ਰਹੀ ਲਗਨ ਅਤੇ ਖੇਡ ਸੱਭਿਆਚਾਰ ਨੂੰ ਨਵੀਂ ਪਛਾਣ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
