
ਨਵੀਂ ਦਿੱਲੀ, 23 ਸਤੰਬਰ 2026: ਭਾਰਤੀ ਜਨਤਾ ਪਾਰਟੀ (BJP) ਨੇ ਆਪਣੇ ਸੰਗਠਨ ਵਿੱਚ ਵੱਡਾ ਫੇਰਬਦਲ ਕਰਦਿਆਂ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਨਵੇਂ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ ਕੁੱਲ 36 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਸੰਗਠਨਾਤਮਕ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ ਹਨ।
ਨਵੀਂ ਸੂਚੀ ਅਨੁਸਾਰ, ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੂੰ ਹਰਿਆਣਾ ਅਤੇ ਛੱਤੀਸਗੜ੍ਹ ਦਾ ਇੰਚਾਰਜ ਬਣਾਇਆ ਗਿਆ ਹੈ। ਰਾਮ ਮਾਧਵ ਨੂੰ ਤਾਮਿਲਨਾਡੂ ਅਤੇ ਉੱਤਰਾਖੰਡ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਵਿਨੋਦ ਤਾਵੜੇ ਨੂੰ ਉੱਤਰ ਪ੍ਰਦੇਸ਼ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਦੀ ਜ਼ਿੰਮੇਵਾਰੀ ਸਤੀਸ਼ ਪੂਨੀਆ ਨੂੰ
ਪੰਜਾਬ ਲਈ ਭਾਜਪਾ ਨੇ ਸਤੀਸ਼ ਪੂਨੀਆ ਨੂੰ ਸੂਬਾ ਇੰਚਾਰਜ ਨਿਯੁਕਤ ਕੀਤਾ ਹੈ। ਉਨ੍ਹਾਂ ਦੇ ਨਾਲ ਵੀਰੇਂਦਰ ਸਚਦੇਵਾ ਅਤੇ ਅਲਕਾ ਗੁਰਜਰ ਨੂੰ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸਤੀਸ਼ ਪੂਨੀਆ ਨੂੰ ਜੰਮੂ-ਕਸ਼ਮੀਰ ਦਾ ਇੰਚਾਰਜ ਵੀ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਤਰੁਣ ਚੁੱਘ ਨੂੰ ਗੁਜਰਾਤ ਦਾ ਇੰਚਾਰਜ ਬਣਾਇਆ ਗਿਆ ਹੈ। ਗੋਆ ਲਈ ਡਾ. ਭਾਰਤੀ ਪ੍ਰਵੀਣ ਪਵਾਰ ਨੂੰ ਇੰਚਾਰਜ ਅਤੇ ਅਨਿਲ ਐਂਟਨੀ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਅਨਿਲ ਐਂਟਨੀ ਨੂੰ ਨਾਗਾਲੈਂਡ ਦਾ ਇੰਚਾਰਜ ਵੀ ਬਣਾਇਆ ਗਿਆ ਹੈ।
ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਵਿਨੋਦ ਤਾਵੜੇ ਨੂੰ
ਭਾਜਪਾ ਨੇ ਉੱਤਰ ਪ੍ਰਦੇਸ਼ ਲਈ ਵਿਨੋਦ ਤਾਵੜੇ ਨੂੰ ਇੰਚਾਰਜ ਬਣਾਇਆ ਹੈ। ਉਨ੍ਹਾਂ ਨਾਲ ਜਗਦੀਸ਼ ਪਟੇਲ, ਮੇਧਾ ਕੁਲਕਰਨੀ, ਪ੍ਰਦੀਪ ਵਰਮਾ ਅਤੇ ਅਨੰਤ ਓਝਾ ਨੂੰ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਦੂਜੇ ਪਾਸੇ, ਦਿੱਲੀ ਦੀ ਜ਼ਿੰਮੇਵਾਰੀ ਵਿਨੈ ਸਹਸ੍ਰਬੁੱਧੇ ਨੂੰ ਦਿੱਤੀ ਗਈ ਹੈ, ਜਦਕਿ ਬਿਹਾਰ ਲਈ ਹਰੀਸ਼ ਦਿਵੇਦੀ ਅਤੇ ਹਿਮਾਚਲ ਪ੍ਰਦੇਸ਼ ਲਈ ਸ਼੍ਰੀਕਾਂਤ ਸ਼ਰਮਾ ਨੂੰ ਇੰਚਾਰਜ ਬਣਾਇਆ ਗਿਆ ਹੈ।
ਭਾਜਪਾ ਵੱਲੋਂ ਕੀਤੀਆਂ ਇਹ ਨਿਯੁਕਤੀਆਂ ਪਾਰਟੀ ਦੇ ਸੂਬਾਈ ਸੰਗਠਨ ਨੂੰ ਨਵੀਆਂ ਜ਼ਿੰਮੇਵਾਰੀਆਂ ਅਨੁਸਾਰ ਪੁਨਰਗਠਿਤ ਕਰਨ ਦੀ ਪ੍ਰਕਿਰਿਆ ਦਾ ਹਿੱਸਾ ਹਨ। ਨਵੀਂ ਸੂਚੀ ਵਿੱਚ ਕਈ ਸੀਨੀਅਰ ਆਗੂਆਂ ਨੂੰ ਇੱਕ ਤੋਂ ਵੱਧ ਸੂਬਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
