Saturday, September 12Punjabi People

ਪੰਜਾਬ ’ਚ ‘ਸਫ਼ਾਈ ਮੁਹਿੰਮ 2.0’ ਨੂੰ 12 ਸਤੰਬਰ ਤੱਕ ਵਧਾਇਆ, 83 ਫੀਸਦੀ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 8 ਸਤੰਬਰ 2026: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸ਼ਹਿਰੀ ਖੇਤਰਾਂ ਨੂੰ ਸਾਫ਼-ਸੁਥਰਾ ਬਣਾਉਣ ਅਤੇ ਸਵੱਛਤਾ ਪ੍ਰਤੀ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਚਲਾਈ ਜਾ ਰਹੀ ਸੂਬਾ ਪੱਧਰੀ ‘ਸਫ਼ਾਈ ਮੁਹਿੰਮ 2.0’ ਨੂੰ ਹੁਣ 12 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ। ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਅਤੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਦੇ ਤੇਜ਼ੀ ਨਾਲ ਨਿਪਟਾਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ।

ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਮੰਗਲਵਾਰ ਨੂੰ ਐਮ.ਸੀ. ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਨਾਗਰਿਕਾਂ ਵੱਲੋਂ ‘ਐਮ-ਸੇਵਾ’ ਐਪ ਰਾਹੀਂ ਕੁੱਲ 6,459 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚੋਂ 5,407 ਸ਼ਿਕਾਇਤਾਂ, ਭਾਵ 83 ਫੀਸਦੀ ਤੋਂ ਵੱਧ, ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।

166 ਸ਼ਹਿਰੀ ਸਥਾਨਕ ਇਕਾਈਆਂ ਮੁਹਿੰਮ ਦੇ ਘੇਰੇ ’ਚ

ਸ. ਬੈਂਸ ਨੇ ਦੱਸਿਆ ਕਿ ‘ਸਫ਼ਾਈ ਮੁਹਿੰਮ 2.0’ ਦੀ ਸ਼ੁਰੂਆਤ 29 ਅਗਸਤ ਨੂੰ ਕੀਤੀ ਗਈ ਸੀ। ਇਸ ਤਹਿਤ ਸੂਬੇ ਦੀਆਂ ਸਾਰੀਆਂ 166 ਸ਼ਹਿਰੀ ਸਥਾਨਕ ਇਕਾਈਆਂ ਨੂੰ ਕਵਰ ਕੀਤਾ ਗਿਆ, ਜਿਨ੍ਹਾਂ ਵਿੱਚ 14 ਨਗਰ ਨਿਗਮ ਅਤੇ 152 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਸ਼ਾਮਲ ਹਨ।

ਮੰਤਰੀ ਨੇ ਕਿਹਾ ਕਿ ਮੁਹਿੰਮ ਦੇ ਆਖਰੀ ਪੜਾਅ ਤੱਕ ਲੋਕਾਂ ਦੀ ਲਗਾਤਾਰ ਵਧ ਰਹੀ ਭਾਗੀਦਾਰੀ ਅਤੇ ‘ਐਮ-ਸੇਵਾ’ ਐਪ ਰਾਹੀਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਇਸ ਨੂੰ 12 ਸਤੰਬਰ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

ਅਗਲੇ ਚਾਰ ਸ਼ਨੀਵਾਰ ਹੋਣਗੀਆਂ ‘ਮੈਗਾ ਸਫ਼ਾਈ ਮੁਹਿੰਮਾਂ’

ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮਕਸਦ ਸਿਰਫ਼ ਮੌਜੂਦਾ ਮੁਹਿੰਮ ਤੱਕ ਸੀਮਤ ਨਹੀਂ ਹੈ, ਸਗੋਂ ਸ਼ਹਿਰਾਂ ਦੀ ਸਫ਼ਾਈ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਨੂੰ ਸਥਾਈ ਅਤੇ ਸੰਸਥਾਗਤ ਰੂਪ ਦੇਣਾ ਵੀ ਹੈ।

ਇਸੇ ਉਦੇਸ਼ ਤਹਿਤ 12 ਸਤੰਬਰ ਤੋਂ ਅਗਲੇ ਚਾਰ ਸ਼ਨੀਵਾਰਾਂ ਨੂੰ ਸੂਬੇ ਦੀਆਂ ਸਾਰੀਆਂ 166 ਸ਼ਹਿਰੀ ਸਥਾਨਕ ਇਕਾਈਆਂ ਵਿੱਚ ਚਾਰ ‘ਮੈਗਾ ਸ਼ਨੀਵਾਰ ਸਫ਼ਾਈ ਮੁਹਿੰਮਾਂ’ ਕਰਵਾਈਆਂ ਜਾਣਗੀਆਂ। ਇਨ੍ਹਾਂ ਮੁਹਿੰਮਾਂ ਵਿੱਚ ਗੈਰ-ਸਰਕਾਰੀ ਸੰਗਠਨਾਂ (NGOs), ਮਾਰਕੀਟ ਐਸੋਸੀਏਸ਼ਨਾਂ, ਯੂਥ ਕਲੱਬਾਂ, ਧਾਰਮਿਕ ਸੰਗਠਨਾਂ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ਨੀਵਾਰ ਸਵੇਰੇ ਸਿਰਫ਼ ਦੋ ਤੋਂ ਤਿੰਨ ਘੰਟੇ ਕੱਢ ਕੇ ਆਪਣੇ ਪਾਰਕਾਂ, ਬਾਜ਼ਾਰਾਂ ਅਤੇ ਆਂਢ-ਗੁਆਂਢ ਦੀ ਸਫ਼ਾਈ ਵਿੱਚ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦਾ ਸਹਿਯੋਗ ਕਰਨ।

ਕੂੜੇ ਦੇ ਵੱਡੇ ਢੇਰਾਂ ਨੂੰ ਮੁੜ ਬਣਨ ਤੋਂ ਰੋਕਣ ਲਈ ਘਰ-ਘਰ ਕੂੜਾ ਇਕੱਠਾ ਕਰਨ ’ਤੇ ਜ਼ੋਰ

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ਼ਹਿਰਾਂ ਵਿੱਚ ਕੂੜੇ ਦੇ ਵੱਡੇ ਢੇਰਾਂ ਜਾਂ Garbage Vulnerable Points (GVPs) ਨੂੰ ਮੁੜ ਬਣਨ ਤੋਂ ਰੋਕਣ ਲਈ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਨੂੰ ਵੱਡੇ ਪੱਧਰ ’ਤੇ ਲਾਗੂ ਕੀਤਾ ਗਿਆ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਸੜਕਾਂ, ਖਾਲੀ ਥਾਵਾਂ ਜਾਂ ਹੋਰ ਜਨਤਕ ਸਥਾਨਾਂ ’ਤੇ ਸੁੱਟਣ ਦੀ ਬਜਾਏ ਕੁਲੈਕਸ਼ਨ ਵੈਨ ਦੇ ਆਉਣ ਤੱਕ ਆਪਣੇ ਘਰ ਵਿੱਚ ਹੀ ਸੰਭਾਲ ਕੇ ਰੱਖਣ।

ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਾਗਰੂਕਤਾ ਪੜਾਅ ਤੋਂ ਬਾਅਦ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਜੁਰਮਾਨੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸਵੱਛਤਾ ਨੂੰ ਕਾਇਮ ਰੱਖਣ ਲਈ ਸਿਰਫ਼ ਸਰਕਾਰੀ ਕਰਮਚਾਰੀਆਂ ਦੀ ਮਿਹਨਤ ਕਾਫ਼ੀ ਨਹੀਂ, ਸਗੋਂ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ।

‘ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਫ਼ਾਈ ਮੁਹਿੰਮ ਅਧੂਰੀ’

ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਗੁਰੂਆਂ, ਸੰਤਾਂ ਅਤੇ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ ਅਤੇ ਇਸ ਨੂੰ ਸਾਫ਼-ਸੁਥਰਾ ਰੱਖਣਾ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ।

ਉਨ੍ਹਾਂ ਕਿਹਾ ਕਿ ਮੁਹਿੰਮ ਨੇ ਇਹ ਸਾਬਤ ਕੀਤਾ ਹੈ ਕਿ ਲੋਕਾਂ ਦੀ ਸਰਗਰਮ ਭਾਗੀਦਾਰੀ ਤੋਂ ਬਿਨਾਂ ਸ਼ਹਿਰਾਂ ਵਿੱਚ ਸਥਾਈ ਸਵੱਛਤਾ ਯਕੀਨੀ ਨਹੀਂ ਬਣਾਈ ਜਾ ਸਕਦੀ। ਉਨ੍ਹਾਂ ਮੁਤਾਬਕ ਸਰਕਾਰ ਦਾ ਉਦੇਸ਼ ਸਿਰਫ਼ ਕੂੜੇ ਦੇ ਢੇਰ ਹਟਾਉਣਾ ਨਹੀਂ, ਬਲਕਿ ਸ਼ਹਿਰੀ ਪੰਜਾਬ ਵਿੱਚ ਸਫ਼ਾਈ ਪ੍ਰਤੀ ਲੋਕਾਂ ਦੀ ਸੋਚ ਅਤੇ ਵਿਵਹਾਰ ਵਿੱਚ ਲੰਬੇ ਸਮੇਂ ਲਈ ਬਦਲਾਅ ਲਿਆਉਣਾ ਹੈ।

ਕੁਰਾਲੀ, ਖਰੜ ਅਤੇ ਨੰਗਲ ਦਾ ਕੀਤਾ ਦੌਰਾ

ਸ. ਬੈਂਸ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ 10 ਦਿਨਾਂ ਦੌਰਾਨ ਨਿੱਜੀ ਤੌਰ ’ਤੇ ਕੁਰਾਲੀ, ਖਰੜ ਅਤੇ ਨੰਗਲ ਸਮੇਤ ਕਈ ਕਸਬਿਆਂ ਦਾ ਦੌਰਾ ਕੀਤਾ ਅਤੇ ਰੋਜ਼ਾਨਾ ਦੋ ਤੋਂ ਤਿੰਨ ਘੰਟੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਉਨ੍ਹਾਂ ਸਫ਼ਾਈ ਸੇਵਕਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਨਾਗਰਿਕਾਂ ਦੇ ਸਹਿਯੋਗ ਤੋਂ ਬਿਨਾਂ ਸਰਕਾਰ ਅਤੇ ਸਫ਼ਾਈ ਕਰਮਚਾਰੀਆਂ ਦੀਆਂ ਬਿਹਤਰੀਨ ਕੋਸ਼ਿਸ਼ਾਂ ਵੀ ਟਿਕਾਊ ਨਤੀਜੇ ਨਹੀਂ ਦੇ ਸਕਦੀਆਂ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਨੂੰ ਜਾਪਾਨ ਵਰਗੇ ਸਾਫ਼-ਸੁਥਰੇ ਸ਼ਹਿਰਾਂ ਦੀ ਤਰਜ਼ ’ਤੇ ਵਿਕਸਤ ਕਰਨ ਲਈ ਨਾਗਰਿਕ ਸੂਝ, ਜ਼ਿੰਮੇਵਾਰੀ ਅਤੇ ਸਾਂਝੀ ਭਾਗੀਦਾਰੀ ਬੇਹੱਦ ਜ਼ਰੂਰੀ ਹੈ।

ਮੁਹਿੰਮ ਦੀ ਸਫ਼ਲਤਾ ਲਈ ਅਧਿਕਾਰੀਆਂ ਅਤੇ ਸਟਾਫ ਦਾ ਧੰਨਵਾਦ

ਸਥਾਨਕ ਸਰਕਾਰਾਂ ਮੰਤਰੀ ਨੇ ਮੁਹਿੰਮ ਦੌਰਾਨ ਅਣਥੱਕ ਮਿਹਨਤ ਕਰਨ ਲਈ ਵਿਧਾਇਕਾਂ, ਡਿਪਟੀ ਕਮਿਸ਼ਨਰਾਂ, ਨਗਰ ਨਿਗਮ ਕਮਿਸ਼ਨਰਾਂ, ਕੌਂਸਲਰਾਂ ਅਤੇ ਸੈਨੀਟੇਸ਼ਨ ਸਟਾਫ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਮੁਹਿੰਮ ਦੇ ਮੁਕੰਮਲ ਹੋਣ ਤੋਂ ਬਾਅਦ ਸਥਾਈ ਤੌਰ ’ਤੇ ਹਟਾਏ ਗਏ ਕੂੜੇ ਦੇ ਵੱਡੇ ਢੇਰਾਂ (GVPs) ਦੀਆਂ ਤਸਵੀਰਾਂ ਅਤੇ ਵਿਸਤ੍ਰਿਤ ਡੇਟਾ ਵਿਸ਼ਲੇਸ਼ਣ ਵੀ ਪੇਸ਼ ਕੀਤਾ ਜਾਵੇਗਾ, ਤਾਂ ਜੋ ਮੁਹਿੰਮ ਦੇ ਨਤੀਜਿਆਂ ਦਾ ਤੱਥਾਂ ਦੇ ਆਧਾਰ ’ਤੇ ਮੁਲਾਂਕਣ ਕੀਤਾ ਜਾ ਸਕੇ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ‘ਸਫ਼ਾਈ ਮੁਹਿੰਮ 2.0’ ਸਿਰਫ਼ ਇੱਕ ਅਸਥਾਈ ਮੁਹਿੰਮ ਨਹੀਂ, ਸਗੋਂ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਸਵੱਛਤਾ ਲਈ ਲੰਬੇ ਸਮੇਂ ਦੀ ਕੋਸ਼ਿਸ਼ ਦੀ ਸ਼ੁਰੂਆਤ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਬਜ਼ੁਰਗਾਂ ਦੇ ਆਸ਼ੀਰਵਾਦ ਅਤੇ ਨੌਜਵਾਨਾਂ ਦੀ ਊਰਜਾ ਨਾਲ ਪੰਜਾਬ ਸ਼ਹਿਰੀ ਸੈਨੀਟੇਸ਼ਨ ਦੇ ਖੇਤਰ ਵਿੱਚ ਨਵਾਂ ਮਾਪਦੰਡ ਸਥਾਪਤ ਕਰੇਗਾ।

Leave a Reply

Your email address will not be published. Required fields are marked *