
ਚੰਡੀਗੜ੍ਹ, 7 ਮਾਰਚ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਦੇ ਤਹਿਤ ਐਸ.ਐਸ.ਪੀ. ਦਫ਼ਤਰ ਬਰਨਾਲਾ ਦੀ ਸੀ.ਆਰ.ਸੀ. ਸ਼ਾਖਾ ਵਿੱਚ ਤਾਇਨਾਤ ਸੀਨੀਅਰ ਸਹਾਇਕ ਦਵਿੰਦਰ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਸਮੇਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਦਾਨਗੜ੍ਹ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੁਲਾਰੇ ਮੁਤਾਬਕ ਸ਼ਿਕਾਇਤਕਰਤਾ ਸਹਾਇਕ ਸਬ-ਇੰਸਪੈਕਟਰ ਵਜੋਂ ਡਿਊਟੀ ਕਰ ਰਿਹਾ ਹੈ ਅਤੇ ਉਸ ਨੇ ਆਪਣੀ ਨੌਕਰੀ ਦੇ ਸੇਵਾ ਕਾਲ ਵਿੱਚ ਵਾਧਾ ਕਰਵਾਉਣ ਲਈ ਅਰਜ਼ੀ ਦਿੱਤੀ ਸੀ। ਉਸ ਦਾ ਦੋਸ਼ ਹੈ ਕਿ ਸੀਨੀਅਰ ਸਹਾਇਕ ਦਵਿੰਦਰ ਸਿੰਘ ਨੇ ਉਸਦੀ ਫਾਈਲ ਅੱਗੇ ਵਧਾਉਣ ਅਤੇ ਸੇਵਾ ਕਾਲ ਵਿੱਚ ਵਾਧਾ ਕਰਵਾਉਣ ਲਈ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ।
ਸ਼ਿਕਾਇਤਕਰਤਾ ਨੇ ਰਿਸ਼ਵਤ ਦੇ ਕੇ ਆਪਣਾ ਕੰਮ ਕਰਵਾਉਣਾ ਠੀਕ ਨਾ ਸਮਝਿਆ ਅਤੇ ਇਸ ਬਾਰੇ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਕਾਰਵਾਈ ਕਰਦਿਆਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਦੋਸ਼ੀ ਸੀਨੀਅਰ ਸਹਾਇਕ ਦਵਿੰਦਰ ਸਿੰਘ ਨੂੰ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦੇ ਸਮੇਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
