Saturday, May 23Punjabi People

ਮੋਹਾਲੀ ਦੇ ਆਰੀਅਨ ਦੱਤ ਨੂੰ ਭਾਰਤੀ ਫੌਜ ਦੀ ਮਸ਼ਹੂਰ 4 ਹੌਰਸ ਰੈਜੀਮੈਂਟ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਨਿਯੁਕਤੀ ਮਿਲੀ

ਚੰਡੀਗੜ੍ਹ, 7 ਮਾਰਚ 2026: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮਆਰਐਸਏਐਫਪੀਆਈ) ਦੇ 8ਵੇਂ ਕੋਰਸ ਦੇ ਕੈਡਿਟ ਆਰੀਅਨ ਦੱਤ ਨੂੰ ਅੱਜ ਆਫੀਸਰਜ਼ ਟ੍ਰੇਨਿੰਗ ਅਕੈਡਮੀ (ਓਟੀਏ), ਗਯਾ ਵਿੱਚ ਹੋਈ ਪਾਸਿੰਗ ਆਊਟ ਪਰੇਡ ਦੌਰਾਨ ਭਾਰਤੀ ਫੌਜ ਦੀ ਮਾਣਯੋਗ 4 ਹੌਰਸ ਰੈਜੀਮੈਂਟ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਨਿਯੁਕਤੀ ਮਿਲੀ। ਇਸ ਮੌਕੇ ਪਰੇਡ ਦਾ ਨਿਰੀਖਣ ਲੈਫਟੀਨੈਂਟ ਜਨਰਲ ਧੀਰਜ ਸੇਠ, ਪੀਵੀਐਸਐਮ, ਏਵੀਐਸਐਮ, ਜੀਓਸੀ-ਇਨ-ਸੀ, ਦੱਖਣੀ ਕਮਾਂਡ ਵੱਲੋਂ ਕੀਤਾ ਗਿਆ।

ਆਰੀਅਨ ਦੱਤ ਹੁਣ ਰਸਮੀ ਤੌਰ ‘ਤੇ ਭਾਰਤੀ ਫੌਜ ਦੇ ਅਧਿਕਾਰੀ ਬਣ ਗਏ ਹਨ। ਉਹ ਮੋਹਾਲੀ ਦੇ ਰਹਿਣ ਵਾਲੇ ਹਨ ਅਤੇ ਪ੍ਰੈਕਟਿਸਿੰਗ ਵਕੀਲ ਸ੍ਰੀਮਤੀ ਸੰਗੀਤਾ ਦੱਤ ਅਤੇ ਮਰਹੂਮ ਕਮਾਂਡਰ ਅਮਿਤਾਭ ਦੱਤ ਦੇ ਪੁੱਤਰ ਹਨ। ਆਰੀਅਨ ਨੇ ਫੌਜੀ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਪਰਿਵਾਰ ਦੀ ਦੂਜੀ ਪੀੜ੍ਹੀ ਵਜੋਂ ਸੈਨਿਕ ਅਧਿਕਾਰੀ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੇ ਪਿਤਾ ਨੇ ਭਾਰਤੀ ਜਲ ਸੈਨਾ ਵਿੱਚ ਕਮਾਂਡਰ ਵਜੋਂ ਸੇਵਾ ਨਿਭਾਈ ਸੀ ਅਤੇ 2017 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

ਇਹ ਇੰਸਟੀਚਿਊਟ ਲਈ ਵੀ ਮਾਣ ਵਾਲੀ ਗੱਲ ਹੈ ਕਿ ਆਰੀਅਨ ਦੱਤ 4 ਹੌਰਸ ਰੈਜੀਮੈਂਟ ਵਿੱਚ ਕਮਿਸ਼ਨ ਹਾਸਲ ਕਰਨ ਵਾਲੇ ਐਮਆਰਐਸਏਐਫਪੀਆਈ ਦੇ ਪਹਿਲੇ ਕੈਡਿਟ ਬਣੇ ਹਨ। ਇਹ ਰੈਜੀਮੈਂਟ ਆਪਣੀ ਬਹਾਦਰੀ ਅਤੇ ਸ਼ਾਨਦਾਰ ਸੇਵਾ ਰਿਕਾਰਡ ਲਈ ਮਸ਼ਹੂਰ ਹੈ। ਨਾਲ ਹੀ ਇਸਦਾ ਸੰਸਥਾ ਨਾਲ ਖ਼ਾਸ ਨਾਤਾ ਵੀ ਹੈ ਕਿਉਂਕਿ ਇਹ ਇੰਸਟੀਚਿਊਟ ਦੇ ਸੰਸਥਾਪਕ ਡਾਇਰੈਕਟਰ ਮੇਜਰ ਜਨਰਲ ਬੀ.ਐਸ. ਗਰੇਵਾਲ, ਵੀਐਸਐਮ (ਸੇਵਾਮੁਕਤ) ਦੀ ਮੂਲ ਰੈਜੀਮੈਂਟ ਰਹੀ ਹੈ।

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਆਰੀਅਨ ਦੱਤ ਨੂੰ ਇਸ ਮਹੱਤਵਪੂਰਨ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਆਰੀਅਨ ਨੇ ਆਪਣੇ ਪਰਿਵਾਰ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਆਸ ਜਤਾਈ ਕਿ ਆਰੀਅਨ ਦੇਸ਼ ਦੀ ਸੇਵਾ ਵਿੱਚ ਸਮਰਪਿਤ ਰਹਿੰਦਿਆਂ ਪੰਜਾਬ ਨੂੰ ਅੱਗੇ ਵੀ ਮਾਣ ਦਿਵਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕਰੀਅਰ ਦੇ ਵਧੀਆ ਮੌਕੇ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਦੱਸਿਆ ਕਿ ਸੰਸਥਾ ਦੇ 10ਵੇਂ ਕੋਰਸ ਦੇ ਕੈਡਿਟ ਸੁਖਰਾਜ ਸਿੰਘ ਹੀਰਾ ਅਤੇ ਕੈਡੇਟਸ ਟ੍ਰੇਨਿੰਗ ਵਿੰਗ (ਸੀਟੀਡਬਲਯੂ) ਦੇ ਕੈਡਿਟ ਅੰਮ੍ਰਿਤਪਾਲ ਸਿੰਘ ਨੂੰ ਐਸਐਸਸੀ (ਐਨਟੀ)-123 ਕੋਰਸ ਲਈ ਜੁਆਇਨਿੰਗ ਲੈਟਰ ਪ੍ਰਾਪਤ ਹੋਏ ਹਨ। ਦੋਵੇਂ ਕੈਡਿਟ 25 ਮਾਰਚ 2026 ਨੂੰ ਆਫੀਸਰਜ਼ ਟ੍ਰੇਨਿੰਗ ਅਕੈਡਮੀ, ਚੇਨਈ ਵਿੱਚ ਆਪਣੀ ਟ੍ਰੇਨਿੰਗ ਸ਼ੁਰੂ ਕਰਨ ਲਈ ਜੁਆਇਨ ਕਰਨਗੇ।

ਉਨ੍ਹਾਂ ਕਿਹਾ ਕਿ ਆਰੀਅਨ ਦੱਤ ਦੀ ਇਹ ਪ੍ਰਾਪਤੀ ਸੰਸਥਾ ਦੇ ਮੋਟੋ ਨੂੰ ਦਰਸਾਉਂਦੀ ਹੈ ਅਤੇ 4 ਹੌਰਸ ਰੈਜੀਮੈਂਟ ਵਿੱਚ ਉਨ੍ਹਾਂ ਦੀ ਚੋਣ ਉਨ੍ਹਾਂ ਦੀ ਕਾਬਲਿਯਤ ਅਤੇ ਕਠਿਨ ਮਿਹਨਤ ਦਾ ਸਪੱਸ਼ਟ ਸਬੂਤ ਹੈ।

ਮੇਜਰ ਜਨਰਲ ਚੌਹਾਨ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸਟੀਚਿਊਟ ਦੇ 16ਵੇਂ ਕੋਰਸ ਲਈ ਚੋਣ ਪ੍ਰਕਿਰਿਆ ਇਸ ਵੇਲੇ ਜਾਰੀ ਹੈ। ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਦੇ ਇੰਟਰਵਿਊ 16 ਮਾਰਚ 2026 ਤੋਂ ਸ਼ੁਰੂ ਹੋਣਗੇ, ਜਿਸ ਰਾਹੀਂ ਨਵੇਂ ਉਮੀਦਵਾਰਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਕਰੀਅਰ ਬਣਾਉਣ ਦਾ ਮੌਕਾ ਮਿਲੇਗਾ।

Leave a Reply

Your email address will not be published. Required fields are marked *