
ਚੰਡੀਗੜ੍ਹ, 11 ਫਰਵਰੀ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਵਿੱਚ 13 ਤੋਂ 15 ਮਾਰਚ 2026 ਤੱਕ ਹੋਣ ਵਾਲੇ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ’ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਇਸਨੂੰ ਸੂਬੇ ਦੇ ਉਦਯੋਗਿਕ ਵਿਕਾਸ ਲਈ ਮੀਲ ਪੱਥਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਪੰਜਾਬ ਨੂੰ ਉਦਯੋਗਿਕ ਤਰੱਕੀ ਦੇ ਨਵੇਂ ਆਸਮਾਨਾਂ ਤੱਕ ਲੈ ਜਾਵੇਗਾ।
ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੰਮੇਲਨ ਸੂਬੇ ਵਿੱਚ ਨਿਵੇਸ਼ ਨੂੰ ਵੱਡਾ ਉਤਸ਼ਾਹ ਦੇਵੇਗਾ ਅਤੇ ਪੰਜਾਬ ਪਹਿਲਾਂ ਹੀ ਵਿਸ਼ਵ ਪੱਧਰ ‘ਤੇ ਨਿਵੇਸ਼ ਲਈ ਪ੍ਰਮੁੱਖ ਕੇਂਦਰ ਵਜੋਂ ਉਭਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਇਤਿਹਾਸਕ ਸਮਾਗਮ ਉਦਯੋਗਿਕ ਵਾਧੇ ਲਈ ਮਜ਼ਬੂਤ ਮੰਚ ਸਾਬਤ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਉਦਯੋਗਪਤੀਆਂ ਨਾਲ ਵਿਚਾਰ-ਵਟਾਂਦਰੇ ਰਾਹੀਂ ਉਦਯੋਗ-ਪੱਖੀ ਨੀਤੀਆਂ ਅਤੇ ਕਾਰਜ-ਯੋਜਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਉਨ੍ਹਾਂ ਪੰਜਾਬੀਆਂ ਦੀ ਉੱਦਮੀ ਸੋਚ ਅਤੇ ਹਿੰਮਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਆਪਣੀ ਕਾਬਲੀਅਤ ਸਾਬਤ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਵਾਰ ਸੰਮੇਲਨ ਦਾ ਵਿਸ਼ਾ ‘ਪੰਜਾਬ ਮੀਨਜ਼ ਬਿਜ਼ਨਸ – ਪਾਲਿਸੀ ਤੋਂ ਪ੍ਰੈਕਟਿਸ’ ਹੋਵੇਗਾ। ਸੂਬਾ ਸਰਕਾਰ ਵੱਲੋਂ ਦੇਸ਼ ਅਤੇ ਵਿਦੇਸ਼ ਵਿੱਚ ਕਈ ਰੋਡ ਸ਼ੋਅ ਕਰਕੇ ਨਿਵੇਸ਼ਕਾਂ ਨੂੰ ਆਮੰਤ੍ਰਿਤ ਕੀਤਾ ਗਿਆ ਹੈ। ਸੰਮੇਲਨ ਦੌਰਾਨ ਉਦਘਾਟਨੀ ਅਤੇ ਸਮਾਪਨ ਸਮਾਗਮਾਂ ਤੋਂ ਇਲਾਵਾ ਦੇਸ਼-ਵਿਸ਼ੇਸ਼, ਪਲੇਨਰੀ ਅਤੇ ਸੈਕਟਰਲ ਸੈਸ਼ਨ ਵੀ ਆਯੋਜਿਤ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸੰਮੇਲਨ ਨਿਵੇਸ਼ਕਾਂ ਲਈ ਸੁਨਹਿਰਾ ਮੌਕਾ ਹੈ ਅਤੇ ਸੂਬਾ ਸਰਕਾਰ ਵੱਲੋਂ ਵੱਖ-ਵੱਖ ਰਿਆਇਤਾਂ ਦੀ ਪੇਸ਼ਕਸ਼ ਕਰਕੇ ਉਦਯੋਗਾਂ ਨੂੰ ਆਕਰਸ਼ਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ 1.50 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲ ਚੁੱਕੇ ਹਨ, ਜਿਨ੍ਹਾਂ ਨਾਲ ਲਗਭਗ 5.20 ਲੱਖ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਟਾਟਾ ਸਟੀਲ, ਸਨਾਤਨ ਟੈਕਸਟਾਈਲ ਸਮੇਤ ਕਈ ਪ੍ਰਮੁੱਖ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਵਿੱਚ ਦਿਲਚਸਪੀ ਦਿਖਾਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਨੇ ਉਦਯੋਗਿਕ ਪ੍ਰੋਜੈਕਟਾਂ ਲਈ ਤੇਜ਼ ਅਤੇ ਸੁਗਮ ਮਨਜ਼ੂਰੀ ਪ੍ਰਕਿਰਿਆ ਯਕੀਨੀ ਬਣਾਉਣ ਲਈ ਗ੍ਰੀਨ ਸਟੈਂਪ ਪੇਪਰ ਦੀ ਸ਼ੁਰੂਆਤ ਕੀਤੀ ਹੈ।
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਕੋਲ ਉਦਯੋਗ-ਅਨੁਕੂਲ ਮਾਹੌਲ, ਹੁਨਰਮੰਦ ਮਨੁੱਖੀ ਸਰੋਤ ਅਤੇ ਮਜ਼ਬੂਤ ਬਿਜਲੀ ਢਾਂਚਾ ਮੌਜੂਦ ਹੈ। ਬਿਜਲੀ ਉਤਪਾਦਨ ਵਧਾਉਣ ਲਈ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਉਦਯੋਗਾਂ ਨੂੰ ਬਿਨਾ ਰੁਕਾਵਟ ਸਪਲਾਈ ਮਿਲ ਸਕੇ।
ਉਨ੍ਹਾਂ ਕਿਹਾ ਕਿ ਦੇਸ਼ ਅਤੇ ਵਿਦੇਸ਼ ਦੀਆਂ ਅਗੇਵਾਂ ਕੰਪਨੀਆਂ ਦੇ ਪ੍ਰਤੀਨਿਧੀ ਇਸ ਮੈਗਾ ਇਵੈਂਟ ਵਿੱਚ ਸ਼ਾਮਲ ਹੋਣਗੇ। ਸੰਮੇਲਨ ਦੀ ਸਫਲਤਾ ਯਕੀਨੀ ਬਣਾਉਣ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੌਰਾਨ ਉਦਯੋਗ ਨਾਲ ਸੰਬੰਧਤ ਪ੍ਰਦਰਸ਼ਨੀਆਂ, ਸੈਮੀਨਾਰ ਅਤੇ ਤਕਨੀਕੀ ਸੈਸ਼ਨਾਂ ਰਾਹੀਂ ਨਵੀਆਂ ਤਕਨਾਲੋਜੀਆਂ ਅਤੇ ਰਣਨੀਤੀਆਂ ‘ਤੇ ਵੀ ਚਰਚਾ ਹੋਵੇਗੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੰਮੇਲਨ ਦਾ ਲੋਗੋ ਵੀ ਜਾਰੀ ਕੀਤਾ। ਇਸ ਮੌਕੇ ਉਦਯੋਗ ਅਤੇ ਵਪਾਰ ਮੰਤਰੀ ਸੰਜੀਵ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
